ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਇਕਾਂ ਦੇ ਜੋੜ-ਤੋੜ ’ਚ ਚਾਚੇ ਨਾਲੋਂ ਭਤੀਜਾ ਅੱਗੇ

07:04 AM Jul 06, 2023 IST
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਹੋਰ ਐੱਨਸੀਪੀ ਆਗੂ ਸ਼ਕਤੀ ਪ੍ਰਦਰਸ਼ਨ ਕਰਦੇ ਹੋਏ।

* ਅਜੀਤ ਪਵਾਰ ਦੀ ਮੀਟਿੰਗ ’ਚ 32 ਤੇ ਸ਼ਰਦ ਪਵਾਰ ਦੀ ਮੀਟਿੰਗ ’ਚ 18 ਵਿਧਾਇਕ ਹੋਏ ਸ਼ਾਮਲ

* ਭਤੀਜੇ ਨੇ ਚਾਚੇ ਨੂੰ ਸਰਗਰਮ ਸਿਆਸਤ ਤੋਂ ਸੇਵਾਮੁਕਤ ਹੋਣ ਦਾ ਸੁਝਾਅ ਦਿੱਤਾ

* 60 ਸਾਲ ਿਵੱਚ ਆਈਏਐੱਸ ਤੇ 75 ਸਾਲ ਿਵੱਚ ਭਾਜਪਾ ਆਗੂ ਸੇਵਾਮੁਕਤ ਹੁੰਦੇ ਨੇ: ਅਜੀਤ ਪਵਾਰ

* ਅੈੱਨਸੀਪੀ ਮੁਖੀ ਨੇ ਭਾਜਪਾ ਨਾਲ ਸਾਂਝ ਪਾਉਣ ਵਾਲਿਆਂ ਦੀ ‘ਸਿਆਸੀ ਤਬਾਹੀ’ ਯਕੀਨੀ ਦੱਸੀ

* ਸਿਆਸੀ ਭਾਈਵਾਲਾਂ ਨੂੰ ਕਮਜ਼ੋਰ ਕਰਨਾ ਭਾਜਪਾ ਦੀ ਨੀਤੀ: ਸ਼ਰਦ ਪਵਾਰ

* ਦੋਵੇਂ ਆਗੂਆਂ ਨੇ ਵੱਖੋ-ਵੱਖਰੀਆਂ ਮੀਟਿੰਗਾਂ ਕਰਕੇ ਇੱਕ-ਦੂਜੇ ’ਤੇ ਕੀਤੇ ਸ਼ਬਦੀ ਹਮਲੇ

ਮੁੰਬਈ, 5 ਜੁਲਾਈ
ਨੈਸ਼ਨਲਿਸਟ ਕਾਂਗਰਸ ਪਾਰਟੀ (ਐੱਨਸੀਪੀ) ਦੇ ਦੋ ਧੜਿਆਂ ਨੇ ਜਥੇਬੰਦੀ ’ਤੇ ਕੰਟਰੋਲ ਨੂੰ ਲੈ ਕੇ ਆਪੋ-ਆਪਣੀ ਤਾਕਤ ਦਿਖਾਉਣ ਦੇ ਇਰਾਦੇ ਨਾਲ ਅੱਜ ਦੋ ਵੱਖੋ-ਵੱਖਰੀਆਂ ਮੀਟਿੰਗਾਂ ਕੀਤੀਆਂ। ਇਨ੍ਹਾਂ ਬੈਠਕਾਂ ਵਿੱਚ ਵਿਧਾੲਿਕਾਂ ਦੀ ਗਿਣਤੀ ਸਬੰਧੀ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਮੁਕਾਬਲੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਭਤੀਜੇ ਅਜੀਤ ਪਵਾਰ ਦਾ ਹੱਥ ਉੱਤੇ ਰਿਹਾ। ਮਹਾਰਾਸ਼ਟਰ ਅਸੈਂਬਲੀ ਵਿੱਚ ਐੱਨਸੀਪੀ ਦੇ 53 ਵਿਧਾਇਕਾਂ ਵਿਚੋਂ 32 ਅਜੀਤ ਪਵਾਰ ਵੱਲੋਂ ਸੱਦੀ ਬੈਠਕ ਵਿੱਚ ਸ਼ਾਮਲ ਹੋਏ ਜਦੋਂਕਿ ਐੱਨਸੀਪੀ ਮੁਖੀ ਨੇ ਜਿਸ ਸਮਾਗਮ ਨੂੰ ਸੰਬੋਧਨ ਕੀਤਾ ਉਸ ਵਿੱਚ 18 ਵਿਧਾਇਕ ਮੌਜੂਦ ਸਨ। ਐੱਨਸੀਪੀ ਦੇ ਦੋਫਾੜ ਹੋਣ ਮਗਰੋਂ ਸੱਦੀਆਂ ਇਨ੍ਹਾਂ ਵੱਖੋ ਵੱਖਰੀਆਂ ਮੀਟਿੰਗਾਂ ਵਿੱਚ ਸ਼ਰਦ ਪਵਾਰ ਨੇ ਜਿੱਥੇ ਅਾਪਣੇ ਭਤੀਜੇ ਨੂੰ ਸ਼ਿਵ ਸੈਨਾ-ਭਾਜਪਾ ਸਰਕਾਰ ਦੀ ਬਾਂਹ ਫੜਨ ਲਈ ਭੰਡਿਆ, ਉਥੇ ਅਜੀਤ ਪਵਾਰ ਨੇ ਐੱਨਸੀਪੀ ਮੁਖੀ ਦੀ ਵਡੇਰੀ ਉਮਰ ਨੂੰ ਲੈ ਕੇ ਟਿੱਪਣੀਆਂ ਕੀਤੀਆਂ। ਸ਼ਰਦ ਪਵਾਰ ਧੜੇ ਨੇ ਦੱਖਣੀ ਮੁੰਬਈ ਦੇ ਯਸ਼ਵੰਤਰਾਓ ਚਵਾਨ ਸੈਂਟਰ ਤੇ ਅਜੀਤ ਪਵਾਰ ਧੜੇ ਨੇ ਸਬ-ਅਰਬਨ ਬਾਂਦਰਾ ਦੇ ਭੁਜਬਲ ਨਾਲੇਜ ਸਿਟੀ ਵਿੱਚ ਬੈਠਕਾਂ ਕੀਤੀਆਂ।

Advertisement

ਐੱਨਸੀਪੀ ਆਗੂ ਸ਼ਰਦ ਪਵਾਰ ਮੁੰਬਈ ਿਵੱਚ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ। -ਫੋਟੋਅਾਂ: ਪੀਟੀਆਈ

ਅਜੀਤ ਪਵਾਰ, ਜਿਨ੍ਹਾਂ 2 ਜੁਲਾਈ ਨੂੰ ਉਪ ਮੁੱਖ ਮੰਤਰੀ ਵਜੋਂ ਹਲਫ਼ ਲਿਆ ਸੀ, ਨੇ ਆਪਣੇ 83 ਸਾਲਾ ਚਾਚੇ (ਸ਼ਰਦ ਪਵਾਰ) ਨੂੰ ਚੇਤੇ ਕਰਵਾਇਆ ਕਿ ਉਨ੍ਹਾਂ ਲਈ ਸਰਗਰਮ ਸਿਆਸਤ ਤੋਂ ਸੇਵਾਮੁਕਤ ਹੋਣ ਦਾ ਸਮਾਂ ਹੈ। ਅਜੀਤ ਨੇ ਕਿਹਾ, ‘‘ਭਾਜਪਾ ਵਿੱਚ 75 ਸਾਲ ਦੀ ੳੁਮਰ ਵਿੱਚ ਆਗੂ ਸੇਵਾ ਮੁਕਤ ਹੋ ਜਾਂਦੇ ਹਨ, ਤੁਸੀਂ ਕਦੋਂ ਰੁਕੋਗੇ?’’ ਉਨ੍ਹਾਂ ਕਿਹਾ, ‘‘ਹਰ ਕਿਸੇ ਦੀ ਆਪਣੀ ਪਾਰੀ ਹੁੰਦੀ ਹੈ। ਸਭ ਤੋਂ ਉਪਜਾੳੂ ਸਾਲ 25 ਤੋਂ 75 ਸਾਲ ਹੁੰਦੇ ਹਨ।’’ ਉਪ ਮੁੱਖ ਮੰਤਰੀ ਨੇ ਕਿਹਾ ਕਿ ਐੱਨਸੀਪੀ ਕੋਲ 2004 ਵਿੱਚ ਮਹਾਰਾਸ਼ਟਰ ’ਚ ਆਪਣਾ ਮੁੱਖ ਮੰਤਰੀ ਬਣਾਉਣ ਦਾ ਮੌਕਾ ਸੀ, ਜਿਸ ਤੋੋਂ ਸ਼ਰਦ ਪਵਾਰ ਖੁੰਝ ਗਏ। ਉਨ੍ਹਾਂ ਕਿਹਾ, ‘‘2004 ਵਿੱਚ ਸਾਡੇ ਕੋਲ ਕਾਂਗਰਸ ਨਾਲੋਂ ਵੱਧ ਵਿਧਾਇਕ ਸਨ, ਪਰ ਸਾਡੇ ਸੀਨੀਅਰ ਆਗੂ ਨੇ ਸੀਅੈੱਮ ਦਾ ਅਹੁਦਾ ਕਾਂਗਰਸ ਦੀ ਝੋਲੀ ਪਾਉਣ ਦੀ ਪ੍ਰਵਾਨਗੀ ਦਿੱਤੀ।’’ ਅਜੀਤ ਪਵਾਰ ਨੇ ਕਿਹਾ, ‘‘ਸਾਡੇ ਲਈ ਸਾਹਿਬ (ਸ਼ਰਦ ਪਵਾਰ) ਦੇਵਤਾ ਹਨ ਤੇ ਉਨ੍ਹਾਂ ਲਈ ਸਾਡੇ ਮਨ ਵਿੱਚ ਵੱਡਾ ਸਤਿਕਾਰ ਹੈ। ਆਈਏਅੈੱਸ ਅਧਿਕਾਰੀ ਵੀ 60 ਸਾਲ ਦੀ ਉਮਰ ’ਚ ਸੇਵਾਮੁਕਤ ਹੋ ਜਾਂਦੇ ਹਨ। ਇਥੋਂ ਤੱਕ ਕਿ ਸਿਆਸਤ ਵਿੱਚ, ਭਾਜਪਾ ਆਗੂ 75 ਸਾਲ ਦੀ ਉਮਰ ਵਿਚ ਸੇਵਾਮੁਕਤ ਹੋ ਜਾਂਦੇ ਹਨ। ਤੁਸੀਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਦੀ ਮਿਸਾਲ ਵੇਖ ਲਵੋ। ਤੁਸੀਂ 83 ਸਾਲਾਂ ਦੇ ਹੋ, ਕੀ ਤੁਹਾਨੂੰ ਰੁਕਣਾ ਨਹੀਂ ਚਾਹੀਦਾ? ਸਾਨੂੰ ਆਪਣਾ ਅਸ਼ੀਰਵਾਦ ਦਿਓ ਤੇ ਅਸੀਂ ਦੁਆ ਕਰਾਂਗੇ ਕਿ ਤੁਸੀਂ ਲੰਮੀ ਉਮਰ ਭੋਗੋ।’’
ਉਧਰ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਉਨ੍ਹਾਂ ਦੇ ਭਤੀਜੇ ਤੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੱਲੋਂ ਪਾਰਟੀ ਦੇ ਬਰਾਬਰ ਸੱਦੀ ਮੀਟਿੰਗ ਵਿੱਚ ਸਟੇਜ ’ਤੇ ਉਨ੍ਹਾਂ ਦੀ ਵੱਡੀ ਸਾਰੀ ਤਸਵੀਰ ਸਜਾਉਣ ’ਤੇ ਇਤਰਾਜ਼ ਜਤਾਇਆ ਹੈ। ਪਵਾਰ ਨੇ ਕਿਹਾ ਕਿ ਉਨ੍ਹਾਂ ਦੀ ਤਸਵੀਰ ਵਰਤਣ ਵਾਲਿਆਂ ਨੂੰ ਪਤਾ ਹੈ ਕਿ ਉਨ੍ਹਾਂ ਦੇ ਪੱਲੇ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਦੱਖਣੀ ਮੁੰਬਈ ਦੇ ਚਵਾਨ ਸੈਂਟਰ ਵਿੱਚ ਮੀਟਿੰਗ, ਜਿਸ ਵਿਚ 53 ਐੱਨਸੀਪੀ ਵਿਧਾਇਕਾਂ ’ਚੋਂ ਦਰਜਨ ਦੇ ਕਰੀਬ ਹੀ ਹਾਜ਼ਰ ਸਨ, ਨੂੰ ਸੰਬੋਧਨ ਕਰਦਿਆਂ 83 ਸਾਲਾ ਪਵਾਰ ਨੇ ਸੱਤਾ ਲਈ ਭਾਜਪਾ ਨਾਲ ਹੱਥ ਮਿਲਾਉਣ ਵਾਲੇ ਆਪਣੇ ਭਤੀਜੇ ਦੀ ਰੱਜ ਕੇ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਅਜੀਤ ਨੇ ਇਸ ਤੱਥ ਦੇ ਬਾਵਜੂਦ ਭਾਜਪਾ ਦੀ ਬਾਂਹ ਫੜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਨਸੀਪੀ ਨੂੰ ਭ੍ਰਿਸ਼ਟ ਪਾਰਟੀ ਦੱਸਿਆ ਸੀ। ਪਾਰਟੀ ਦੇ ਚੋਣ ਨਿਸ਼ਾਨ ‘ਘੜੀ’ ਉੱਤੇ ਦਾਅਵੇ ਲੲੀ ਅਜੀਤ ਪਵਾਰ ਧੜੇ ਵੱਲੋਂ ਚੋਣ ਕਮਿਸ਼ਨ ਕੋਲ ਪਹੁੰਚ ਕੀਤੇ ਜਾਣ ਦੇ ਹਵਾਲੇ ਨਾਲ ਸ਼ਰਦ ਪਵਾਰ ਨੇ ਆਪਣੇ ਹਮਾਇਤੀਆਂ ਨੂੰ ਭਰੋਸਾ ਦਿੱਤਾ ਕਿ ਉਹ ਕਿਸੇ ਨੂੰ ਵੀ ਪਾਰਟੀ ਦਾ ਚੋਣ ਨਿਸ਼ਾਨ ਖੋਹਣ ਦੀ ਇਜਾਜ਼ਤ ਨਹੀਂ ਦੇਣਗੇ। ਪਵਾਰ ਨੇ ਕਿਹਾ, ‘‘ਕੁਝ ਦਿਨ ਪਹਿਲਾਂ ਉਨ੍ਹਾਂ (ਅਜੀਤ ਪਵਾਰ) ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਮਖੌਲ ਉਡਾਉਂਦਿਆਂ ਕਿਹਾ ਸੀ ਕਿ ੳੁਨ੍ਹਾਂ ਇੰਨੇ ਸਾਲਾਂ ਵਿੱਚ ਅਜਿਹਾ ਮੁੱਖ ਮੰਤਰੀ ਨਹੀਂ ਦੇਖਿਆ, ਪਰ ਅੱਜ ਉਨ੍ਹਾਂ ਉਸੇ ਦੀ ਬਾਂਹ ਫੜ ਲਈ ਹੈ।’’ 1999 ਵਿੱਚ ਅੈੱਨਸੀਪੀ ਦੀ ਸਥਾਪਨਾ ਦੇ ਦਿਨਾਂ ਨੂੰ ਯਾਦ ਕਰਦਿਆਂ ਪਵਾਰ ਨੇ ਕਿਹਾ, ‘‘ਅੱਜ ਅਸੀਂ ਭਾਵੇਂ ਸੱਤਾ ਵਿੱਚ ਨਹੀਂ ਹਾਂ, ਪਰ ਅਸੀਂ ਲੋਕਾਂ ਦੇ ਦਿਲਾਂ ’ਚ ਵਸਦੇ ਹਾਂ।’’ ਐੱਨਸੀਪੀ ਮੁਖੀ ਨੇ ਅਜੀਤ ਪਵਾਰ ਧੜੇ ਨੂੰ ਚਿਤਾਵਨੀ ਦਿੱਤੀ ਕਿ ਭਾਜਪਾ ਦੇ ਕੱਲੇ ਕੱਲੇ ਭਾਈਵਾਲ ਨੂੰ ‘ਸਿਆਸੀ ਤਬਾਹੀ’ ਦਾ ਸਾਹਮਣਾ ਕਰਨਾ ਪਏਗਾ ਤੇ ਸਾਰਿਆਂ ਦਾ ਇਕੋ ਜਿਹਾ ਹਸ਼ਰ ਹੋਵੇਗਾ। ਰਾਜ ਸਭਾ ਮੈਂਬਰ ਪਵਾਰ ਨੇ ਕਿਹਾ, ‘‘ਜਿਨ੍ਹਾਂ ਨੇ ਭਾਜਪਾ ਨਾਲ ਹੱਥ ਮਿਲਾਇਆ ਤੇ ਸੱਤਾ ਸਾਂਝੀ ਕੀਤੀ ਉਹ ਅਾਖਿਰ ਨੂੰ ਸਿਆਸੀ ਤੌਰ ’ਤੇ ਤਬਾਹ ਹੋ ਗਏ। ਆਪਣੇ ਸਿਆਸੀ ਭਾਈਵਾਲਾਂ ਨੂੰ ਹੌਲੀ ਹੌਲੀ ਕਮਜ਼ੋਰ ਕਰਨਾ ਭਾਜਪਾ ਦੀ ਨੀਤੀ ਹੈ। ਹੋਰਨਾਂ ਰਾਜਾਂ ਵਿੱਚ ਇਸ ਦੀਆਂ ਕਈ ਮਿਸਾਲਾਂ ਹਨ।’’ ਐੱਨਸੀਪੀ ਮੁਖੀ ਨੇ ਕਿਹਾ, ‘‘ਅਕਾਲੀ ਦਲ ਕਈ ਸਾਲਾਂ ਤੱਕ ਭਾਜਪਾ ਦੇ ਨਾਲ ਰਿਹਾ, ਪਰ ਅੱਜ ਉਹ ਕਿਤੇ ਵੀ ਨਹੀਂ ਹਨ। ਇਹੀ ਹਾਲਾਤ ਤਿਲੰਗਾਨਾ, ਆਂਧਰਾ ਪ੍ਰਦੇਸ਼ ਤੇ ਬਿਹਾਰ ਵਿੱਚ ਹਨ।
ਬਿਹਾਰ ਵਿੱਚ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਜਦੋਂ ਇਹ ਅਹਿਸਾਸ ਹੋਇਆ, ਉਹ ਇਨ੍ਹਾਂ ਦਾ ਸਾਥ ਛੱਡ ਕੇ ਆਰਜੇਡੀ ਨਾਲ ਸਾਂਝ ਪਾ ਲਈ।’’
ਇਸ ਦੌਰਾਨ ਮਹਾਰਾਸ਼ਟਰ ਸਰਕਾਰ ’ਚ ਮੰਤਰੀ ਤੇ ਅਜੀਤ ਪਵਾਰ ਧੜੇ ਨਾਲ ਸਬੰਧਤ ਆਗੂ ਛਗਣ ਭੁਜਬਲ ਨੇ ਕਿਹਾ ਕਿ ਉਨ੍ਹਾਂ ਏਕਨਾਥ ਸ਼ਿੰਦੇ ਸਰਕਾਰ ਵਿਚ ਸ਼ਾਮਲ ਹੋਣ ਦਾ ਫੈਸਲਾ ‘ਬਹੁਤ ਸੋਚ ਵਿਚਾਰ’ ਮਗਰੋਂ ਲਿਆ ਹੈ। -ਪੀਟੀਆੲੀ

ਐੱਨਸੀਪੀ ਧੜਿਆਂ ਦੀ ਲੜਾਈ ਚੋਣ ਕਮਿਸ਼ਨ ਕੋਲ ਪੁੱਜੀ

ਨਵੀਂ ਦਿੱਲੀ: ਅੈੱਨਸੀਪੀ ਦੇ ਦੋ ਧੜਿਆਂ ਦੀ ਲੜਾਈ ਚੋਣ ਕਮਿਸ਼ਨ ਕੋਲ ਪਹੁੰਚ ਗਈ ਹੈ। ਸੂਤਰਾਂ ਮੁਤਾਬਕ ਐੱਨਸੀਪੀ ਆਗੂ ਅਜੀਤ ਪਵਾਰ ਨੇ ਐਤਵਾਰ ਨੂੰ ਮਹਾਰਾਸ਼ਟਰ ਸਰਕਾਰ ਵਿੱਚ ਸ਼ਾਮਲ ਹੋਣ ਤੋਂ ਦੋ ਦਿਨ ਪਹਿਲਾਂ (30 ਜੂਨ ਨੂੰ) ਪਾਰਟੀ ਦੇ ਨਾਂ ਤੇ ਚੋਣ ਨਿਸ਼ਾਨ ਉੱਤੇ ਦਾਅਵੇ ਲਈ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ ਸੀ ਤੇ 40 ਪਾਰਟੀ ਵਿਧਾਇਕਾਂ ਦੀ ਹਮਾਇਤ ਨਾਲ ਖ਼ੁਦ ਨੂੰ ਐੱਨਸੀਪੀ ਪ੍ਰਧਾਨ ਐਲਾਨਿਆ ਸੀ। ਉਧਰ ਸ਼ਰਦ ਪਵਾਰ ਧੜੇ ਵੱਲੋਂ ਮਹਾਰਾਸ਼ਟਰ ਐੱਨਸੀਪੀ ਦੇ ਮੁਖੀ ਜੈਯੰਤ ਆਰ. ਪਾਟਿਲ ਨੇ ਅਜੀਤ ਪਵਾਰ ਦੀ ਇਸ ਪਹਿਲਕਦਮੀ ਖਿਲਾਫ਼ 3 ਜੁਲਾਈ ਨੂੰ ਈਮੇਲ ਜ਼ਰੀਏ ਕੈਵੀਏਟ ਦਾਖ਼ਲ ਕੀਤੀ ਹੈ। ਕੈਵੀਏਟ ਤੋਂ ਭਾਵ ਹੈ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਦੂਜੀ ਧਿਰ ਦਾ ਪੱਖ ਜ਼ਰੂਰ ਸੁਣਿਆ ਜਾਵੇ। ਪਾਟਿਲ ਨੇ ਪਟੀਸ਼ਨ ਵਿੱਚ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਅਜੀਤ ਪਵਾਰ ਸਣੇ ਐੱਨਸੀਪੀ ਦੇ 9 ਵਿਧਾਇਕਾਂ ਨੂੰ ਅਯੋਗ ਘੋਸ਼ਿਤ ਕੀਤੇ ਜਾਣ ਸਬੰਧੀ ਸਮਰੱਥ ਅਥਾਰਿਟੀ ਕੋਲ ਅਪੀਲ ਦਾਖਲ ਕੀਤੀ ਗਈ ਹੈ। ਸੂਤਰਾਂ ਨੇ ਕਿਹਾ ਕਿ ਚੋਣ ਕਮਿਸ਼ਨ ਇਨ੍ਹਾਂ ਦੋਵਾਂ ਪਟੀਸ਼ਨਾਂ ’ਤੇ ਕਾਨੂੰਨ ਮੁਤਾਬਕ ਫੈਸਲਾ ਲਏਗਾ। ਸੂਤਰਾਂ ਮੁਤਾਬਕ ਅਜੀਤ ਪਵਾਰ ਵੱਲੋਂ ਦਾੲਿਰ ਪਟੀਸ਼ਨ ਦੇ ਨਾਲ ਸੰਸਦ ਮੈਂਬਰਾਂ, ਵਿਧਾਇਕਾਂ ਤੇ ਵਿਧਾਨ ਪ੍ਰੀਸ਼ਦ ਮੈਂਬਰਾਂ ਦੇ 40 ਹਲਫ਼ਨਾਮੇ ਵੀ ਲਾਏ ਗਏ ਹਨ। -ਪੀਟੀਆਈ

Advertisement

Advertisement
Tags :
ਅੱਗੇਚਾਚੇਜੋੜ-ਤੋੜਨਾਲੋਂਭਤੀਜਾਵਿਧਾਇਕਾਂ