For the best experience, open
https://m.punjabitribuneonline.com
on your mobile browser.
Advertisement

ਨਵੇਂ ਰੰਗ ਦੀਆਂ ਕਵਿਤਾਵਾਂ

08:47 AM Oct 06, 2023 IST
ਨਵੇਂ ਰੰਗ ਦੀਆਂ ਕਵਿਤਾਵਾਂ
Advertisement

ਡਾ. ਅਮਰ ਕੋਮਲ
ਇੱਕ ਪੁਸਤਕ - ਇੱਕ ਨਜ਼ਰ
ਕਾਵਿ ਸੰਗ੍ਰਹਿ ‘ਉਦਾਸ ਕਾਮਰੇਡ’ (ਮਨਜਿੰਦਰ ਕਮਲ; ਕੀਮਤ: 150 ਰੁਪਏ; ਚੇਤਨਾ ਪ੍ਰਕਾਸ਼ਨ, ਲੁਧਿਆਣਾ) ਨੂੰ ਅਸੀਂ ਨਵੇਂ ਪੰਜਾਬ ਦੀ ਨਵੀਂ ਰਹਿਣੀ-ਬਹਿਣੀ, ਲੋਕ ਸੋੋਚਣੀ ਦੇ ਭਿੰਨ ਭਿੰਨ ਵਰਤਾਰਿਆਂ ਅਤੇ ਤੇਜ਼ੀ ਨਾਲ ਬਦਲਦੇ ਮਾਹੌਲ ਦੀ ਤਸਵੀਰ ਪੇਸ਼ ਕਰਨ ਵਾਲਾ, ਨਵੇਂ ਰੰਗ ਦੀਆਂ ਨਵੀਆਂ ਕਵਿਤਾਵਾਂ ਦਾ ਗੁਲਦਸਤਾ ਕਹਿ ਸਕਦੇ ਹਾਂ। ਇਹ ਕਵਿਤਾਵਾਂ ਯਥਾਰਥ ਚਿੱਤਰਣ ਹਨ। ਇਹ ਆਲੇ-ਦੁਆਲੇ ਦੇ ਮਾਹੌਲ ਦਾ ਕਾਵਿ ਚਿੱਤਰਣ ਹੀ ਹੈ। ਇਹ ਨਿੱਤ ਵਾਪਰ ਰਹੇ ਜੀਵਨ ਵਿੱਚੋਂ ਕਾਵਿ ਪ੍ਰਸੰਗਾਂ ਨੂੰ ਕਵਿਤਾ ਦਾ ਰੂਪ ਦਿੱਤਾ ਗਿਆ ਹੈ। ਆਲੇ-ਦੁਆਲੇ, ਨੇੜੇ ਤੇੜੇ, ਆਂਢ-ਗੁਆਂਢ ਵਿੱਚ ਸਾਹਮਣੇ ਨਜ਼ਰ ਆਉਂਦੇ ਯਥਾਰਥ ਨੂੰ ਕਵੀ ਆਪਣੇ ਕਾਵਿ ਦਾ ਅੰਗ ਬਣਾਉਂਦਾ ਜਾਂਦਾ ਹੈ।
ਕਾਵਿ-ਸੰਗ੍ਰਹਿ ‘ਉਦਾਸ ਕਾਮਰੇਡ’ ਪਿੰਡ ਦੇ ਆਮ ਲੋਕਾਂ ਦੀਆਂ ਬਾਤਾਂ ਪਾਉਣ ਵਾਲੇ ਲੋਕਾਂ ਦੇ ਜੀਵਨ ਦੀਆਂ ਬਾਤਾਂ ਪਾਉਂਦਾ ਹੈ ਜਵਿੇਂ: ਉਦਾਸ ਕਾਮਰੇਡ, ਚੈਨ, ਚਾਰ ਬੂੰਦਾਂ, ਹਰੀ, ਸ਼ਿਮਲਾ ਨਾਈ, ਬਚਨਾ, ਰੇਛੂ, ਡੰਮੂ, ਸੁਹਾਗਾ, ਨਾਨਕ, ਮੂਲ, ਛੀਂਬਾ ਕਾਮਰੇਡ, ਪ੍ਰਸ਼ਾਦ, ਟੂਣਾ, ਜੜ੍ਹਾਂ, ਖੂਹ, ਆਟਾ ਆਦਿ ਨਾਂ ਦੀਆਂ ਘਟਨਾ-ਪ੍ਰਧਾਨ ਰਚਨਾਵਾਂ ਹਨ। ਇਹ ਕਿਸੇ ਨਾ ਕਿਸੇ ਪ੍ਰਸੰਗ ਨਾਲ ਜੁੜੀਆਂ ਹੋਣ ਕਾਰਨ ਇਹ ਸਾਰੇ ਲੋਕ ‘ਲੋਕ ਨਾਇਕ’ ਬਣ ਕੇ ਕਾਵਿ ਦੇ ਵਿਸ਼ੇ ਬਣਦੇ ਹਨ।
ਇਹ ਸੱਤ ਦਰਜਨ ਤੋਂ ਉਪਰ ਅਜਿਹੇ ਵਿਅਕਤੀ ਹਨ ਜਨਿ੍ਹਾਂ ਦੇ ਨਾਂ ਨਾਲ ਲੋਕਾਂ ਨੇ ਕਿਸੇ ਨਾ ਕਿਸੇ ਕਿਸਮ ਦੀ ਖੁੰਢ-ਚਰਚਾ ਜੋੜ ਰੱਖੀ ਹੈ। ਇਨ੍ਹਾਂ ਸਾਰੇ ਲੋਕਾਂ ਦੇ ਚਰਿੱਤਰ, ਕਵਿਤਾ ਰੂਪ ਵਿੱਚ ਪੇਸ਼ ਕੀਤੇ ਗਏ ਹਨ। ਇਹ ਪੇਂਡੂ ਲੋਕ ਅਜੀਬ ਪਾਤਰ ਹਨ। ਅੱਧੇ-ਅਧੂਰੇ ਹਨ, ਪਰ ਚਰਚਿਤ ਹਨ।
ਹਰ ਕਵਿਤਾ ਪੜ੍ਹਦਿਆਂ ਲੋਕ-ਸਮੱਸਿਆ ਅੱਗੇ ਆ ਜਾਵੇਗੀ। ਜਵਿੇਂ ‘ਬੱਚਤ’ ਨਾਂ ਦੀ ਇਹ ਕਵਿਤਾ ਹੈ:
ਮੰਡੀਓਂ, ਫ਼ਸਲ ਸੁੱਟ ਕੇ ਆਏ ਬਾਪੂ ਨੂੰ
ਉਜਾਗਰ ਸਿੰਘ ਪੁੱਛਦੈ
‘‘ਭਜਨ ਸਿਹਾਂ
ਫ਼ਸਲ ’ਚ ਕੀ ਬੱਚਤ ਹੋਈ’’

Advertisement

... ਬਾਪੂ ਚੁੱਪ ਹੈ...

Advertisement

ਮਾਂ ਮੰਡੀਓਂ ਬਚ ਕੇ ਆਇਆ
ਫੂਸ ਉਡਾ ਰਹੀ ਹੈ।
ਕੁਝ ਹੋਰ ਕਹਿਣ, ਦੱਸਣ, ਪੁੱਛਣ ਦੀ ਲੋੜ ਹੈ?
‘ਉਦਾਸ ਕਾਮਰੇਡ’ ਦੀਆਂ ਸਾਰੀਆਂ ਕਵਿਤਾਵਾਂ ’ਚ ਸਾਰੇ ਆਲੇ-ਦੁਆਲੇ ਦੀਆਂ ਕਵਿਤਾਵਾਂ ਦੀ ਰਮਜ਼ ਇੱਕੋ ਕਵਿਤਾ ਤੋਂ ਪਛਾਣੀ ਜਾ ਸਕਦੀ ਹੈ। ਚਾਰੇ ਪਾਸੇ ਸੰਕਟ ਹੈ। ਪੁਸਤਕ ਵਿਚਲੇ ਚੱਲਦੇ ਫਿਰਦੇ (ਮੁਰਦੇ) ਪਾਤਰ ਕਿਸੇ ਨੂੰ ਲੈ ਲਵੋ: ਉਦਾਸ ਕਾਮਰੇਡ, ਸ਼ਿਮਲਾ ਨਾਈ, ਸੀਰੀ ਦੇ ਭਾਂਡੇ, ਟੂਣਾ, ਸੱਪ ਜਾਂ ਕੁਟੀਆ ਦੇ ਵਿਚ - ਕਿਸੇ ਦੁਖਾਂਤਕ, ਕੰਗਾਲੀ, ਲੁੱਟ, ਧੋਖੇ ਅਥਵਾ ਖੋਟ ਦੀ ਕਹਾਣੀ ਲੋਕ ਜੀਵਨ ਵਿੱਚ ਵਾਪਰਦੀ ਹੈ। ਕੁਝ ਸਤਰਾਂ ਇਹ ਹਨ:
ਕਾਮਰੇਡਾਂ ਨੇ, ਬਚਨੇ ਨੂੰ ਦਿੱਤਾ ਇਕ ਝੰਡਾ
ਜਿਸ ਦਾ ਰੰਗ ਲਾਲ ਸੀ,
ਪਰ ਬਚਨੇ ਦੇ ਮੌਰਾਂ ’ਚ ਪਈਆਂ,
ਡਾਂਗਾਂ ਦਾ ਰੰਗ ਨੀਲਾ ਸੀ...
ਜਨਿ੍ਹਾਂ ਨਸ਼ਿਆਂ ਦਾ ਵਿਉਪਾਰ ਹੁਣ ਆਮ ਹੋ ਗਿਆ ਹੈ, ਇਸ ਨਵੇਂ ਕਾਵਿ ਦੇ ਕੁਝ ਨਮੂਨੇ ਪੇਸ਼ ਹਨ:
ਜੱਟਾਂ ਦਾ ਮੁੰਡਾ, ਨਵਾਂ ਨਵਾਂ ਕਾਮਰੇਡ
ਆੜ੍ਹਤੀ ਨਾਲ ਲੜ ਪਿਆ ਹੈ
ਹੁਣ ਜੇਲ੍ਹ ’ਚ ਹੈ।
* * *
ਤੇ ਕਰਤਾਰਾ ਕਿੱਲਿਆਂ ਦੇ ਕਿੱਲੇ ਝੋਨਾ ਲਾਉਂਦਾ
ਮੱਕੀਆਂ ਗੁੱਡਦਾ, ਚਰੀਆਂ ਕੁਤਰਦਾ
ਜੱਟ, ਉਸ ਨੂੰ ਟੋਕੇ ਦੀਆਂ ਛੁਰੀਆਂ ਦੱਸਦੇ
ਪਰ, ਕਰਤਾਰਾ ਜੱਟਾਂ ਨੂੰ ਫ਼ਰੇਬੀ ਦੱਸਦਾ
ਰਜਿਸਟਰੀ ਵੇਲੇ ਡੇਢ ਕਿੱਲਾ
ਤੇ ਝੋਨੇ ਦੀ ਲਵਾਈ ਵੇਲੇ ਕਿੱਲਾ...
* * *
ਟਰੈਕਟਰ ਨਾਲ ਕੱਦੂ ਕਰਦਿਆਂ
ਇਕ ਟਰੈਕਟਰ ’ਚ ਤੇਲ ਮੁੱਕ ਗਿਆ
ਵੱਟਾਂ ਲਾਉਂਦਾ, ਬਚਨਾ ਬਾਪੂ ਹੱਸਦੈ:
‘‘ਕੋਈ ਨਹੀਂ ਜੱਟਾ
ਸਾਡੀ ਡਰੰਮੀ ’ਚੋਂ ਵੀ ਆਟਾ ਏਦਾਂ ਹੀ ਮੁੱਕਦਾ...’’
* * *
ਗਰਭਵਤੀ ਔਰਤ, ਨ੍ਰਿਤ ਕਰਦੀ ਹੈ, ਮਜਬੂਰੀ ਦੇ ਮੰਚ ’ਤੇ
ਪਰ ਇਸ ਤੋਂ ਪਹਿਲਾਂ, ਉਹ ਦੁਆ ਕਰਦੀ ਹੈ
ਬੱਚੇ ਦੇ ਸੁਨਹਿਰੀ ਭਵਿੱਖ ਲਈ।
* * *
ਉਸ ਦੇ ਤਨ ’ਤੇ ਪੈਂਟ ਕਮੀਜ਼, ਜੇਬ ’ਚ ਪੈੱਨ,
ਤੇ ਕਿਤਾਬਾਂ ਨਾਲ ਭਰਿਆ, ਮੋਢੇ ’ਤੇ ਬੈਗ ਸੀ ਉਸਦੇ
ਜਿਸ ਮੈਨੂੰ ਆਖਿਆ ਸੀ, ‘ਮੈਂ ਜੋਗੀ ਹਾਂ, ਮੈਨੂੰ ਖ਼ੈਰ ਪਾ ਕੇ ਵਿਦਾ ਕਰ...’

ਮੈਂ ਕੌਲੀ ’ਚ ਆਟਾ ਪਾ, ਉਸ ਨੂੰ ਖ਼ੈਰ ਪਾਉਣ ਲਈ ਅੱਗੇ ਵਧੀ ਸਾਂ
ਪਰ ਉਸ ਦੇ ਬੈਗ ’ਚ ਰਿਜ਼ਕ ਲਈ ਜਗ੍ਹਾ ਨਹੀਂ ਸੀ
ਕਿਤਾਬਾਂ ਹੀ ਕਿਤਾਬਾਂ ਸਨ।
* * *
ਕਿ ਤੂੰ ਘਰ ਜੰਮ ਪਈ ਚੰਗੇ, ਤੂੰ ਬਣ ਗਈ ਰਾਣੀ
ਜੇ ਤੂੰ ਜੰਮਦੀ ਚੁਰਾਹੇ ’ਤੇ, ਤਾਂ ਤੂੰ ਵੀ ਵਿਕ ਜਾਣਾ ਸੀ।
ਇਹ ਪੰਜਾਬੀ ਦੀ ਨਵੀਂ ਕਵਿਤਾ ਹੈ ਜੋ ਰੰਗ ਬਦਲਦੀ ਹੈ, ਕਰਵਟ ਲੈਂਦੀ ਹੈ। ਇਸ ਨੂੰ ਕੋਈ ਨਹੀਂ ਰੋਕ ਸਕੇਗਾ- ਜਿਸ ਦੇ ਪਾਤਰ ਆਮ ਲੋਕ ਹਨ।
ਮਨਜਿੰਦਰ ਕਮਲ ਦੀਆਂ ਇਹ ਕਵਿਤਾਵਾਂ, ਲੋਕਾਂ ਦੀਆਂ ਕਵਿਤਾਵਾਂ ਹਨ: ਲੋਕ ਜੋ ਆਮ ਹਨ, ਪਿੰਡ ਦੇ ਸਾਧਾਰਨ, ਅਣਹੋਏ ਲੋਕ। ਉਨ੍ਹਾਂ ਲੋਕਾਂ ਵਿੱਚੋਂ ਹੀ ਕਵੀ ਹੀਰੇ-ਮੋਤੀ ਵਰਗੀਆਂ ਅਜਿਹੀਆਂ ਗੱਲਾਂ ਲੱਭ ਲੈਂਦਾ ਹੈ ਜਨਿ੍ਹਾਂ ਨੂੰ ਅਸੀਂ ਕੰਮ ਦੀਆਂ ਗੱਲਾਂ ਕਹਿ ਸਕਦੇ ਹਾਂ। ‘ਉਦਾਸ ਕਾਮਰੇਡ’ ਉਸ ਦੀ ਰੰਗ ਬਦਲਦੀ, ਪਲਟਦੀ ਪੰਜਾਬੀ ਕਵਿਤਾ ਦੀਆਂ ਮੁੱਢਲੀਆਂ ਪੁਸਤਕਾਂ ’ਚੋਂ ਇੱਕ ਹੈ।
ਸੰਪਰਕ: 84378-73565, 88376-84173

Advertisement
Author Image

Advertisement