ਨਾ ਮੁੱਕਣ ਵਾਲੇ ਕਿੱਸੇ...
ਗੁਰਨਾਮ ਸਿੰਘ ਕੋਟਲੀ
ਕਈ ਦਹਾਕੇ ਪਹਿਲਾਂ ਦੀ ਗੱਲ ਹੈ। ਉਦੋਂ ਬਰਾਤ ਊਠਾਂ, ਘੋੜਿਆਂ ਜਾਂ ਗੱਡਿਆਂ ਰਾਹੀਂ ਆਉਂਦੀ ਸੀ। ਧਰਮਸ਼ਾਲਾ ਵਿਚ ਫੋਕੀ ਚਾਹ ਪਿੱਤਲ ਦੇ ਗਲਾਸਾਂ ਅਤੇ ਬਾਟੀਆਂ ਰਾਹੀਂ ਵਰਤਾਈ ਜਾਂਦੀ ਸੀ। ਆਨੰਦ ਕਾਰਜ ਲਈ ਸੱਦਾ ਆ ਜਾਂਦਾ ਸੀ। ਇਸ ਤੋਂ ਬਾਅਦ ਘਰ ਵਿਚ ਹੀ ਤੱਪੜਾਂ ਉਪਰ ਲੱਡੂ ਅਤੇ ਜਲੇਬੀਆਂ ਵਰਤਾਈਆਂ ਜਾਂਦੀਆਂ ਸਨ। ਕੋਈ ਸ਼ਰਾਰਤੀ ਬਰਾਤੀ ਕੋਠੇ ਉਪਰ ਗੀਤ ਗਾਉਂਦੀਆਂ ਕੁੜੀਆਂ ਵੱਲ ਜਲੇਬੀ ਜਾਂ ਲੱਡੂ ਚਲਾ ਦਿੰਦਾ ਸੀ, ਤੇ ਕੁੜੀਆਂ ਫਿਰ ਗੀਤ ਰਾਹੀਂ ਕਹਿੰਦੀਆਂ ਸਨ- ਟੁੱਟ ਪੈਣੇ ਨੇ ਜਲੇਬੀ ਮਾਰੀ, ਅੱਖ ਵਿਚ ਰਸ ਪੈ ਗਿਆ।... ... ... ਧਰਮਸ਼ਾਲਾ ਵਿਚ ਆ ਕੇ ਸ਼ਰਾਬ ਦਾ ਦੌਰ ਚੱਲਦਾ ਸੀ। ਮਸ਼ੀਨ ਉਪਰ ਸਭ ਤੋਂ ਪਹਿਲਾਂ ‘ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਹੈ’ ਗੀਤ ਵੱਜਦਾ ਸੀ; ਫਿਰ ਦੂਜੇ ਗੀਤ ਚੱਲਦੇ ਸਨ।
ਕਿਸਾਨ ਆਪਣੀਆਂ ਫਸਲਾਂ ਗੱਡਿਆਂ ਜਾਂ ਊਠਾਂ ਉਪਰ ਮੰਡੀ ਵੇਚਣ ਜਾਂਦੇ ਸਨ ਤੇ ਆਉਂਦੇ ਹੋਏ ਪਸ਼ੂਆਂ ਲਈ ਖਲ, ਵੜੇਵੇਂ ਤੇ ਹੋਰ ਨਿੱਕ-ਸੁੱਕ ਲਿਆਉਂਦੇ ਸਨ। ਸੜਕਾਂ, ਬੱਸਾਂ ਤੇ ਟਰੈਕਟਰ ਨਹੀਂ ਸਨ। ਕੁਝ ਕੁ ਬੱਚੇ ਪੈਦਲ ਜਾਂ ਸਾਈਕਲਾਂ ਉਪਰ ਸ਼ਹਿਰ ਪੜ੍ਹਨ ਜਾਂਦੇ ਸਨ ਕਿਉਂਕਿ ਪਿੰਡਾਂ ਵਿਚ ਸਕੂਲ ਅਤੇ ਹਸਪਤਾਲ ਨਹੀਂ ਸਨ। ਕੋਈ ਡੇਰੇ ਦਾ ਸਾਧ ਜਾਂ ਗੁਰਦੁਆਰੇ ਦਾ ਮਹੰਤ ਨਿੱਕੇ ਮੋਟੇ ਰੋਗ ਸਮੇਂ ਦਵਾਈ ਦੇ ਦਿੰਦਾ ਸੀ। ਕੁੜੀਆਂ ਨੂੰ ਪੜ੍ਹਾਉਣ ਦਾ ਰਿਵਾਜ ਨਹੀਂ ਸੀ। ਕਿਸਾਨ ਗੰਨੇ ਵਿਚੋਂ ਘੁਲਾੜੀ ਰਾਹੀਂ ਰਸ ਕੱਢ ਕੇ ਗੁੜ ਬਣਾਉਂਦੇ ਸਨ। ਮਿਰਚਾਂ, ਗੰਢੇ, ਕਪਾਹ ਤੇ ਚਾਰੇ ਸਮੇਤ ਕਣਕ, ਜੌਂਅ, ਛੋਲੇ, ਬਾਜਰਾ ਬੀਜੇ ਜਾਂਦੇ ਸਨ। ਪਿੰਡਾਂ ਵਿਚ ਆਟਾ ਪੀਹਣ ਲਈ ਖਰਾਸ ਹੁੰਦੇ ਸਨ। ਜ਼ਨਾਨੀਆਂ ਕਪਾਹ ਤੋਂ ਵੇਲਣੀਆਂ ਜਾਂ ਪਿੰਜਣੀਆਂ ਰਾਹੀਂ ਰੂੰ ਤੇ ਵੜੇਵੇਂ ਵੱਖ ਕਰਦੀਆਂ ਸਨ। ਫਿਰ ਪਿੰਡ ਦੀਆਂ ਮੁਟਿਆਰਾਂ ਚਰਖਿਆਂ ਨਾਲ ਰੂੰ ਕੱਤ ਕੇ ਧਾਗਾ ਤਿਆਰ ਕਰਦੀਆਂ ਸਨ। ਇਸ ਧਾਗੇ ਤੋਂ ਹੀ ਘਰਾਂ ਵਿਚ ਖੱਡੀਆਂ ਰਾਹੀਂ ਕੱਪੜਾ ਤਿਆਰ ਕੀਤਾ ਜਾਂਦਾ ਸੀ ਜਿਸ ਤੋਂ ਅਗਾਂਹ ਗਦੈਲੇ, ਚਾਦਰਾਂ ਤੇ ਰਜ਼ਾਈਆਂ ਤਿਆਰ ਕੀਤੀਆਂ ਜਾਂਦੀਆਂ ਸਨ।
ਪਿੰਡਾਂ ਵਿਚ ਤੀਆਂ ਦਾ ਰਿਵਾਜ਼ ਸੀ। ਸਉਣ ਮਹੀਨੇ ਕੁੜੀਆਂ ਪੇਕੇ ਘਰ ਆ ਕੇ ਇਹ ਤਿਉਹਾਰ ਮਨਾਉਂਦੀਆਂ ਸਨ। ਜੇ ਕਿਸੇ ਵਹੁਟੀ ਦੇ ਪੇਕੇ ਆਪਣੀ ਧੀ ਨੂੰ ਲੈਣ ਨਾ ਆਉਂਦੇ ਤਾਂ ਕੁੜੀਆਂ ਆਪਣੀ ਭਾਬੋ ਨੂੰ ਤਾਹਨਾ ਮਾਰਦੀਆਂ: ‘ਤੈਨੂੰ ਤੀਆਂ ਨੂੰ ਲੈਣ ਨਾ ਆਏ, ਬਹੁਤਿਆਂ ਭਰਾਵਾਂ ਵਾਲੀਏ’। ਜਿਸ ਦਿਨ ਵਿਛੜਦੀਆਂ ਸਨ, ਤਦ ਕੁੜੀਆਂ ਆਪੋ-ਆਪਣੇ ਘਰਾਂ ਨੂੰ ਆਉਂਦੀਆਂ ਗਾਉਂਦੀਆਂ ਸਨ। ਵਰ੍ਹੇ ਦਿਨਾਂ ਨੂੰ ਫਿਰ ਤੀਆਂ ਤੀਜ ਦੀਆਂ।
ਜਿਸ ਘਰ ਮੁੰਡੇ ਦਾ ਵਿਆਹ ਹੁੰਦਾ ਸੀ, ਉਥੇ ਪਿੰਡ ਦੇ ਮੁੰਡੇ ਗੀਤ ਗਾਉਂਦੇ ਤੇ ਭੰਗੜੇ ਪਾਉਂਦੇ ਸਨ। ਗਿੱਧੇ ਵਿਚ ਮੇਲਣਾਂ ਨੱਚਦੀਆਂ ਸਨ। ਜੇ ਦੇਰੀ ਹੋ ਜਾਂਦੀ ਤਾਂ ਮੁੰਡੇ ਕਹਿੰਦੇ ਸਨ: ‘ਘੱਗਰਾ ਭਾਲਦੀ ਫਿਰਦੀ ਮੇਲਣ ਆਉਂਦੀ ਹੈ’। ਕੋਠਿਆਂ ਉਪਰ ਲੋਕਾਂ ਦਾ ਇੱਕਠ ਹੋ ਜਾਂਦਾ ਸੀ। ਪਿੰਡਾਂ ਵਿਚ ਸ਼ਰਾਬ ਅਫੀਮ ਦਾ ਜ਼ਮਾਨਾ ਸੀ। ਕੁਝ ਲੋਕ ਨਸਵਾਰ ਵੀ ਸੁੰਘਦੇ ਸਨ ਜਿਸ ਕਰ ਕੇ ਕੁਝ ਮੁਟਿਆਰਾਂ ਆਖ ਦਿੰਦੀਆਂ ਸਨ: ‘ਮੇਰੇ ਵਾਲਾ ਸੁੰਘੇ ਨਸਵਾਰ ਖੇਤੂ ਦੀ, ਮਾਰੀ ਗਈ ਮੱਤ ਮੇਰੇ ਵੀਰ ਚੇਤੂ ਦੀ’।
ਪਿੰਡਾਂ ਵਿਚ ਹਰ ਕਿਸਮ ਦੇ ਲੋਕ ਰਹਿੰਦੇ ਸਨ। ਤੇਲੀ ਤੇਲ ਕੱਢਦੇ ਸਨ। ਕਾਮੇੇ ਜੁੱਤੀਆਂ ਸਿਉਣ ਤੇ ਤੋਪੇ ਲਾਉਣ ਦਾ ਕੰਮ ਕਰਦੇ। ਕਿਸਾਨਾਂ ਲਈ ਹਲ ਪੰਜਾਲੀਆਂ ਬਣਾਉਂਦੇ। ਹਲਾਂ ਦੀਆਂ ਚੌਆਂ ਤਿੱਖੀਆਂ ਕਰਦੇ ਜਿਸ ਦੇ ਬਦਲੇ ਕਿਸਾਨ ਫਸਲ ਆਉਣ ’ਤੇ ਉਨ੍ਹਾਂ ਨੂੰ ਅਨਾਜ ਆਦਿ ਦਿੰਦੇ ਸਨ ਜਿਸ ਨੂੰ ‘ਸੇਪੀ’ ਆਖਿਆ ਜਾਂਦਾ ਸੀ। ਘੁਮਿਆਰ ਮਿੱਟੀ ਦੇ ਭਾਂਡੇ ਤਿਆਰ ਕਰਦੇ ਜਾਂ ਉਹ ਆਪਣੇ ਗਧਿਆਂ ਰਾਹੀਂ ਕਿਸਾਨਾਂ ਦੇ ਖੇਤਾਂ ਵਿਚ ਰੂੜੀ ਦੀ ਰੇਹ ਪਾਉਂਦੇ। ਵੈਸੇ ਗੱਡੇ ਅਤੇ ਊਠਾਂ ਰਾਹੀਂ ਵੀ ਇਹ ਕੰਮ ਕੀਤਾ ਜਾਂਦਾ ਸੀ।
ਪੁਰਾਣੇ ਸਮਿਆਂ ਵਿਚ ਸੋਨਾ ਤੋਲਣ ਲਈ ਰੱਤੀ, ਮਾਸਾ ਤੇ ਤੋਲੇ ਦੀ ਵਰਤੋਂ ਕੀਤੀ ਜਾਂਦੀ ਸੀ। ਹੋਰ ਜਿਨਸਾਂ ਲਈ ਛਟਾਂਕ, ਪਾਈਆ, ਸੇਰ, ਮਣ ਦੀ ਵਰਤੋਂ ਕੀਤੀ ਜਾਂਦੀ ਸੀ। ਕਰੰਸੀ ਵਜੋਂ ਧੇਲਾ, ਟਕਾ, ਪੈਸਾ (ਮੁੰਦਰੀ ਤੇ ਡਬਲੀ), ਆਨਾ, ਦਵਾਨੀ, ਚਵਾਨੀ ਅਠਿਆਨੀ, ਰੁਪਿਆ ਹੁੰਦਾ ਸੀ। ਕੱਪੜੇ ਨੂੰ ਗਿਰੇ ਤੇ ਗਜ਼ ਰਾਹੀਂ ਮਿਣਦੇ ਸਨ। ਕਰਮਾਂ (ਸਾਢੇ ਪੰਜ ਫੁੱਟ) ਅਤੇ ਜ਼ਰੀਬਾਂ ਰਾਹੀਂ ਜ਼ਮੀਨ ਮਿਣਿਆ ਕਰਦੇ ਸਨ। ਅੱਜ ਕੱਲ੍ਹ ਦੇ ਕਨਾਲਾਂ ਮਰਲਿਆਂ ਦੀ ਥਾਂ ਕੱਚਾ ਵਿਘਾ, ਪੱਕਾ ਵਿਘਾ ਜਾਂ ਘੁਮਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਪੇਂਡੂ ਲੋਕ ਪਸ਼ੂ ਰੱਖਦੇ ਸਨ। ਸਰਦੀਆਂ ਵਿਚ ਖੁੱਲ੍ਹੀ ਥਾਂ (ਝਿੱੜੀ) ’ਤੇ ਗਾਈਆਂ (ਗਾਵਾਂ), ਮੱਝਾਂ, ਭੇਡਾਂ, ਬੱਕਰੀਆਂ ਬਿਠਾਈਆਂ ਜਾਂਦੀਆਂ ਸਨ। ਗਾਈਆਂ ਨੂੰ ਧੁੱਪ ਨਿਕਲਣ ਤੋਂ ਬਾਅਦ ਪਿੰਡ ਦਾ ਬੰਦਾ (ਬਾਗੀ) ਖੇਤਾਂ ਜਾਂ ਸੂਏ ਕੱਸੀਆਂ ਵੱਲ ਚਾਰਨ ਲੈ ਜਾਂਦਾ ਸੀ। ਸ਼ਾਮ ਨੂੰ ਉਹ ਆਪੋ-ਆਪਣੇ ਘਰੀ ਚਲੀਆਂ ਜਾਂਦੀਆਂ ਸਨ। ਬਾਗੀ ਨੂੰ ਪਿੰਡ ਦੇ ਲੋਕ ਆਟਾ ਦਿੰਦੇ ਸਨ। ਭੇਡਾਂ ਬੱਕਰੀਆਂ ਨੂੰ ਇੱਜੜ ਕਿਹਾ ਜਾਂਦਾ ਸੀ ਜਿਸ ਨੂੰ ਮਾਲਕ ਖੇਤਾਂ ਵੱਲ ਲੈ ਕੇ ਸ਼ਾਮ ਨੂੰ ਘਰ ਆਉਂਦਾ ਸੀ। ਸ਼ਾਮ ਵੇਲੇ ਭੇਡਾਂ ਦੇ ਲੇਲੇ ਤੇ ਬੱਕਰੀਆਂ ਦੇ ਮੇਮਣੇ ਦੁੱਧ ਪੀਣ ਲਈ ਚੀਕ ਚਿਹਾੜਾ ਪਾ ਦਿੰਦੇ।
ਸਮੇਂ ਦੀ ਤਬਦੀਲੀ ਨਾਲ ਪਿੰਡਾਂ ਵਿਚ ਮੋਟਰਸਾਈਕਲ, ਕਾਰਾਂ ਆ ਚੁੱਕੀਆਂ ਹਨ। ਟਰੈਕਟਰ ਆਮ ਹਨ। ਪਿੰਡਾਂ ਦੀਆਂ ਸੜਕਾਂ ਕਰ ਕੇ ਬੱਸਾਂ ਆ ਚੁੱਕੀਆਂ ਹਨ। ਉਂਝ, ਸਮਾਜ ਵਿਚ ਪਹਿਲਾਂ ਵਾਲੀ ਸਾਦਗੀ ਗੁੰਮ ਹੋ ਗਈ ਹੈ। ਪਰਜਾ ਲਾਲਚੀ ਹੋ ਗਈ ਹੈ। ਆਪਸੀ ਪਿਆਰ ਘਟ ਗਿਆ ਹੈ। ਜਿਉਂ ਜਿਉਂ ਗਿਆਨ ਅਤੇ ਨੌਕਰੀਆਂ ਵਧ ਗਈਆਂ ਹਨ, ਪਰਿਵਾਰ ਛੋਟੇ ਹੋ ਕੇ ਸ਼ਹਿਰਾਂ ਚਲੇ ਗਏ। ਹੋਰ ਵੀ ਬਥੇਰੇ, ਅਣਗਿਣਤ ਕਿੱਸੇ ਹਨ ਜਿਹੜੇ ਮੁੱਕਦੇ ਹੀ ਨਹੀਂ।
ਸੰਪਰਕ: 62398-78093