For the best experience, open
https://m.punjabitribuneonline.com
on your mobile browser.
Advertisement

ਨਵਾਂ ਅਧਿਆਇ

11:16 AM Oct 28, 2023 IST
ਨਵਾਂ ਅਧਿਆਇ
Advertisement

ਕਰਨੈਲ ਸਿੰਘ ਸੋਮਲ

ਨਵਾਂ ਅਧਿਆਇ ਜਾਂ ਕਾਂਡ ਕਿਸੇ ਕਿਤਾਬ ਦਾ ਵੀ ਹੋ ਸਕਦਾ ਹੈ ਅਤੇ ਮਨੁੱਖ ਦੀ ਜ਼ਿੰਦਗੀ ਦਾ ਵੀ। ਮਨੁੱਖੀ ਅਉਧ ਦੇ ਵੱਖ-ਵੱਖ ਪੜਾਅ ਜਾਣੋ ਅਧਿਆਇ ਹੀ ਤਾਂ ਹੁੰਦੇ ਹਨ। ਅਨੇਕਾਂ ਮਿਸਾਲਾਂ ਮਿਲਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਦਾ ਇੱਕ ਨਵਾਂ ਅਧਿਆਇ ਨਾਂਦੇੜ ਤੋਂ ਸ਼ੁਰੂ ਹੋਇਆ। ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਉਸ ਦੇ ਸੰਪਰਕ ਨੇ ਕਈ ਨਵੇਂ ਬਾਬ (ਅਧਿਆਇ) ਪੈਦਾ ਕੀਤੇ। ਉਸ ਦੇ ਆਪਣੇ ਜੀਵਨ ਵਿੱਚ ਤਾਂ ਨਵਾਂ ਮੋੜ ਆਇਆ ਹੀ, ਪੰਜਾਬ ਦੇ ਇਤਿਹਾਸ ਨੇ ਵੀ ਇੱਕ ਦੂਰ-ਪ੍ਰਭਾਵੀ ਕਰਵਟ ਲਈ। ਗੁਰੂ ਜੀ ਦੇ ਥਾਪੜੇ ਸਦਕਾ ਉਹ ਪੰਜਾਬ ਵੱਲ ਨੂੰ ਆਇਆ ਤੇ ਜ਼ਾਲਮੀ ਸੱਤਾ ਉਸ ਦੇ ਰੋਹ ਅੱਗੇ ਠਹਿਰ ਨਾ ਸਕੀ। ਇਸ ਇਤਿਹਾਸਕ ਘਟਨਾ ਦੇ ਹੋਰ ਵੀ ਦੂਰ-ਰਸ ਅਸਰ ਪਏ। ਹਰ ਨਵਾਂ ਕਾਂਡ ਪੂਰਵਲੇ ਕਾਂਡਾਂ ਨਾਲ ਜੁੜਦਾ ਹੈ, ਪਰ ਅਨੋਖੇ ਰੰਗ ਵਾਲੇ ਵਾਧੇ ਨਾਲ।
ਮਨੁੱਖੀ ਜੀਵਨ ਦਾ ਪਹਿਲਾ ਨਵਾਂ ਕਾਂਡ ਉਸ ਦੇ ਜਨਮ ਅਰਥਾਤ ਉਸ ਦੇ ਸੰਸਾਰ ਵਿੱਚ ਆਗਮਨ ਸਮੇਂ ਉਸ ਦੀ ਪਹਿਲੀ ਕਿਲਕਾਰੀ (ਸੰਗੀਤਕ ਧੁਨੀ) ਤੋਂ ਜਾਣਿਆ ਜਾਂਦਾ ਹੈ। ਇਹ ਪਹਿਲੀ ਧੁਨੀ ਹੀ ਹੁੰਦੀ ਹੈ ਜਦੋਂ ਰੋਣ ਦਾ ਮਤਲਬ ਖ਼ੁਸ਼ੀ ਹੁੰਦਾ ਹੈ। ਇਸ ਪਿਆਰੀ ਧੁਨੀ ਦੀ ਉਡੀਕ ਉਨ੍ਹਾਂ ਸਾਰਿਆਂ ਨੂੰ ਹੁੰਦੀ ਹੈ, ਜਿਹੜੇ ਉਸ ਨਾਲ ਆਪਣਾ ਸਬੰਧ ਬਣਿਆ ਪ੍ਰਤੀਤ ਕਰਦੇ ਹਨ। ਖ਼ਾਸ ਕਰਕੇ ਜੀਵ ਦੀ ਜਨਨੀ ਦੀ ਕੁੱਖ ਸੁਲੱਖਣੀ ਹੋ ਜਾਂਦੀ ਹੈ। ਜੀਵਨ ਸਿਰਜਣਾ ਵਿੱਚ ਉਹ ਵੱਡੀ ਭਾਈਵਾਲ ਜੋ ਹੁੰਦੀ ਹੈ। ਹਾਲ ਹੀ ਵਿੱਚ ਸਾਡੇ ਦੇਸ਼ ਤੇ ਸਾਡੇ ਨੇੜੇ ਪੰਜਾਬ ਦੀਆਂ ਧੀਆਂ ਨੇ ਖੇਡਾਂ ਤੇ ਫਿਰ ਪ੍ਰਸ਼ਾਸਨਿਕ ਅਹੁਦਿਆਂ ਲਈ ਮੁਕਾਬਲਿਆਂ ਵਿੱਚ ਗੌਰਵਮਈ ਪ੍ਰਾਪਤੀਆਂ ਕੀਤੀਆਂ। ਇਸ ਸਦਕਾ ਇੱਕ ਨਵਾਂ ਅਧਿਆਇ ਸਮਾਜ ਵਿੱਚ ਜੁੜਿਆ। ਜਨਿ੍ਹਾਂ ਬਾਲੜੀਆਂ ਨੂੰ ਜੰਮਦੀਆਂ ਨੂੰ ਹੀ ‘ਪੱਥਰ’ ਕਹਿ ਤ੍ਰਿਸਕਾਰਿਆ ਜਾਂਦਾ ਸੀ, ਉਨ੍ਹਾਂ ਦੀਆਂ ਸ਼ਾਨਦਾਰ ਜਿੱਤਾਂ ਨੇ ਜਾਣੋ ਜੁਗੜਿਆਂ ਤੋਂ ਬੰਦ ਪਏ ਕਿਵਾੜਾਂ ਨੂੰ ਤੋੜਨ ਲਈ ਤਕੜੇ ਵਦਾਨ (ਹਥੌੜੇ) ਮਾਰੇ ਹਨ।
ਸਾਡੇ ਵਿਅਕਤੀਗਤ ਅਤੇ ਸਮੂਹਿਕ ਜੀਵਨ ਵਿੱਚ ਇਵੇਂ ਦੇ ਨਵੇਂ ਤੋਂ ਨਵੇਂ ਅਧਿਆਇ ਜੁੜਦੇ ਰਹਿਣੇ ਹਨ। ਥੋੜ੍ਹਾ ਸਜੱਗ ਰਹੀਏ ਤਾਂ ਜਿਉਣ ਦੇ ਨਵੇਂ ਤੇ ਵਡੇਰੇ ਅਰਥ ਉੱਘੜਦੇ ਜਾਪਣਗੇ। ਜ਼ਰਾ ਜਾਣੀਏ ਕਿ ਮਨੁੱਖ ਅਚੇਤ-ਸੁਚੇਤ ਆਪਣੀ ਜ਼ਿੰਦਗੀ ਨੂੰ ਚੰਗੇਰੀ ਅਤੇ ਸੋਹਣੇਰੀ ਬਣਾਉਣ ਦੀ ਰੀਝ ਪਾਲਦਾ ਹੈ। ਇਸ ਦੇ ਸਬੱਬ ਉਸ ਦੀ ਤਤਪਰਤਾ ਕਈ ਰੂਪਾਂ ਵਿੱਚ ਵੇਖਣ ਨੂੰ ਮਿਲਦੀ ਹੈ। ਮਿਸਾਲ ਵਜੋਂ ਕਿਸੇ ਮੁਲਾਜ਼ਮਤ ਤੋਂ ਸੇਵਾ-ਮੁਕਤ ਹੁੰਦਾ ਬੰਦਾ, ਅਗਾਊਂ ਹੀ, ਅੱਗੇ ਮਿਲ ਸਕਣੀ ਵਿਹਲ ਅਤੇ ਪੂੰਜੀ ਨੂੰ ਚੰਗੇ ਪਾਸੇ ਲੇਖੇ ਲਾਉਣ ਲਈ ਕਈ ਪ੍ਰਕਾਰ ਦੀਆਂ ਯੋਜਨਾਵਾਂ ਬਣਾਉਂਦਾ ਹੈ। ਘਰ ਲਈ ਹੋਰ ਚਾਰ ਖਣ ਛੱਤਣੇ, ਪੁੱਤ ਜਾਂ ਧੀ ਦਾ ਵਿਆਹ ਕਰਨਾ, ਕੋਈ ਛੋਟਾ-ਮੋਟਾ ਕਾਰੋਬਾਰ ਸ਼ੁਰੂ ਕਰਨਾ, ਆਪਣੀ ਅਜੇ ਚੰਗੀ ਸਿਹਤ ਨੂੰ ਵੇਖਦਿਆਂ ਹੋਰ ਕੋਈ ਕੰਮ ਲੱਭਣਾ। ਇੰਜ ਹੀ ਨਿਤ-ਜੀਵਨ ਲਈ ਵੀ ਹੋਰ ਸੋਹਣੇ ਨਕਸ਼ ਉਲੀਕਣੇ। ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਦੀ ਸੰਭਾਲ ਲਈ ਹੋਰ ਜੁਗਤਾਂ ਅਪਣਾਉਣੀਆਂ, ਆਪਣੇ ਪਿੰਡ ਜਾਂ ਕਸਬੇ ਲਈ ਕੁਝ ਨਾ ਕੁਝ ਕਰਨ ਦੀ ਸੋਚਣਾ, ਉਸਾਰੂ ਖ਼ਿਆਲਾਂ ਵਾਲੇ ਬੰਦਿਆਂ ਦੀ ਸੰਗਤ ਕਰਨੀ। ਨਰੋਆ ਸਾਹਿਤ ਪੜ੍ਹਨ ਦੀ ਚੇਟਕ ਨੂੰ ਵਧਾਉਣਾ, ਘਰੇਲੂ ਲਾਇਬ੍ਰੇਰੀ ਬਣਾਉਣੀ। ਕੋਈ ਸੈਰ-ਸਪਾਟਾ, ਕੋਈ ਨਵਾਂ ਸ਼ੁਗਲ, ਘਰ ਨੂੰ ਵਧੇਰੇ ਸਜੀਵ ਬਣਾਉਣ ਲਈ ਕੋਈ ਨਵੀਂ ਵਸਤ ਲੈ ਆਉਣੀ। ਆਪਣੇ ਅਤੇ ਆਪਣੀ ਜੀਵਨ-ਸਾਥਣ ਦੇ ਅਧੂਰੇ ਚਾਅ ਪੂਰੇ ਕਰਨੇ। ਅਗਲੀ ਪੀੜ੍ਹੀ ਨਾਲ ਬਿਹਤਰ ਤਾਲਮੇਲ ਬਣਾਉਣਾ।
ਵੱਡੀਆਂ ਘਟਨਾਵਾਂ ਹੀ ਨਹੀਂ, ਨਿੱਕੀਆਂ ਗੱਲਾਂ ਵੀ ਅਧਿਆਇ ਦੇ ਪੈਰ੍ਹਿਆਂ ਵਾਂਗ ਮਾਅਨੇ ਰੱਖਦੀਆਂ ਹਨ। ਕਿਸੇ ਗੰਭੀਰ ਬਿਮਾਰੀ ਜਾਂ ਵੱਡੇ ਸੰਕਟ ਵਿੱਚੋਂ ਗੁਜ਼ਰਨ ਤੋਂ ਬਾਅਦ ਮੁੜ ਜ਼ਿੰਦਗੀ ਨੂੰ ਲੀਹੇ ਪਾਇਆ ਜਾਂਦਾ ਹੈ। ਇਹ ਜੀਵਨ ਦੀ ਇਬਾਦਤ ਹੀ ਤਾਂ ਹੈ। ਸਿਆਣੇ ਆਖਦੇ ਹਨ ਕਿ ਬੰਦੇ ਨੂੰ ਮੁੜ ਜੀਵਨ ਮਿਲਿਆ ਹੈ। ਵੱਡੀ ਗੱਲ ਇਹ ਕਿ ਹਰ ਨਵੇਂ ਆਰੰਭ ਵੇਲੇ ਅਨੋਖਾ ਉਤਸ਼ਾਹ ਹੁੰਦਾ ਹੈ। ਮੂਹਰੇ ਨਵੀਆਂ ਭੂਮਿਕਾਵਾਂ, ਨਵੇਂ ਸਬੰਧ ਅਤੇ ਸੋਹਣਾ ਭਵਿੱਖ ਜਾਣੋ ਹਾਕਾਂ ਮਾਰਦਾ ਹੈ। ਫ਼ਸਲ ਘਰ ਆਉਂਦੀ ਹੈ, ਖੇਤ ਉਡੀਕ ਕਰਦੇ ਹਨ ਕਿ ਕਿਸਾਨ ਅਗਲੀ ਫ਼ਸਲ ਬੀਜਣ ਲਈ ਹੋਰ ਉੱਦਮ ਕਰਨ।
ਜੀਵਨ ਕਿੰਨਾ ਵਿਸ਼ਾਲ ਹੈ, ਪਰ ਬੰਦੇ ਦੀ ਅਉਧ ਅਮੁੱਕ ਨਹੀਂ। ਬੀਤੇ ਦੀ ਕਹਾਣੀ ਅਤੇ ਭਵਿੱਖ ਨਾਲ ਇੱਕ-ਇੱਕ ਕੜੀ ਨਾਲ ਜੋੜਦਾ ਉਹ ‘ਲੰਮੀ ਵੇਲ ਹੋਣ ਦੀ ਅਸੀਸ’ ਨੂੰ ਸਾਕਾਰ ਕਰਦਾ ਹੈ। ਨਵੀਂ ਸਵੇਰ, ਨਵਾਂ ਸਾਲ, ਹਰ ਅੱਜ ਅਤੇ ਕੱਲ੍ਹ ਲਈ ਅਨੇਕਾਂ ਨਵੇਂ ਅਧਿਆਵਾਂ ਦੀ ਯੋਜਨਾ ਰੱਖੀ ਹੁੰਦੀ ਹੈ। ਆਸ ਨਾਲ ਜੀਵਨ ਅਤੇ ਜਹਾਨ ਦੀ ਲੜੀ ਅੱਗੇ ਤੋਂ ਅੱਗੇ ਤੁਰਦੀ ਹੈ। ਜੀਵਨ-ਡਗਰ ਉੱਤੇ ਚੱਲਦਿਆਂ ਔਖਿਆਈਆਂ ਨਾਲ ਸਿੱਝਣ ਦਾ ਜੇਰਾ ਵੀ ਪੈਦਾ ਹੋਈ ਜਾਂਦਾ ਹੈ। ਅਸਫਲਤਾਵਾਂ ਵੱਖ ਨਵੇਂ ਸਬਕ ਦੇਈ ਜਾਂਦੀਆਂ ਹਨ।

Advertisement

ਸੰਪਰਕ: 98141-57137

Advertisement
Author Image

sukhwinder singh

View all posts

Advertisement
Advertisement
×