ਨੇਤਨਯਾਹੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ
ਯੇਰੂਸ਼ਲਮ, 24 ਜੁਲਾਈ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਨੂੰ ਪੇਸਮੇਕਰ ਲਗਾਉਣ ਦੇ ਅਪਰੇਸ਼ਨ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਵਿੱਚ ਅਹਿਮ ਵੋਟਿੰਗ ਤੋਂ ਪਹਿਲਾਂ ਡਿਸਚਾਰਜ ਕੀਤਾ ਗਿਆ ਹੈ। ਪੇਸਮੇਕਰ ਲਗਾਉਣ ਦੇ ਅਪਰੇਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਨੇਤਨਯਾਹੂ (73) ਨੂੰ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਦੇ ਸਰੀਰ ਵਿੱਚ ਦਿਲ ਦੀ ਧੜਕਣ ’ਤੇ ਨਜ਼ਰ ਰੱਖਣ ਵਾਲਾ ਇੱਕ ਉਪਕਰਨ ਲਗਾਇਆ ਗਿਆ ਸੀ। ਪੇਸਮਕੇਰ ਅਜਿਹਾ ਉਪਕਰਨ ਹੈ, ਜੋ ਦਿਲ ਦੇ ਧੜਕਣ ਵਿੱਚ ਮਦਦ ਕਰਦਾ ਹੈ।
ਨੇਤਨਯਾਹੂ ਦਾ ਪੇਸਮੇਕਰ ਲਗਾਉਣ ਦਾ ਅਪਰੇਸ਼ਨ ਐਤਵਾਰ ਸਵੇਰੇ ਰਾਮਤ ਗਨ ਸਥਿਤ ਸ਼ੇਬਾ ਮੈਡੀਕਲ ਕੇਂਦਰ ਵਿੱਚ ਹੋਇਆ। ਪੇਸਮੇਕਰ ਲਗਾਉਣ ਵਾਲੇ ਡਾਕਟਰਾਂ ਨੇ ਬਾਅਦ ਵਿੱਚ ਖੁਲਾਸਾ ਕੀਤਾ ਕਿ ਨੇਤਨਯਾਹੂ ਨੂੰ ਦਿਲ ਦੀ ਧੜਕਨ ਰੁਕਣ ਦੀ ਅਸਥਾਈ ਸਮੱਸਿਆ ਸੀ, ਜੋ ਜਾਨਲੇਵਾ ਹੋ ਸਕਦੀ ਸੀ।
ਡਾਕਟਰਾਂ ਨੇ ਇਹ ਵੀ ਮੰਨਿਆ ਕਿ ਜਦੋਂ ਉਨ੍ਹਾਂ ਨੂੰ ਪਿਛਲੇ ਹਫ਼ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤਾਂ ਇਲੈਕਟ੍ਰੋਡਾਇਓਗ੍ਰਾਮ ਟੈਸਟ ਵਿੱਚ ਕੁੱਝ ਬੇਨਿਯਮੀਆਂ ਨਜ਼ਰ ਆਈਆਂ ਸਨ, ਪਰ ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਸੀ ਕਿ ਪ੍ਰਧਾਨ ਮੰਤਰੀ ਨੇਤਨਯਾਹੂ ਪੂਰੀ ਤਰ੍ਹਾਂ ਠੀਕ ਹਨ। -ਪੀਟੀਆਈ
ਇਜ਼ਰਾਈਲ ਦੀ ਸੰਸਦ ਵੱਲੋਂ ਵਿਵਾਦਤ ਨਿਆਂਇਕ ਸੁਧਾਰ ਸਬੰਧੀ ਬਿੱਲ ਪਾਸ
ਯੇਰੂਸ਼ਲਮ: ਇਜ਼ਰਾਈਲ ਦੀ ਸੰਸਦ ਨੇ ਨਿਆਂਇਕ ਸੁਧਾਰ ਸਬੰਧੀ ਵਿਵਾਦਿਤ ਬਿੱਲ ਨੂੰ ਅੱਜ ਪਾਸ ਕਰ ਦਿੱਤਾ ਹੈ। ਇਹ ਬਿੱਲ ਸਰਕਾਰ ’ਤੇ ਨਿਆਂਇਕ ਨਿਗਰਾਨੀ ਨੂੰ ਰੋਕਦਾ ਹੈ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਨਵਾਂ ਆਕਾਰ ਦੇਣ ਦੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੀ ਯੋਜਨਾ ਦਾ ਅਹਿਮ ਹਿੱਸਾ ਹੈ। ਇਸ ਬਿੱਲ ਖ਼ਿਲਾਫ਼ ਦੇਸ਼ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਬਿੱਲ ਦੇ ਹੱਕ ਵਿੱਚ 64 ਵੋਟਾਂ ਪਈਆਂ, ਜਦੋਂਕਿ ਵਿਰੋਧ ਵਿੱਚ ਕੋਈ ਵੋਟ ਨਹੀਂ ਪਈ। ਵਿਰੋਧੀ ਧਿਰ ਨੇ ਬਾਈਕਾਟ ਕੀਤਾ। ਇਹ ਸਰਕਾਰ ਦੇ ਨਿਆਂਇਕ ਸੁਧਾਰ ਵਿੱਚ ਪਾਸ ਹੋਣ ਵਾਲਾ ਪਹਿਲਾ ਵੱਡਾ ਬਿੱਲ ਹੈ। ਇਸ ਬਿੱਲ ਦੇ ਕਾਨੂੰਨ ਮਗਰੋਂ ਸੁਪਰੀਮ ਕੋਰਟ ਤੋਂ ਸਰਕਾਰੀ ਫ਼ੈਸਲਿਆਂ ਨੂੰ ‘ਅਣਉਚਿੱਤ’ ਠਹਿਰਾਏ ਜਾਣ ਦਾ ਅਧਿਕਾਰ ਖੁੱਸ ਜਾਵੇਗਾ। ਅਦਾਲਤ ਕੋਲ ਮੌਜੂਦਾ ਸ਼ਕਤੀ ਦੇਸ਼ ਦੀ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਣ ਵਿੱਚ ਮਦਦ ਕਰਦੀ ਹੈ। -ਪੀਟੀਆਈ