For the best experience, open
https://m.punjabitribuneonline.com
on your mobile browser.
Advertisement

ਜੰਗਬੰਦੀ ਬਾਰੇ ਗੱਲਬਾਤ ਦਰਮਿਆਨ ਨੇਤਨਯਾਹੂ ਵੱਲੋਂ ਰਾਫਾਹ ’ਤੇ ਹਮਲੇ ਦਾ ਅਹਿਦ

07:58 AM May 01, 2024 IST
ਜੰਗਬੰਦੀ ਬਾਰੇ ਗੱਲਬਾਤ ਦਰਮਿਆਨ ਨੇਤਨਯਾਹੂ ਵੱਲੋਂ ਰਾਫਾਹ ’ਤੇ ਹਮਲੇ ਦਾ ਅਹਿਦ
ਇਜ਼ਰਾਈਲ ਹਮਾਸ ਜੰਗ ਖ਼ਿਲਾਫ਼ ਨਿਊਯਾਰਕ ਵਿੱਚ ਰੈਲੀ ਕਰਦੇ ਹੋਏ ਵਿਦਿਆਰਥੀ। -ਫੋਟੋ: ਰਾਇਟਰਜ਼
Advertisement

ਯੇਰੂਸ਼ਲਮ/ਨਿਊਯਾਰਕ, 30 ਅਪਰੈਲ
ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅੱਜ ਹਜ਼ਾਰਾਂ ਫਲਸਤੀਨੀਆਂ ਨੂੰ ਪਨਾਹ ਦੇਣ ਵਾਲੇ ਦੱਖਣੀ ਗਾਜ਼ਾ ਦੇ ਸ਼ਹਿਰ ਰਾਫਾਹ ’ਤੇ ਹਮਲਾ ਕਰਨ ਦਾ ਅਹਿਦ ਲਿਆ ਹੈ। ਦੂਜੇ ਪਾਸੇ ਫਲਸਤੀਨੀਆਂ ਦੇ ਹੱਕ ’ਚ ਰੋਸ ਮੁਜ਼ਾਹਰੇ ਕਰ ਰਹੇ ਦਰਜਨਾਂ ਵਿਅਕਤੀਆਂ ਨੇ ਅੱਜ ਨਿਊਯਾਰਕ ’ਚ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਇਮਾਰਤ ’ਤੇ ਕਬਜ਼ਾ ਕਰ ਲਿਆ।
ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ‘ਸਮਝੌਤੇ ਦੇ ਨਾਲ ਜਾਂ ਉਸ ਤੋਂ ਬਿਨਾਂ’ ਹਮਾਸ ਦੀਆਂ ਬਟਾਲੀਅਨਾਂ ਨੂੰ ਤਬਾਹ ਕਰਨ ਲਈ ਰਾਫਾਹ ’ਚ ਦਾਖਲ ਹੋਵੇਗਾ। ਬੰਦੀਆਂ ਨੂੰ ਰਿਹਾਅ ਕਰਾਉਣ ਅਤੇ ਤਕਰੀਬਨ ਸੱਤ ਮਹੀਨੇ ਤੋਂ ਚੱਲ ਰਹੀ ਜੰਗ ’ਚ ਕੁਝ ਰਾਹਤ ਲਿਆਉਣ ਲਈ ਇਜ਼ਰਾਈਲ ਤੇ ਹਮਾਸ ਜੰਗਬੰਦੀ ਸਮਝੌਤੇ ’ਤੇ ਗੱਲ ਕਰ ਰਹੇ ਹਨ। ਨੇਤਨਯਾਹੂ ਨੇ ਗਾਜ਼ਾ ’ਚ ਅਤਿਵਾਦੀਆਂ ਵੱਲੋਂ ਬੰਦੀ ਬਣਾਏ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਦੌਰਾਨ ਕਿਹਾ ਕਿ ਇਹ ਵਿਚਾਰ ਕਿ ਉਹ ਸਾਰੇ ਟੀਚੇ ਹਾਸਲ ਕਰਨ ਤੋਂ ਪਹਿਲਾਂ ਜੰਗ ਰੋਕ ਦੇਣਗੇ, ਪੂਰੀ ਤਰ੍ਹਾਂ ਬੇਤੁਕੀ ਗੱਲ ਹੈ। ਉਨ੍ਹਾਂ ਕਿਹਾ, ‘ਅਸੀਂ ਸਮਝੌਤੇ ਦੇ ਨਾਲ ਜਾਂ ਉਸ ਤੋਂ ਬਿਨਾਂ ਰਾਫਾਹ ਅੰਦਰ ਦਾਖਲ ਹੋਵਾਂਗੇ ਤੇ ਉੱਥੇ ਹਮਾਸ ਬਟਾਲੀਅਨਾਂ ਨੂੰ ਖਤਮ ਕਰ ਦੇਵਾਂਗੇ।’ ਇਜ਼ਰਾਈਲ ਦਾ ਮੰਨਣਾ ਹੈ ਕਿ ਰਾਫਾਹ ਸ਼ਹਿਰ ਹਮਾਸ ਦਾ ਆਖਰੀ ਬਚਿਆ ਹੋਇਆ ਵੱਡਾ ਗੜ੍ਹ ਹੈ।
ਦੂਜੇ ਪਾਸੇ ਦਰਜਨਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਤੜਕੇ ਨਿਊਯਾਰਕ ’ਚ ਕੋਲੰਬੀਆ ਯੂਨੀਵਰਸਿਟੀ ਦੀ ਇੱਕ ਇਮਾਰਤ ’ਤੇ ਕਬਜ਼ਾ ਕਰ ਲਿਆ, ਦਾਖਲਿਆਂ ’ਤੇ ਬੈਰੀਕੇਡਿੰਗ ਕਰ ਦਿੱਤੀ ਅਤੇ ਇਜ਼ਰਾਈਲ-ਹਮਾਸ ਜੰਗ ਖ਼ਿਲਾਫ਼ ਪ੍ਰਦਰਸ਼ਨਾਂ ’ਚ ਵਾਧਾ ਕਰਦਿਆਂ ਇੱਕ ਖਿੜਕੀ ’ਚੋਂ ਫਲਸਤੀਨ ਦੇ ਹੱਕ ’ਚ ਝੰਡਾ ਲਹਿਰਾ ਦਿੱਤਾ। ਇਹ ਰੋਸ ਮੁਜ਼ਾਹਰੇ ਦੇਸ਼ ਭਰ ਅੰਦਰ ਫੈਲ ਰਹੇ ਹਨ। ਇਸ ਸਬੰਧੀ ਜਾਰੀ ਹੋਈ ਵੀਡੀਓ ’ਚ ਪ੍ਰਦਰਸ਼ਨਕਾਰੀ ਕੋਲੰਬੀਆ ਦੇ ਮੈਨਹੱਟਨ ਕੰਪਲੈਕਸ ’ਚੋਂ ਫਰਨੀਚਰ ਤੇ ਹੋਰ ਸਾਮਾਨ ਚੁੱਕ ਕੇ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ। -ਏਪੀ

Advertisement

ਫਲਸਤੀਨ ਦੇ ਬਾਗ਼ੀ ਗਰੁੱਪਾਂ ‘ਹਮਾਸ’ ਅਤੇ ‘ਫਤਹਿ’ ਵਿਚਾਲੇ ਚੀਨ ਵਿੱਚ ਗੱਲਬਾਤ

ਪੇਈਚਿੰਗ: ਚੀਨ ਦੇ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਫਲਸਤੀਨ ਦੇ ਬਾਗ਼ੀ ਗਰੁੱਪਾਂ ਹਮਾਸ ਅਤੇ ਫਤਹਿ ਦੇ ਨੁਮਾਇੰਦਿਆਂ ਦਰਮਿਆਨ ਇੱਥੇ ਕੌਮੀ ਰਾਜਧਾਨੀ ਵਿੱਚ ਹਾਲ ਹੀ ਵਿੱਚ ਹੋਈ ਗੱਲਬਾਤ ‘ਉਤਸ਼ਾਹਜਨਕ’ ਰਹੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਲਿਨ ਜਿਆਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁੱਝ ਵੇਰਵੇ ਵੀ ਸਾਂਝੇ ਕੀਤੇ। ਹਾਲਾਂਕਿ, ਇਹ ਮੀਟਿੰਗ ਚੀਨ ਦਾ ਮੱਧ ਪੂਰਬ ਵਿੱਚ ਅਮਰੀਕਾ ਅਤੇ ਉਸ ਦੇ ਪੱਛਮੀ ਸਹਿਯੋਗੀਆਂ ਦੇ ਮੁਕਾਬਲੇ ਖੁਦ ਨੂੰ ਵਿਚੋਲੇ ਵਜੋਂ ਪੇਸ਼ ਕਰਨ ਦਾ ਯਤਨ ਹੈ। ਅਮਰੀਕਾ ਤੇ ਪੱਛਮੀ ਮੁਲਕ ਇਜ਼ਰਾਈਲ ਦੇ ਸਮਰਥਨ ਵਿੱਚ ਹਨ। ਲਿਨ ਨੇ ਕਿਹਾ ਕਿ ਚੀਨ ਦੇ ਸੱਦੇ ’ਤੇ ਦੋਵਾਂ ਬਾਗ਼ੀ ਗਰੁੱਪਾਂ ਦੇ ਨੁਮਾਇੰਦੇ ਫਲਸਤੀਨੀ ਮਸਲੇ ਦੇ ਹੱਲ ਸਬੰਧੀ ਡੂੰਘੀ ਚਰਚਾ ਕਰਨ ਲਈ ਪੇਈਚਿੰਗ ਇਕੱਠੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਦੌਰਾਨ ਉਨ੍ਹਾਂ ਨੇ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਅਤੇ ਗੱਲਬਾਤ ਉਤਸ਼ਾਹਜਨਕ ਰਹੀ। ਦੱਖਣੀ ਇਜ਼ਰਾਈਲ ਵਿੱਚ 7 ਅਕਤੂਬਰ ਨੂੰ ਹਮਲੇ ਕੀਤੇ ਜਾਣ ਮਗਰੋਂ ਇਜ਼ਰਾਈਲ ਨੇ ਗਾਜ਼ਾ ਵਿੱਚ ਹਮਾਸ ਦੀ ਘੇਰਾਬੰਦੀ ਕੀਤੀ ਹੋਈ ਹੈ। ਇਸ ਖੇਤਰ ਵਿੱਚ ਇਜ਼ਰਾਈਲ ਦੀ ਮੌਜੂਦਗੀ ਕਾਰਨ ਵੈਸਟ ਬੈਂਕ ਵਿੱਚ ਫਤਹਿ ਦਾ ਸ਼ਾਸਨ ਵੀ ਗੰਭੀਰ ਤਣਾਅ ਵਿੱਚ ਹੈ। ਲਿਨ ਨੇ ਕਿਹਾ, ‘‘ਦੋਵੇਂ ਧਿਰਾਂ ਇਸ ਗੱਲਬਾਤ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਲਈ ਸਹਿਮਤ ਹੋਏ ਤਾਂ ਜੋ ਛੇਤੀ ਤੋਂ ਛੇਤੀ ਫਲਸਤੀਨੀ ਇਕਜੁੱਟਤਾ ਅਤੇ ਏਕਤਾ ਨੂੰ ਹਾਸਲ ਕੀਤਾ ਜਾ ਸਕੇ।’’ ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਫਲਸਤੀਨੀ ਲੋਕਾਂ ਦੇ ਜਾਇਜ਼ ਕੌਮੀ ਅਧਿਕਾਰਾਂ ਨੂੰ ਬਹਾਲ ਕਰਨ ਲਈ ਚੀਨ ਦੇ ਭਰਪੂਰ ਸਮਰਥਨ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਅਤੇ ਫਲਸਤੀਨ ਦੀ ਅੰਦਰੂਨੀ ਏਕਤਾ ਦੀ ਮਜ਼ਬੂਤੀ ਵਿੱਚ ਮਦਦ ਲਈ ਚੀਨ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਏ।” -ਏਪੀ

Advertisement
Author Image

Advertisement
Advertisement
×