ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਹਾਕੇ ਮਗਰੋਂ ਹੋਈ ਨਿਊਰੋਸਰਜਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 1 ਜੁਲਾਈ
ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਅੱਜ ਚਿਰਾਂ ਮਗਰੋਂ ਨਿਊਰੋ ਸਰਜਰੀ ਦਾ ਅਪਰੇਸ਼ਨ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਸੜਕ ਹਾਦਸੇ ਦੇ ਸ਼ਿਕਾਰ ਇੱਕ ਮਰੀਜ਼ ਦੀ ਸਫ਼ਲ ਨਿਊਰੋ ਸਰਜਰੀ ਇਥੇ ਹਾਲ ਹੀ ਵਿੱਚ ਤਾਇਨਾਤ ਕੀਤੇ ਗਏ ਉੱਘੇ ਨਿੳੂਰੋ ਸਰਜਨ ਡਾ. ਹਰੀਸ਼ ਕੁਮਾਰ ਦੀ ਅਗਵਾਈ ਹੇਠ ਕੀਤੀ ਗਈ, ਜੋ ਲਗਪਗ ਤਿੰਨ ਘੰਟੇ ਚੱਲੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਸਪਤਾਲ ਵਿੱਚ ਕਈ ਸਾਲਾਂ ਤੋਂ ਨਿਊਰੋਸਰਜਨ ਦੀ ਅਸਾਮੀ ਖਾਲੀ ਸੀ, ਜਿਸ ਕਾਰਨ ਲੋਕਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੇ ਭਾਅ ਇਲਾਜ ਕਰਵਾਉਣਾ ਪੈਂਦਾ ਸੀ। ਪਿਛਲੇ ਦਿਨੀਂ ਇਸ ਹਸਪਤਾਲ ਦੀ ਫੇਰੀ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਛੇਤੀ ਹੀ ਨਿਊਰੋਸਰਜਨ ਤਾਇਨਾਤ ਕਰਨ ਦਾ ਵਾਅਦਾ ਕੀਤਾ ਸੀ, ਜਿਸ ਮਗਰੋਂ ਪਿਛਲੇ ਦਿਨੀਂ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਇਥੇ ਨਿਊਰੋਸਰਜਨ ਡਾ. ਹਰੀਸ਼ ਕੁਮਾਰ ਨੂੰ ਭੇਜਿਆ ਸੀ। ਉਨ੍ਹਾਂ ਇਥੇ ਓਪੀਡੀ ਵਿੱਚ ਮਰੀਜ਼ਾਂ ਨੂੰ ਦੇਖਣ ਸਮੇਤ ਸਰਜਰੀਆਂ ਵੀ ਆਰੰਭ ਦਿੱਤੀਆਂ ਹਨ। ਇਸ ਤੋਂ ਪਹਿਲਾਂ ਨਿੳੂਰੋਸਰਜਰੀ ਦੀ ਲੋਡ਼ ਵਾਲੇ ਮਰੀਜ਼ਾਂ ਨੂੰ ਪੀਜੀਆਈ ਲਈ ਰੈਫ਼ਰ ਕਰ ਦਿੱਤਾ ਜਾਂਦਾ ਸੀ।