For the best experience, open
https://m.punjabitribuneonline.com
on your mobile browser.
Advertisement

ਕਿਸਾਨਾਂ ਤੇ ਨੌਜਵਾਨਾਂ ਲਈ ਲਾਹੇਵੰਦ ਨਵੇਂ ਖੇਤੀ ਉੱਦਮ

05:45 AM Nov 18, 2023 IST
ਕਿਸਾਨਾਂ ਤੇ ਨੌਜਵਾਨਾਂ ਲਈ ਲਾਹੇਵੰਦ ਨਵੇਂ ਖੇਤੀ ਉੱਦਮ
Advertisement

ਡਾ. ਮਨਮੀਤ ਮਾਨਵ*

ਪੰਜਾਬ ਦੇ ਸਮਾਜਿਕ, ਉਦਯੋਗਿਕ, ਸੱਭਿਆਚਾਰਕ ਅਤੇ ਆਰਥਿਕ ਵਿਕਾਸ ਵਿੱਚ ਖੇਤੀਬਾੜੀ ਦਾ ਅਹਿਮ ਯੋਗਦਾਨ ਹੈ। ਸੂਬੇ ਦੀ 65 ਫ਼ੀਸਦੀ ਆਬਾਦੀ ਆਪਣੀ ਰੋਜ਼ੀ-ਰੋਟੀ ਅਤੇ ਰੁਜ਼ਗਾਰ ਲਈ ਸਿੱਧੇ ਤੌਰ ’ਤੇ ਖੇਤੀਬਾੜੀ ਉੱਤੇ ਨਿਰਭਰ ਕਰਦੀ ਹੈ। ਪੰਜਾਬ ਵਾਸੀਆਂ ਦੀ ਜੀਵਨ-ਜਾਚ ਅਤੇ ਆਰਥਿਕਤਾ ਵਿੱਚ ਖੇਤੀਬਾੜੀ ਦੀ ਅਹਿਮ ਭੂਮਿਕਾ ਹੈ। ਖੇਤੀਬਾੜੀ ਇਹੋ ਜਿਹਾ ਕਿੱਤਾ ਹੈ ਜਿਸ ਵਿਚ ਮੁਨਾਫ਼ੇ ਦੀ ਬਹੁਤ ਸਮਰੱਥਾ ਹੈ। ਪਿੰਡਾਂ ਦੇ ਨੌਜਵਾਨਾਂ ਦੀ ਖੇਤੀ ਪ੍ਰਤੀ ਨਕਾਰਾਤਮਕ ਧਾਰਨਾ ਅਤੇ ਵਿਦੇਸ਼ਾਂ ਵੱਲ ਪਰਵਾਸ ਦੇ ਰੁਝਾਨ ਕਾਰਨ ਵੀ ਖੇਤੀ ਤੋਂ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਨਹੀਂ ਜਾ ਸਕਿਆ। ਇਸ ਕਾਰਨ ਇਕ ਕਿਸਾਨ ਅਤੇ ਗ਼ੈਰ-ਕਿਸਾਨ ਦੇ ਆਰਥਿਕ ਅਤੇ ਸਮਾਜਿਕ ਪੱਧਰ ਵਿੱਚ ਬਹੁਤ ਵੱਡਾ ਅੰਤਰ ਹੈ। ਕਿਸਾਨਾਂ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਲਈ ਖੇਤੀ ਨੂੰ ਲਾਹੇਵੰਦ ਬਣਾਉਣਾ ਅਹਿਮ ਹੈ। ਇਸ ਲਈ ਖੇਤੀ ਤੋਂ ਖੇਤੀ ਕਾਰੋਬਾਰ ਵੱਲ ਤਬਦੀਲ ਹੋਣਾ ਬੇਹੱਦ ਲਾਜ਼ਮੀ ਹੈ। ਸਫ਼ਲ ਖੇਤੀ ਵਪਾਰ ਲਈ ਨੌਜਵਾਨ ਪੀੜ੍ਹੀ ਦਾ ਖੇਤੀ ਵੱਲ ਰੁੁੁਝਾਨ ਅਤੇ ਸ਼ਮੂਲੀਅਤ ਅਹਿਮ ਹੈ। ਖੇਤੀ ਉਤਪਾਦਨ ਅਤੇ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਨੌਜਵਾਨਾਂ ਦੀ ਊਰਜਾ, ਉਤਸ਼ਾਹ ਅਤੇ ਤਕਨੀਕੀ ਗਿਆਨ ਨੂੰ ਹੁਨਰ ਵਿਕਾਸ ਲਈ ਵਰਤਣਾ ਚਾਹੀਦਾ ਹੈ। ਉਨ੍ਹਾਂ ਦੀ ਖੇਤੀਬਾੜੀ ਵਿੱਚ ਸ਼ਮੂਲੀਅਤ ਕਰਵਾ ਕੇ ਖੇਤੀ ਤੋਂ ਮੁਨਾਫ਼ੇ ਦੀ ਸਮਰੱਥਾ ਨੂੰ ਵਧਾਇਆ ਜਾ ਸਕਦਾ ਹੈ। ਕਿਸਾਨ ਆਪਣੀ ਖੇਤੀ ਅਤੇ ਸਹਾਇਕ ਧੰਦਿਆਂ ਲਈ ਸਿਰਤੋੜ ਯਤਨ ਕਰਦਾ ਹੈ ਪਰ ਜਦ ਮੰਡੀਕਰਨ ਦੀ ਗੱਲ ਆਉਂਦੀ ਹੈ ਤਾਂ ਉਸ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ। ਉਤਪਾਦਨ ਦੇ ਵਿਕਰੀ ਮੁੱਲ ਅਤੇ ਉਤਪਾਦ ਦੇ ਪਰਚੂਨ ਮੁੱਲ ਵਿੱਚ ਬਹੁਤ ਵੱਡਾ ਅੰਤਰ ਹੈ ਅਤੇ ਇਹ ਅੰਤਰ ਦਿਨੋ-ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਇਸ ਅੰਤਰ ਵਿਚਕਾਰ ਪ੍ਰਾਸੈਸਿੰਗ, ਮੰਡੀਕਰਨ ਅਤੇ ਢੋਆ-ਢੁਆਈ ਦਾ ਖ਼ਰਚਾ ਹੁੰਦਾ ਹੈ ਪਰ ਆਪਣੀ ਜਿਣਸ ਦਾ ਪੂਰਾ ਮੁੱਲ ਅਤੇ ਬਿਹਤਰ ਮੁਨਾਫ਼ਾ ਕਮਾਉਣ ਲਈ ਉਸ ਨੂੰ ਪ੍ਰਾਸੈਸਿੰਗ ਅਤੇ ਮੰਡੀਕਰਨ ਵਾਲੇ ਪਾਸੇ ਆਪਣਾ ਹਿੱਸਾ ਪਾਉਣਾ ਪਵੇਗਾ। ਖੇਤੀ ਨੂੰ ਮੁੜ ਸੁਰਜੀਤ ਅਤੇ ਪ੍ਰਫੁੱਲਿਤ ਕਰਨ ਲਈ ਅਤੇ ਪੇਂਡੂ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਖਿੱਚਣ ਲਈ ਖੇਤੀ ਤੋਂ ਖੇਤੀ ਉੱਦਮ ਵੱਲ ਪਰਿਵਰਤਨ ਇੱਕ ਜ਼ਰੂਰੀ ਮਾਰਗ ਹੈ।
ਸਾਡੇ ਕਿਸਾਨਾਂ ਕੋਲ ਸਦੀਆਂ ਤੋਂ ਸਥਾਨਕ ਫ਼ਸਲਾਂ ਦੀ ਕਾਸ਼ਤ ਅਤੇ ਸਥਿਰਤਾ ਦਾ ਰਵਾਇਤੀ ਗਿਆਨ ਅਤੇ ਅਭਿਆਸ ਹੈ ਪਰ ਖੇਤੀ ਉਤਪਾਦਨ ਅਤੇ ਮੰਡੀਕਰਨ ਸਬੰਧੀ ਉੱਭਰ ਰਹੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਅਤੇ ਜ਼ਰੂਰੀ ਹੁਨਰ ਅਤੇ ਸਮਰੱਥਾਵਾਂ ਨੂੰ ਹਾਸਲ ਕਰਨ ਲਈ ਨੌਜਵਾਨਾਂ ਦੀ ਸ਼ਮੂਲੀਅਤ ਜ਼ਰੂਰੀ ਹੈ। ਫ਼ਸਲਾਂ ਦੇ ਕੁਸ਼ਲ ਪ੍ਰਬੰਧਨ ਵਿਗਿਆਨ ਅਤੇ ਤਕਨੀਕੀ ਜਾਣਕਾਰੀ, ਡਜਿੀਟਲ ਸੂਚਨਾਵਾਂ, ਮੰਡੀਕਰਨ ਅਤੇ ਪ੍ਰਬੰਧਕੀ ਮੁਹਾਰਤ ਲਈ ਨੌਜਵਾਨਾਂ ਦਾ ਝੁਕਾਅ ਖੇਤੀਬਾੜੀ ਵੱਲ ਵਧਾਉੁਣਾ ਬਹੁਤ ਜ਼ਰੂਰੀ ਹੈ। ਪੰਜਾਬ ਵਿੱਚ 70 ਫ਼ੀਸਦੀ ਨੌਜਵਾਨ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਹਨ, ਉਨ੍ਹਾਂ ਦੀ ਤਕਨੀਕੀ ਕੰਮ ਸਿਖਣ ਅਤੇ ਵਪਾਰਕ ਪਹਿਲੂਆਂ ਨੂੰ ਅਪਣਾਉੁਣ ਦੀ ਸਮਰੱਥਾ ਨੂੰ ਵਰਤਣਾ ਚਾਹੀਦਾ ਹੈ ਤਾਂ ਜੋ ਖੇਤੀ ਤੋਂ ਉੱਚ ਮੁੱਲ ਦੀ ਸਮਰੱਥਾ ਨੂੰ ਵਧਾਇਆ ਜਾ ਸਕੇ। ਸੋ ਕਿਸਾਨਾਂ ਦੇ ਰਵਾਇਤੀ ਗਿਆਨ ਦੇ ਨਾਲ ਨੌਜਵਾਨਾਂ ਦਾ ਤਕਨੀਕੀ ਤੇ ਵਿਗਿਆਨਕ ਗਿਆਨ ਦਾ ਸੁਮੇਲ ਖੇਤੀ ਨੂੰ ਸਫ਼ਲ ਉੱਦਮ ਬਣਾਏਗਾ। ਇਸ ਨਾਲ ਉਨ੍ਹਾਂ ਦਾ ਆਰਥਿਕ ਅਤੇ ਸਮਾਜਿਕ ਪੱਧਰ ਵੀ ਉੱਚਾ ਹੋਵੇਗਾ ਅਤੇ ਨੌਜਵਾਨਾਂ ਵਿੱਚ ਵਿਦੇਸ਼ਾਂ ਵੱਲ ਜਾਣ ਦਾ ਰੁਝਾਨ ਵੀ ਘਟੇਗਾ।
ਖੇਤੀ ਵਿੱਚ ਮੁਨਾਫ਼ੇੇ ਦੀ ਸਮਰੱਥਾ ਵਧਾਉਣ ਲਈ ਕਿਸਾਨਾਂ ਵਿੱਚ ਸਭ ਤੋਂ ਪਹਿਲਾਂ ਆਪਣੀ ਉਪਜ ਦੀ ਪ੍ਰਾਸੈਸਿੰਗ ਕਰ ਕੇ ਵੱਖ-ਵੱਖ ਉਤਪਾਦ ਬਣਾਉਣ ਦਾ ਹੁਨਰ ਵਿਕਸਿਤ ਕਰਨਾ ਜ਼ਰੂਰੀ ਹੈ ਤਾਂ ਜੋ ਉਪਜ ਦਾ ਮੁੱਲ ਵਧਾਇਆ ਜਾ ਸਕੇ। ਲੰਬੇ ਸਮੇਂ ਤੋਂ ਕਿਸਾਨ ਆਪਣੀ ਉਪਜ ਨੂੰ ਸੰਭਾਲਣ ਅਤੇ ਉਸ ਦੇ ਮੁੱਲ ਵਿੱਚ ਵਾਧਾ ਕਰਨ ਦੇ ਰੁਝਾਨ ਪ੍ਰਤੀ ਆਰਾਮਦੇਹ ਰਹੇ ਹਨ। ਹਰ ਸਾਲ ਸਾਡੇ ਪੰਜਾਬ ਦੇ ਉਤਪਾਦਨ ਦਾ ਜ਼ਿਆਦਾ ਹਿੱਸਾ ਜਿਵੇਂ ਕਿ 30 ਫ਼ੀਸਦੀ ਕਣਕ, 50 ਫ਼ੀਸਦੀ ਫਲ ਅਤੇ ਸਬਜ਼ੀਆਂ ਅਤੇ 15 ਫ਼ੀਸਦੀ ਝੋਨਾ ਨਾ ਸੰਭਾਲੇ ਜਾਣ ਕਾਰਨ ਨਸ਼ਟ ਹੋ ਜਾਂਦਾ ਹੈ। ਸੋ ਕਟਾਈ ਤੋਂ ਬਾਅਦ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਨ ਲਈ ਉਸ ਦੀ ਪ੍ਰਾਸੈਸਿੰਗ ਕਰਨੀ ਲਾਜ਼ਮੀ ਹੈ। ਇਹ ਜਿੱਥੇ ਉਪਜ ਦੀ ਮਿਆਦ ਵਧਾ ਕੇ ਖਾਣਯੋਗ, ਸੁਆਦੀ ਅਤੇ ਸੁਰੱਖਿਅਤ ਉਤਪਾਦ ਬਣਾਉਂਦੀ ਹੈ, ਉੱਥੇ ਉਪਜ ਦੇ ਮੁੱਲ ਵਿੱਚ ਕਈ ਗੁਣਾਂ ਵਾਧਾ ਕਰਦੀ ਹੈ। ਪਿੰਡਾਂ ਦੇ ਨੌਜਵਾਨਾਂ ਵਿੱਚ ਪ੍ਰਾਸੈਸਿੰਗ ਦਾ ਹੁਨਰ ਵਿਕਸਿਤ ਕਰ ਕੇ ਪ੍ਰਾਸੈਸਿੰਗ ਯੂਨਿਟਾਂ ਲਗਾ ਕੇ ਅਲੱਗ-ਅਲੱਗ ਉਤਪਾਦ ਬਣਾਉਣ ਦੀਆਂ ਗਤੀਵਿਧੀਆਂ ਪਿੰਡਾਂ ਵਿੱਚ ਹੋਰਨਾਂ ਲਈ ਰੁਜ਼ਗਾਰ ਪੈਦਾ ਕਰਨਗੀਆਂ ਅਤੇ ਆਮਦਨੀ ਵੀ ਵਧਾਉਣਗੀਆਂ। ਪਿੰਡਾਂ ਦੇ ਨੌਜਵਾਨਾਂ ਵਿੱਚ ਇਹ ਹੁਨਰ ਵਿਕਸਿਤ ਕਰ ਕੇ ਖੇਤੀ ਉੱਦਮ ਵੱਲ ਲਜਿਾਣ ਲਈ ਖੇਤੀਬਾੜੀ ਮੰਤਰਾਲਾ ਭਾਰਤ ਸਰਕਾਰ ਵੱਲੋਂ ਵੀ ਨੌਜਵਾਨਾਂ ਨੂੰ ਖੇਤੀਬਾੜੀ ਵੱਲ ਆਕਰਸ਼ਿਤ ਕਰਨ ਲਈ ਵਿਸ਼ੇਸ਼ ਪਹਿਲਕਦਮੀਆਂ ਕੀਤੀਆਂ ਗਈਆਂ ਹਨ। Attracting and Retaining Rural Youth in Agriulture (ARYA) Scheme ਵਿੱਚ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਦੀਆਂ ਉੱਦਮੀ ਗਤੀਵਿਧੀਆਂ ਵਿੱਚ ਪੇਂਡੂ ਨੌਜਵਾਨਾਂ ਨੂੰ ਸ਼ਕਤੀਕਰਨ ਅਤੇ ਸ਼ਾਮਲ ਕਰਨ ਤੇ ਕੇਂਦਰਿਤ ਕਰਦੀ ਹੈ ਤਾਂ ਜੋ ਖੇਤੀਬਾੜੀ ਤੋਂ ਵੱਧ ਤੋਂ ਵੱਧ ਮੁਨਾਫ਼ੇ ਨੂੰ ਯਕੀਨੀ ਬਣਾਇਆ ਜਾਵੇ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ।
ਪੰਜਾਬ ਦੇ ਆਮ ਲੋਕਾਂ ਦਾ ਉੱਚਾ ਜੀਵਨ ਪੱਧਰ ਅਤੇ ਆਰਾਮਦਾਇਕ ਜੀਵਨ ਸ਼ੈਲੀ ਕਾਰਨ ਉਨ੍ਹਾਂ ਦੀ ਮੰਗ ਪ੍ਰਾਸੈਸ ਕੀਤੇ ਭੋਜਨ ਪਦਾਰਥਾਂ ਲਈ ਜ਼ਿਆਦਾ ਹੈ। ਕੋਵਿਡ-19 ਮਹਾਂਮਾਰੀ ਤੋਂ ਬਾਅਦ ਸਰੀਰ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਭੋਜਨ ਪਦਾਰਥਾਂ ਦੀ ਸ਼ੁੱਧਤਾ ਅਤੇ ਸਿਹਤ ਲਈ ਸੁਰੱਖਿਅਤਾ ਨੂੰ ਲੈ ਕੇ ਖ਼ਪਤਕਾਰਾਂ ਵਿੱਚ ਜਾਗਰੂਕਤਾ ਵੀ ਬਹੁਤ ਵਧੀ ਹੈ, ਉਨ੍ਹਾਂ ਦਾ ਰੁਝਾਨ ਅਤੇ ਭਰੋਸਾ, ਉਤਪਾਦਕਾਂ/ਪ੍ਰਾਸੈਸਰਾਂ ਤੋਂ ਸਿੱਧੇ ਹੀ ਉਤਪਾਦ ਖ਼ਰੀਦਣ ਵੱਲ ਜ਼ਿਆਦਾ ਵਧਿਆ ਹੈ। ਸੋ ਖ਼ਪਤਕਾਰਾਂ ਦਾ ਇਹ ਝੁਕਾਅ ਅਤੇ ਵਿਸ਼ਵਾਸ ਉਤਪਾਦਕਾਂ ਨੂੰ ਬਹੁਤ ਵਧੀਆ ਮੌਕਾ ਪ੍ਰਦਾਨ ਕਰ ਰਿਹਾ ਹੈ ਕਿ ਉਹ ਵੱਖ-ਵੱਖ ਉਪਜਾਂ ਦੀ ਪ੍ਰਾਸੈਸਿੰਗ ਕਰ ਕੇ ਵੱਖ-ਵੱਖ ਉੱਚ ਮਿਆਰੀ ਉਤਪਾਦ ਬਣਾਉਣ ਅਤੇ ਖ਼ਪਤਕਾਰਾਂ ਦੀਆਂ ਰੋਜ਼ ਦੀਆਂ ਜ਼ਰੂਰਤਾਂ ਪੂਰੀਆਂ ਕਰਨ। ਜਦੋਂ ਕਿਸਾਨ ਆਪਣੀ ਪੈਦਾਵਾਰ ਦੀ ਮਾਰਕੀਟਿੰਗ ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰਣਗੇ ਤਾਂ ਗਾਹਕ ਆਪਣੇ-ਆਪ ਉਸ ਦੇ ਦਰਵਾਜ਼ੇ ’ਤੇ ਦਸਤਕ ਦੇਣਗੇ।
ਪਿੰਡ ਪੱਧਰ ’ਤੇ ਐਗਰੋ ਪ੍ਰਾਸੈਸਿੰਗ ਮਸ਼ੀਨਾਂ ਜਿਵੇਂ ਕਿ ਛੋਟੀ ਆਟਾ ਚੱਕੀ, ਮਿਨੀ ਰਾਈ ਮਿੱਲ, ਆਇਲ ਐਕਸਪੈਲਰ, ਮਸਾਲਾ ਗਰਾਈਂਡਰ, ਦਾਲ ਮਿੱਲ, ਕਪਾਹ ਗਿਨਿੰਗ ਮਸ਼ੀਨ, ਪੇਂਜਾ, ਫੀਡ ਮਿੱਲ ਆਦਿ ਮਸ਼ੀਨਾਂ ਕਿਸਾਨਾਂ ਲਈ ਛੋਟੇ ਪੱਧਰ ’ਤੇ ਪ੍ਰਾਸੈਸਿੰਗ ਕਰਨ ਹਿੱਤ ਬਹੁਤ ਲਾਹੇਵੰਦ ਹਨ। ਇਨ੍ਹਾਂ ਦੀ ਕਿਸਾਨ ਆਪਣੇ ਪੱਧਰ ’ਤੇ ਵੀ ਸਾਂਭ-ਸੰਭਾਲ ਕਰ ਸਕਦਾ ਹੈ ਅਤੇ ਇਨ੍ਹਾਂ ’ਤੇ ਖ਼ਰਚਾ ਵੀ ਬਹੁਤ ਘੱਟ ਆਉਂਦਾ ਹੈ। ਸਰਕਾਰ ਵੱਲੋਂ ਇਨ੍ਹਾਂ ਨੂੰ ਲਗਾਉਣ ਲਈ ਵਿੱਤੀ ਸਹਾਇਤਾ ਵੀ ਦਿੱਤੀ ਜਾਂਦੀ ਹੈ। ਕੁੁਝ ਸਕੀਮਾਂ ਜਿਵੇਂ ਕਿ PM-FME (Pardhan Mantri’s Formalization of Micro Food Processing Enterprise) ਸਕੀਮ ਛੋਟੇ ਅਤੇ ਸੀਮਤ ਕਿਸਾਨਾਂ ਨੂੰ ਪ੍ਰਾਸੈਸਿੰਗ ਮਸ਼ੀਨਰੀ ਲਈ ਵੱਧ ਤੋਂ ਵੱਧ 10 ਲੱਖ ਰੁਪਏ ਦੇ ਲੋਨ ’ਤੇ 35 ਫ਼ੀਸਦੀ ਤੱਕ ਸਬਸਿਡੀ ਦਿੰਦੀ ਹੈ। ਪੰਜਾਬ ਵਿੱਚ ਇਹ ਸਕੀਮ ਪੰਜਾਬ ਐਗਰੋ ਵੱਲੋਂ ਲਾਗੂ ਕੀਤੀ ਜਾ ਰਹੀ ਹੈ ਤੇ ਇਸ ਵਿੱਚ ਕਿਸਾਨਾਂ ਨੂੰ ਸਫ਼ਲ ਮੰਡੀਕਰਨ ਲਈ ਪ੍ਰਾਸੈਸਿੰਗ ਦੀ ਵਿਗਿਆਨਕ ਤਕਨੀਕ, ਉਤਪਾਦਾਂ ਦੀ ਪੈਕਿੰਗ, ਲੇਬਲਿੰਗ ਸਬੰਧੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਪਿੰਡ ਪੱਧਰ ’ਤੇ ਐਗਰੋ ਪ੍ਰਾਸੈਸਿੰਗ ਕੰਪਲੈਕਸ/ ਯੂਨਿਟਾਂ ਲਗਾਉਣ ਅਤੇ ਲਈ ਉੱਦਮੀਕਰਨ ਵਿਕਾਸ ਹਿਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਸੀਫੇਟ (CIPHET) ਪੀਏਯੂ ਲੁਧਿਆਣਾ ਵੱਲੋਂ ਵੀ ਉੱਦਮੀਕਰਨ ਵਿਕਾਸ ਪ੍ਰੋਗਰਾਮ (Enterpreneurship Development Program) ਅਧੀਨ ਪ੍ਰਾਸੈਸਿੰਗ, ਪੈਕਿੰਗ ਸਬੰਧੀ ਟ੍ਰੇਨਿੰਗਾਂ ਅਤੇ ਸਹੂਲਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ RKVY-RAFTAAR ਸਕੀਮ ਅਧੀਨ ਐਗਰੋਸਟਾਰਟਅਪਸ ਜੋ ਵਪਾਰ ਲਈ ਤਿਆਰ ਹਨ, ਨੂੰ ਦੋ ਮਹੀਨੇ ਦੀ ਵਰਕਸ਼ਾਪ, ਗ੍ਰਾਂਟ ਇਨ ਏਡ 25 ਲੱਖ ਰੁਪਏ ਤੱਕ ਦੀ ਸਹੂਲਤ ਦਿੱਤੀ ਜਾਂਦੀ ਹੈ। ਪੰਜਾਬ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਸੈਕਸ਼ਨ ਵੱਲੋਂ ਵੀ ਖੇਤੀ ਉਤਪਾਦਾਂ ਦੀ ਗੁਣਵੱਤਾ ਪ੍ਰਮਾਣਿਕਤਾ, ਉੱਦਮੀਕਰਨ ਹੁਨਰ ਸਿਖਾਉਣ ਅਤੇ ਉੱਦਮੀਆਂ ਦੇ ਸੈਲਫ ਹੈਲਪ ਗਰੁੱਪ ਬਣਵਾ ਕੇ ਸਵੈ-ਮੰਡੀਕਰਨ ਲਈ ਜ਼ਰੂਰੀ ਵਪਾਰਕ ਪਹਿਲੂਆਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ।
ਖੇਤੀ ਵਪਾਰ ਦੀ ਸਫ਼ਲਤਾ ਲਈ ਉਤਪਾਦਾਂ ਦੀ ਗੁਣਵੱਤਾ ਦੇ ਮਿਆਰਾਂ ’ਤੇ ਪੂਰਾ ਨਿਯੰਤਰਨ ਰੱਖਦੇ ਹੋਏ ਮਾਰਕੀਟਿੰਗ ਹੁਨਰ (ਸੁਚੱਜੀ ਪੈਕਿੰਗ, ਲੇਬਲਿੰਗ, ਬਰਾਂਡਿੰਗ) ਵੀ ਵਿਕਸਿਤ ਕਰਨੇ ਜ਼ਰੂਰੀ ਹਨ। ਕਿਸੇ ਉਤਪਾਦ ਦੇ ਉਤਪਾਦਕ ਅਤੇ ਵਪਾਰੀ ਵੱਲੋਂ ਤੈਅ ਵਿਕਰੀ ਮੁੱਲ ਵਿੱਚ ਬਹੁਤ ਵੱਡਾ ਫ਼ਰਕ ਸਿਰਫ਼ ਵਪਾਰਕ ਮਾਪਦੰਡਾਂ ਦਾ ਹੈ। ਇਸ ਨੂੰ ਉਤਪਾਦਕ ਸਮਝਣ ਲਈ ਝਜਿਕਦਾ ਹੈ ਅਤੇ ਵਪਾਰੀ ਉਨ੍ਹਾਂ ਨੂੰ ਅਪਣਾ ਕੇ ਉਤਪਾਦਕ ਦਾ ਬਣਦਾ ਮੁੱਲ ਵੀ ਆਪਣੀ ਜੇਬ ਵਿੱਚ ਪਾਉਂਦਾ ਹੈ। ਸੋ ਉਪਜ ਦਾ ਪੂਰਾ ਮੁੱਲ ਪਾਉਣ ਲਈ ਅਤੇ ਆਪਣੇ ਉਤਪਾਦਾਂ ਦੇ ਸਫ਼ਲ ਵਪਾਰ ਲਈ ਗੁਣਵੱਤਾ ਮਾਪਦੰਡਾਂ ਦੇ ਨਾਲ ਨਾਲ ਵਪਾਰਕ ਮਾਪਦੰਡਾਂ ਨੂੰ ਅਪਣਾਉਣਾ ਵੀ ਲਾਜ਼ਮੀ ਹੈ ਤਾਂ ਜੋ ਤਿਆਰ ਉਤਪਾਦ ਉੱਚ ਮੁੱਲ ’ਤੇ ਹਰ ਮਾਰਕੀਟ ਵਿੱਚ ਸਵੀਕਾਰਨਯੋਗ ਹੋਣ ਅਤੇ ਆਪਣਾ ਪਰਿਪੱਕ ਸਥਾਨ ਬਣਾ ਸਕਣ। ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਆਪਣੇ ਉਤਪਾਦਾਂ ਦੀ ਸਥਾਈ ਪਛਾਣ, ਉਤਪਾਦਾਂ ਦੀ ਤਾਜ਼ਗੀ, ਸ਼ੁੱਧਤਾ, ਪੌਸ਼ਟਿਕਤਾ ਦੀ ਵਿਸਤ੍ਰਿਤ ਜਾਣਕਾਰੀ ਦੇਣੀ ਬੇਹੱਦ ਜ਼ਰੂਰੀ ਹੈ। ਕਿਸਾਨ ਆਪਣੇ ਖੇਤੀ ਉਤਪਾਦਾਂ ਅਤੇ ਉਪ-ਉਤਪਾਦਾਂ ਨੂੰ ਵਪਾਰਕ ਪੱਖੋਂ (ਪੈਕਿੰਗ, ਲੇਬਲਿੰਗ, ਬਰਾਂਡਿੰਗ) ਤਿਆਰ ਕੇ ਉਨ੍ਹਾਂ ਤੋਂ ਉਚ ਮੁੱਲ ਪਾਉਣ ਲਈ ਸੋਸ਼ਲ ਮੀਡੀਆ ਮਾਰਕੀਟਿੰਗ, ਈ-ਮਾਰਕੀਟਿੰਗ , ਆਫਲਾਈਨ ਮਾਰਕੀਟਿੰਗ ਸਾਧਨਾਂ ਰਾਹੀਂ ਸੁਚਾਰੂ ਅਤੇ ਸਫਲ ਮੰਡੀਕਰਨ ਕਰ ਸਕਦੇ ਹਨ। ਉਤਪਾਦਕਾਂ/ਪ੍ਰਾਸੈਸਰਾਂ ਵੱਲੋਂ ਆਪਣੇ ਨਿਰਧਾਰਿਤ ਮੁੱਲ ’ਤੇ ਉਤਪਾਦਾਂ ਦਾ ਸਵੈ-ਮੰਡੀਕਰਨ ਕਰਨ ਨਾਲ ਜਿੱਥੇ ਉੱਦਮੀਕਰਨ ਦੀ ਭਾਵਨਾ ਆਵੇਗੀ, ਉੱਥੇ ਆਪਣੇ ਉਤਪਾਦਾਂ ਤੇ ਖ਼ੁਦ ਦੀ ਮਲਕੀਅਤ, ਉਨ੍ਹਾਂ ਦਾ ਆਤਮ ਵਿਸ਼ਵਾਸ ਵੀ ਵਧਾਏਗੀ। ਇਸ ਨਾਲ ਉਹ ਹੋਰ ਮਜ਼ਬੂਤੀ ਨਾਲ ਸਥਾਨਕ ਮੰਡੀਆਂ ਤੱਕ ਸੀਮਿਤ ਨਾ ਰਹਿ ਕੇ ਕੌਮੀ/ ਕੌਮਾਂਤਰੀ ਮੰਡੀਆਂ ਤੱਕ ਪਹੁੰਚ ਬਣਾਉਣਗੇ।
ਵਿਸ਼ਵੀਕਰਨ ਅਤੇ ਉਦਾਰੀਕਰਨ ਨਾਲ ਖੇਤੀਬਾੜੀ ਉੱਦਮੀਕਰਨ ਦਾ ਪੱਧਰ ਬਹੁਤ ਵਿਆਪਕ ਹੋ ਗਿਆ ਹੈ। ਵੱਖੋ-ਵੱਖਰੇ ਖ਼ਪਤਕਾਰਾਂ ਦੀ ਜੀਵਨਸ਼ੈਲੀ, ਵਾਤਾਵਰਨ ਸਬੰਧੀ ਨਿਯਮਾਂ, ਉਤਪਾਦਾਂ ਦੀ ਗੁਣਵੱਤਾ ਦੀਆਂ ਨਵੀਆਂ ਲੋੜਾਂ, ਸਥਿਰਤਾ, ਭੋਜਨ ਅਤੇ ਪੋਸ਼ਣ ਸੁਰੱਖਿਆ ਆਦਿ ਤਬਦੀਲੀਆਂ ਨੇ ਖੇਤੀ ਉੱਦਮਤਾ ਅਤੇ ਨਵੀਨਤਾ ਲਈ ਰਾਹ ਸਾਫ਼ ਕਰ ਦਿੱਤਾ ਹੈ। ਖੇਤੀ ਉਤਪਾਦਕ ਅਤੇ ਪ੍ਰਾਸੈਸਰ ਤਕਨੀਕੀ, ਵਪਾਰਕ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਅਪਣਾ ਕੇ ਸਫ਼ਲ ਉੱਦਮੀ ਬਣ ਸਕਦੇ ਹਨ। ਖੇਤੀ ਉੱਦਮਤਾ ਸਾਡੇ ਨੌਜਵਾਨਾਂ ਅਤੇ ਕਿਸਾਨਾਂ ਨੂੰ ਨਾ ਸਿਰਫ਼ ਆਤਮ-ਨਿਰਭਰ ਬਣਾਏਗੀ ਬਲਕਿ ਉਨ੍ਹਾਂ ਵਿਚ ਹੋਰਨਾਂ ਲਈ ਰੁਜ਼ਗਾਰ ਪੈਦਾ ਕਰਨ ਦੀ ਸਮਰੱਥਾ ਪੈਦਾ ਕਰੇਗੀ। ਸਿਰਫ਼ ਸਰਕਾਰ ਦੀਆਂ ਦਿੱਤੀਆਂ ਸਹਾਇਤਾ ’ਤੇ ਨਿਰਭਰ ਰਹਿਣ ਵਾਲੀ ਸੋਚ ਨੂੰ ਛੱਡ ਕੇ ਨਵੀਆਂ ਤਕਨੀਕਾਂ, ਆਧੁਨਿਕ ਗਿਆਨ, ਵਪਾਰਕ ਦ੍ਰਿਸ਼ਟੀਕੋਣ, ਵਿਗਿਆਨਕ ਸੋਚ ਅਪਣਾ ਕੇ ਆਪਣੇ ਹੀ ਦੇਸ਼ ’ਚ ਰਹਿ ਕੇ ਆਪਣੇ ਸਫਲ ਖੇਤੀ ਵਪਾਰ ਨੂੰ ਵਿਦੇਸ਼ਾਂ ਵਿੱਚ ਵੀ ਚਮਕਾ ਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ।
*ਸਹਾਇਕ ਮਾਰਕੀਟਿੰਗ ਅਫ਼ਸਰ, ਲੁਧਿਆਣਾ।

Advertisement

Advertisement
Advertisement
Author Image

Advertisement