ਤਾਈ ਦੀ ਹੱਤਿਆ ਕਰਨ ਵਾਲਾ ਭਤੀਜਾ ਗ੍ਰਿਫ਼ਤਾਰ
ਸਰਬਜੀਤ ਸਿੰਘ ਭੱਟੀ
ਅੰਬਾਲਾ, 23 ਮਈ
ਥਾਣਾ ਸਾਹਾ ਅਧੀਨ ਆਉਣ ਵਾਲੇ ਪਿੰਡ ਚੁੜਿਆਲੀ ’ਚ ਬਿਰਧ ਔਰਤ ਦੇ ਕਤਲ ਦੀ ਗੁੱਥੀ ਪੁਲੀਸ ਨੇ ਕੁਝ ਦਿਨਾਂ ’ਚ ਸੁਲਝਾ ਲਈ ਹੈ। ਪੁਲੀਸ ਅਨੁਸਾਰ ਇਹ ਹੱਤਿਆ ਔਰਤ ਦੇ ਭਤੀਜੇ ਨੇ ਹੀ ਪੈਸੇ ਅਤੇ ਗਹਿਣਿਆਂ ਦੇ ਲਾਲਚ ’ਚ ਆ ਕੇ ਕੀਤੀ। ਮੁਲਜ਼ਮ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਦੀ ਪਛਾਣ ਅਭਿਮੰਨਿਊ ਉਰਫ਼ ਚਿੰਟੂ ਵਾਸੀ ਪਿੰਡ ਦੁਖੇੜੀ ਵਜੋਂ ਹੋਈ ਹੈ।
ਇਸ ਸਬੰਧੀ ਥਾਣਾ ਸਾਹਾ ਦੇ ਇੰਚਾਰਜ ਸਬ-ਇੰਸਪੈਕਟਰ ਕਰਮਵੀਰ ਸਿੰਘ ਨੇ ਦੱਸਿਆ ਕਿ 15 ਮਈ ਨੂੰ ਬਿਰਧ ਔਰਤ ਆਪਣੇ ਭਤੀਜੇ ਨਾਲ ਚੌਕੀ ਲਗਾਉਣ ਗਈ ਸੀ ਪਰ ਉਹ ਘਰ ਵਾਪਸ ਨਹੀਂ ਆਈ। 16 ਮਈ ਦੀ ਰਾਤ ਨੂੰ ਉਸ ਦੀ ਲਾਸ਼ ਪਿੰਡ ਚੁੜਿਆਲੀ ਦੀ ਪੰਚਾਇਤੀ ਜ਼ਮੀਨ ਵਿੱਚ ਪਈ ਮਿਲੀ ਸੀ। ਔਰਤ ਦੇ ਸਿਰ, ਮੂੰਹ ਅਤੇ ਉਂਗਲੀਆਂ ਨੂੰ ਜ਼ਖ਼ਮੀ ਕੀਤਾ ਗਿਆ ਸੀ। ਪੁਲੀਸ ਨੇ ਸਾਈਬਰ ਮਾਹਿਰਾਂ ਦੀ ਮਦਦ ਲੈ ਕੇ ਜਾਂਚ ਸ਼ੁਰੂ ਕੀਤੀ ਸੀ। ਇਸ ਦੌਰਾਨ ਸਾਰਾ ਸ਼ੱਕ ਮਹਿਲਾ ਦੇ ਭਤੀਜੇ ਅਭਿਮੰਨਿਊ ’ਤੇ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਨੇ ਅਭਿਮੰਨਿਊ ਤੋਂ ਪੁੱਛ-ਪੜਤਾਲ ਕੀਤੀ ਤਾਂ ਉਸ ਮੰਨਿਆ ਕਿ ਉਸ ਨੂੰ ਲੱਗਿਆ ਸੀ ਕਿ ਤਾਈ ਕੋਲ ਸੋਨੇ ਦੀਆਂ ਵਾਲੀਆਂ ਅਤੇ ਨਗਦ ਪੈਸੇ ਹਨ, ਜੋ ਉਸ ਦਾ ਕਰਜ਼ਾ ਉਤਾਰਨ ਵਿੱਚ ਮਦਦਗਾਰ ਹੋ ਸਕਦੇ ਹਨ। ਇਸ ਲਈ ਉਸ ਨੇ ਆਪਣੀ ਤਾਈ ਦੀ ਪੱਥਰ ਅਤੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਅਭਿਮੰਨਿਊ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਤਿੰਨ ਰੋਜ਼ਾ ਰਿਮਾਂਡ ਲਿਆ ਗਿਆ ਹੈ। ਮਾਮਲੇ ਦੀ ਸ਼ਿਕਾਇਤ ਮ੍ਰਿਤਕ ਦੇ ਪੁੱਤਰ ਸੰਜੀਵ ਕੁਮਾਰ ਵਾਸੀ ਦੁਖੇੜੀ ਨੇ ਦਰਜ ਕਰਵਾਈ ਸੀ।