For the best experience, open
https://m.punjabitribuneonline.com
on your mobile browser.
Advertisement

ਨੈਦਰਲੈਂਡਜ਼ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ

08:36 AM Oct 18, 2023 IST
ਨੈਦਰਲੈਂਡਜ਼ ਨੇ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾਇਆ
ਵਿਕਟ ਲੈਣ ਮਗਰੋਂ ਖ਼ੁਸ਼ੀ ਦੇ ਰੌਂਅ ਵਿੱਚ ਨੈਦਰਲੈਂਡਜ਼ ਦੇ ਖਿਡਾਰੀ। -ਫੋਟੋ: ਪੀਟੀਆਈ
Advertisement

ਧਰਮਸ਼ਾਲਾ, 17 ਅਕਤੂਬਰ
ਸਕੌਟ ਐਡਵਰਡਸ ਦੀ ਕਪਤਾਨੀ ਪਾਰੀ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਨੈਦਰਲੈਂਡਜ਼ ਨੇ ਅੱਜ ਇੱਥੇ ਮੀਂਹ ਨਾਲ ਪ੍ਰਭਾਵਿਤ ਮੈਚ ਵਿੱਚ ਦੱਖਣੀ ਅਫਰੀਕਾ ਨੂੰ 38 ਦੌੜਾਂ ਨਾਲ ਹਰਾ ਦਿੱਤਾ। ਇਹ ਆਈਸੀਸੀ ਇੱਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਵਿੱਚ ਤਿੰਨ ਦਿਨਾਂ ਅੰਦਰ ਦੂਜਾ ਵੱਡਾ ਉਲਟਫੇਰ ਹੈ। ਇਸ ਤੋਂ ਪਹਿਲਾਂ ਅਫਗਾਨਿਸਤਾਨ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾਇਆ ਸੀ। ਮੀਂਹ ਕਾਰਨ ਖੇਡ ਦੇਰ ਨਾਲ ਸ਼ੁਰੂ ਹੋਈ, ਜਿਸ ਕਾਰਨ ਮੈਚ 43 ਓਵਰਾਂ ਦਾ ਕਰ ਦਿੱਤਾ ਗਿਆ। ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ’ਤੇ ਨੈਦਰਲੈਂਡਜ਼ ਨੇ ਨਿਰਧਾਰਤ ਓਵਰਾਂ ਵਿੱਚ ਅੱਠ ਵਿਕਟਾਂ ’ਤੇ 245 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਦੱਖਣੀ ਅਫਰੀਕਾ ਦੀ ਟੀਮ 42.5 ਓਵਰਾਂ ਵਿੱਚ 207 ਦੌੜਾਂ ਹੀ ਬਣਾ ਸਕੀ। ਦੱਖਣੀ ਅਫਰੀਕਾ ਲਈ ਡੇਵਿਡ ਮਿਲਰ ਨੇ ਸਭ ਤੋਂ ਵੱਧ 43 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕੇਸ਼ਵ ਮਾਹਰਾਜ ਨੇ 40, ਐੱਚ ਕਲਾਸੇਨ ਨੇ 28, ਕੁਇੰਟਨ ਡੀਕੌਕ ਨੇ 20 ਅਤੇ ਕਪਤਾਨ ਤੈਂਬਾ ਬਵੁਮਾ ਨੇ 16 ਦੌੜਾਂ ਦਾ ਯੋਗਦਾਨ ਪਾਇਆ। ਉਧਰ ਨੈਦਰਲੈਂਡਜ਼ ਲਈ ਲੋਗਨ ਵੈਨ ਬੀਕ ਨੇ ਤਿੰਨ, ਰੀਲੋਫ ਵੈਨ ਡਰ ਮਰਵੇ, ਬਾਸ ਡੀ ਲੀਡੇ ਤੇ ਪੌਲ ਵੈਨ ਮੀਕੇਰੇਨ ਨੇ ਦੋ-ਦੋ ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਸਕਾਟ ਐਡਵਰਡਸ ਦੀ ਕਪਤਾਨੀ ਪਾਰੀ ਦੀ ਬਦੌਲਤ ਨੈਦਰਲੈਂਡਜ਼ ਨੇ ਖਰਾਬ ਸ਼ੁਰੂਆਤ ਦੇ ਬਾਵਜੂਦ 43 ਓਵਰਾਂ ’ਚ ਅੱਠ ਵਿਕਟਾਂ ਦੇ ਨੁਕਸਾਨ ’ਤੇ 245 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਕਾਗਿਸੋ ਰਬਾਡਾ, ਮਾਰਕੋ ਜਾਨਸੇਨ ਅਤੇ ਲੁੰਗੀ ਐਨਗਿਡੀ ਨੇ ਇੱਕ ਤੋਂ ਬਾਅਦ ਇੱਕ ਵਿਕਟਾਂ ਲੈ ਕੇ ਨੈਦਰਲੈਂਡਜ਼ ਦਾ ਸਕੋਰ 34ਵੇਂ ਓਵਰ ਵਿੱਚ ਸੱਤ ਵਿਕਟਾਂ ਦੇ ਨੁਕਸਾਨ ’ਤੇ 140 ਦੌੜਾਂ ਕਰ ਦਿੱਤਾ। ਇਨ੍ਹਾਂ ਤਿੰਨਾਂ ਗੇਂਦਬਾਜ਼ਾਂ ਨੇ ਦੋ-ਦੋ ਵਿਕਟਾਂ ਲਈਆਂ। ਹਾਲਾਂਕਿ ਦੱਖਣੀ ਅਫਰੀਕਾ ਦੇ ਗੇਂਦਬਾਜ਼ਾਂ ਨੂੰ ਆਖਰੀ ਓਵਰਾਂ ਵਿੱਚ ਕਾਫੀ ਸੰਘਰਸ਼ ਕਰਨਾ ਪਿਆ। ਉਨ੍ਹਾਂ ਨੇ ਆਖਰੀ ਪੰਜ ਓਵਰਾਂ ਵਿੱਚ 68 ਦੌੜਾਂ ਦਿੱਤੀਆਂ। ਐਡਵਰਡਸ ਨੇ 69 ਗੇਂਦਾਂ ’ਤੇ ਨਾਬਾਦ 78 ਦੌੜਾਂ ਬਣਾਈਆਂ। ਉਸ ਨੂੰ ਹੇਠਲੇ ਬੱਲੇਬਾਜ਼ਾਂ ਦਾ ਚੰਗਾ ਸਾਥ ਮਿਲਿਆ। -ਪੀਟੀਆਈ

Advertisement

Advertisement

ਨਿਊਜ਼ੀਲੈਂਡ ਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਅੱਜ

ਚੇਨੱਈ: ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਅਫਗਾਨਿਸਤਾਨ ਨੇ ਕ੍ਰਿਕਟ ਵਿਸ਼ਵ ਕੱਪ ਦੀਆਂ ਸਾਰੀਆਂ ਟੀਮਾਂ ਲਈ ਖਤਰੇ ਦੀ ਘੰਟੀ ਵਜਾ ਦਿੱਤੀ ਹੈ ਅਤੇ ਭਲਕੇ ਬੁੱਧਵਾਰ ਨੂੰ ਇੱਥੇ ਹੋਣ ਵਾਲੇ ਮੈਚ ’ਚ ਨਿਊਜ਼ੀਲੈਂਡ ਦੀ ਟੀਮ ਯਕੀਨੀ ਤੌਰ ’ਤੇ ਅਫਗਾਨੀਆਂ ਨੂੰ ਹਲਕੇ ’ਚ ਲੈਣ ਦੀ ਗਲਤੀ ਨਹੀਂ ਕਰੇਗੀ। ਨਿਊਜ਼ੀਲੈਂਡ ਦੀ ਟੀਮ ਨੇ ਟੂਰਨਾਮੈਂਟ ’ਚ ਹਾਲੇ ਕੋਈ ਮੈਚ ਨਹੀਂ ਹਾਰਿਆ। ਟੀਮ ਆਪਣੀ ਇਹ ਮੁਹਿੰਮ ਜਾਰੀ ਰੱਖਣਾ ਚਾਹੇਗੀ। ਦੂਜੇ ਪਾਸੇ ਪਿਛਲੇ ਮੈਚ ਵਿੱਚ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾਉਣ ਵਾਲੀ ਅਫਗਾਨਿਸਤਾਨ ਦੀ ਟੀਮ ਇੱਕ ਹੋਰ ਉਲਟਫੇਰ ਕਰਨ ਦੀ ਕੋਸ਼ਿਸ਼ ਕਰੇਗੀ। ਨਿਊਜ਼ੀਲੈਂਡ ਨੇ ਹੁਣ ਤੱਕ ਤਿੰਨੋਂ ਮੈਚ ਜਿੱਤੇ ਹਨ ਅਤੇ ਰਨ ਰੇਟ ਦੇ ਆਧਾਰ ’ਤੇ ਭਾਰਤ ਤੋਂ ਬਾਅਦ ਦੂਜੇ ਸਥਾਨ ’ਤੇ ਹੈ। ਅਫਗਾਨਿਸਤਾਨ ਨੂੰ ਪਹਿਲੇ ਦੋ ਮੈਚਾਂ ’ਚ ਬੰਗਲਾਦੇਸ਼ ਅਤੇ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਤੀਜੇ ਮੈਚ ’ਚ ਉਸ ਨੇ ਮੌਜੂਦਾ ਚੈਂਪੀਅਨ ਇੰਗਲੈਂਡ ਨੂੰ ਹਰਾ ਕੇ ਨਵਾਂ ਇਤਿਹਾਸ ਰਚ ਦਿੱਤਾ। ਨਿਊਜ਼ੀਲੈਂਡ ਦੇ ਨਿਯਮਤ ਕਪਤਾਨ ਕੇਨ ਵਿਲੀਅਮਸਨ ਦੇ ਖੱਬੇ ਹੱਥ ਦੇ ਅੰਗੂਠੇ ’ਤੇ ਸੱਟ ਲੱਗੀ ਹੈ, ਜਿਸ ਕਰਕੇ ਟੀਮ ਦੀ ਅਗਵਾਈ ਇਕ ਵਾਰ ਫਿਰ ਵਿਕਟਕੀਪਰ ਬੱਲੇਬਾਜ਼ ਟੌਮ ਲੈਥਮ ਕਰੇਗਾ। -ਪੀਟੀਆਈ

Advertisement
Author Image

sukhwinder singh

View all posts

Advertisement