ਦਿੱਲੀ ਵਿੱਚ ਖੁੱਲੇਗੀ ਪਿੰਗਲਵਾੜਾ ਦੀ ਨਵੀਂ ਸ਼ਾਖਾ
ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 4 ਫਰਵਰੀ
ਲਾਚਾਰ, ਬੇਸਹਾਰਾ ਤੇ ਅਪਾਹਿਜ ਲੋਕਾਂ ਦੀ ਸਾਂਭ ਸੰਭਾਲ ਕਰ ਰਹੀ ਸੰਸਥਾ ਪਿੰਗਲਵਾੜਾ ਵੱਲੋਂ ਆਪਣੀ ਨਵੀਂ ਸ਼ਾਖਾ ਦਿੱਲੀ ਵਿਖੇ ਖੋਲ੍ਹੀ ਜਾ ਰਹੀ ਹੈ, ਜਿਸ ਦਾ ਉਦਘਾਟਨ 9 ਫਰਵਰੀ ਨੂੰ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਡਾਕਟਰ ਮਨਮੋਹਨ ਸਿੰਘ ਦੀ ਪਤਨੀ ਗੁਰਸ਼ਰਨ ਕੌਰ ਵੱਲੋਂ ਕੀਤਾ ਜਾਵੇਗਾ। ਇਹ ਖੁਲਾਸਾ ਅੱਜ ਇਥੇ ਪਿੰਗਲਵਾੜਾ ਸੰਸਥਾ ਦੀ ਮੁਖੀ ਡਾਕਟਰ ਇੰਦਰਜੀਤ ਕੌਰ ਨੇ ਕੀਤਾ ਹੈ।
ਪੱਤਰਕਾਰ ਸੰਮੇਲਨ ਦੌਰਾਨ ਉਹਨਾਂ ਨੇ ਪਿੰਗਲਵਾੜਾ ਪਰਿਵਾਰ ਦੀਆਂ ਇਸ ਸਾਲ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਿੰਗਲਵਾੜਾ ਵੱਲੋਂ ਆਪਣੀ ਇੱਕ ਨਵੀਂ ਸ਼ਾਖਾ ਨਵੀਂ ਦਿੱਲੀ ਵਿਖੇ ਖੋਲ੍ਹੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪਿੰਗਲਵਾੜਾ ਦੀਆਂ ਸ਼ਾਖਾਵਾਂ ਪੰਜਾਬ ਵਿੱਚ ਹਨ। ਉਹਨਾਂ ਦੱਸਿਆ ਕਿ ਨਵੀਂ ਦਿੱਲੀ ਵਿਖੇ ਖੋਲੀ ਜਾ ਰਹੀ ਇਸ ਸ਼ਾਖਾ ਦਾ ਉਦਘਾਟਨ 9 ਫਰਵਰੀ ਨੂੰ ਸ਼੍ਰੀਮਤੀ ਗੁਰਸ਼ਰਨ ਕੌਰ ਵੱਲੋਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਿੰਗਲਵਾੜਾ ਵੱਲੋਂ ਇੰਟੈਕ ਨਾਲ ਇੱਕ ਸਮਝੌਤਾ ਸਹੀਬੱਧ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਵੀਂ ਅਤੇ ਪੁਰਾਤਨ ਤਕਨੀਕ ਦੇ ਸੁਮੇਲ ਨਾਲ ਇੱਕ ਅਜਾਇਬ ਘਰ ਉਸਾਰਿਆ ਜਾਵੇਗਾ।