ਇਜ਼ਰਾਈਲ ਦੀ ਸੰਸਦ ਵੱਲੋਂ ਵਿਵਾਦਤ ਨਿਆਂਇਕ ਸੁਧਾਰ ਸਬੰਧੀ ਬਿੱਲ ਪਾਸ
ਯੇਰੂਸ਼ਲਮ, 24 ਜੁਲਾਈ
ਇਜ਼ਰਾਈਲ ਦੀ ਸੰਸਦ ਨੇ ਨਿਆਂਇਕ ਸੁਧਾਰ ਸਬੰਧੀ ਵਿਵਾਦਿਤ ਬਿੱਲ ਨੂੰ ਪਾਸ ਕਰ ਦਿੱਤਾ ਹੈ। ਇਹ ਬਿੱਲ ਸਰਕਾਰ ’ਤੇ ਨਿਆਂਇਕ ਨਿਗਰਾਨੀ ਨੂੰ ਰੋਕਦਾ ਹੈ ਅਤੇ ਦੇਸ਼ ਦੀ ਨਿਆਂ ਪ੍ਰਣਾਲੀ ਨੂੰ ਨਵਾਂ ਆਕਾਰ ਦੇਣ ਦੀ ਪ੍ਰਧਾਨ ਮੰਤਰੀ ਬੈਂਜਾਮਨਿ ਨੇਤਨਯਾਹੂ ਦੀ ਯੋਜਨਾ ਦਾ ਅਹਿਮ ਹਿੱਸਾ ਹੈ। ਇਸ ਬਿੱਲ ਦੇ ਪਾਸ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੂੰ ਪੇਸਮੇਕਰ ਲਗਾਉਣ ਦੇ ਅਪਰੇਸ਼ਨ ਮਗਰੋਂ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਵਿੱਚ ਅਹਿਮ ਵੋਟਿੰਗ ਤੋਂ ਪਹਿਲਾਂ ਡਿਸਚਾਰਜ ਕੀਤਾ ਗਿਆ। ਇਸ ਬਿੱਲ ਖ਼ਿਲਾਫ਼ ਦੇਸ਼ ਵਿੱਚ ਵੱਡੇ ਪੱਧਰ ’ਤੇ ਵਿਰੋਧ ਪ੍ਰਦਰਸ਼ਨ ਹੋਏ ਹਨ। ਬਿੱਲ ਦੇ ਹੱਕ ਵਿੱਚ 64 ਵੋਟਾਂ ਪਈਆਂ, ਜਦੋਂਕਿ ਵਿਰੋਧ ਵਿੱਚ ਕੋਈ ਵੋਟ ਨਹੀਂ ਪਈ। ਵਿਰੋਧੀ ਧਿਰ ਨੇ ਬਾਈਕਾਟ ਕੀਤਾ। ਇਹ ਸਰਕਾਰ ਦੇ ਨਿਆਂਇਕ ਸੁਧਾਰ ਵਿੱਚ ਪਾਸ ਹੋਣ ਵਾਲਾ ਪਹਿਲਾ ਵੱਡਾ ਬਿੱਲ ਹੈ। ਇਸ ਬਿੱਲ ਦੇ ਕਾਨੂੰਨ ਮਗਰੋਂ ਸੁਪਰੀਮ ਕੋਰਟ ਤੋਂ ਸਰਕਾਰੀ ਫ਼ੈਸਲਿਆਂ ਨੂੰ ‘ਅਣਉਚਿੱਤ’ ਠਹਿਰਾਏ ਜਾਣ ਦਾ ਅਧਿਕਾਰ ਖੁੱਸ ਜਾਵੇਗਾ। ਅਦਾਲਤ ਕੋਲ ਮੌਜੂਦਾ ਸ਼ਕਤੀ ਦੇਸ਼ ਦੀ ਸਰਕਾਰ ਨੂੰ ਤਾਨਾਸ਼ਾਹ ਬਣਨ ਤੋਂ ਰੋਕਣ ਵਿੱਚ ਮਦਦ ਕਰਦੀ ਹੈ। -ਪੀਟੀਆਈ