ਦੇਸ਼ ਭਗਤ ਯਾਦਗਾਰ ਹਾਲ ਦੇ ਬਾਹਰ ਬਣਨਗੇ ‘ਕਿਤਾਬਾਂ ਦੇ ਆਲ੍ਹਣੇ’
ਜਲੰਧਰ: ਬਰਮਿੰਘਮ ਤੋਂ ਐਡਵੋਕੇਟ ਜਗਰੂਪ ਸਿੰਘ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਪੁੱਜੇ ਉਨ੍ਹਾਂ ਨਾਲ਼ ਗੁਰਪ੍ਰੀਤ ਸਿੰਘ ਉਨ੍ਹਾਂ ਦੇ ਜੀਵਨ ਸਾਥੀ ਰਾਜਵੀਰ ਕੌਰ ਅਤੇ ਮਾਂ ਦਵਿੰਦਰ ਕੌਰ ਵੀ ਆਏ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਕਮੇਟੀ ਦੇ ਸੀਨੀਅਰ ਮੈਂਬਰ ਸੁਰਿੰਦਰ ਕੁਮਾਰੀ ਕੋਛੜ ਅਤੇ ਕੁਲਬੀਰ ਸਿੰਘ ਸੰਘੇੜਾ ਨੇ ਕਿਤਾਬਾਂ ਦੇ ਸੈੱਟ ਦੇ ਕੇ ਉਨ੍ਹਾਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਦੇਸ਼ ਭਗਤ ਯਾਦਗਾਰ ਹਾਲ ਦੀਆਂ ਸਰਗਰਮੀਆਂ ਨੂੰ ਮੁਲਕ ਅਤੇ ਵਿਦੇਸ਼ਾਂ ’ਚ ਵਸਦੇ ਲੋਕਾਂ ਲਈ ਪ੍ਰੇਰਨਾਦਾਇਕ ਦੱਸਿਆ। ਕਮੇਟੀ ਨੇ ਉਹਨਾਂ ਨਾਲ਼ ਗੰਭੀਰ ਵਿਚਾਰ ਚਰਚਾ ਕਰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਹਾਲ ਦਾ ਜੀ. ਟੀ. ਰੋਡ ਵਾਲੇ ਸਾਰੇ ਪ੍ਰਮੁੱਖ ਹਿੱਸੇ ਨੂੰ ਇਤਿਹਾਸਕ, ਸਾਹਿਤਕ ਸਭਿਆਚਾਰਕ ਅਤੇ ਕਲਾਤਮਿਕ ਦਿੱਖ ਦੇਣ ਲਈ ਵਿਸ਼ੇਸ਼ ਉੱਦਮ ਜੁਟਾਇਆ ਜਾ ਰਿਹਾ ਹੈ। ਹਾਲ ਦੇ ਸਾਹਮਣੇ ਦੇ ਹਿੱਸੇ ਵਿੱਚ ਘਾਹ, ਬੂਟਿਆਂ ਤੋਂ ਇਲਾਵਾ ‘ਕਿਤਾਬਾਂ ਦੇ ਆਲ੍ਹਣੇ’ ਅਤੇ ਰੌਸ਼ਨੀ ਦਾ ਪ੍ਰਬੰਧ ਕਰਨ ਦਾ ਵਿਚਾਰ ਹੈ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਲੋਕਾਂ ਨੂੰ ਇਸ ਕਾਰਜ਼ ਵਿੱਚ ਹਰ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ। -ਨਿੱਜੀ ਪੱਤਰ ਪ੍ਰੇਰਕ