For the best experience, open
https://m.punjabitribuneonline.com
on your mobile browser.
Advertisement

ਨੇਪਾਲ: ਨਦੀ ਵਿੱਚ ਰੁੜ੍ਹੀਆਂ ਬੱਸਾਂ ਦੇ ਮਾਮਲੇ ’ਚ ਮ੍ਰਿਤਕਾਂ ਦੀ ਗਿਣਤੀ ਪੰਜ ਹੋਈ

08:00 AM Jul 15, 2024 IST
ਨੇਪਾਲ  ਨਦੀ ਵਿੱਚ ਰੁੜ੍ਹੀਆਂ ਬੱਸਾਂ ਦੇ ਮਾਮਲੇ ’ਚ ਮ੍ਰਿਤਕਾਂ ਦੀ ਗਿਣਤੀ ਪੰਜ ਹੋਈ
ਸਿਮਲਤਾਲ ਨੇੜੇ ਦਰਿਆ ’ਚ ਰੁੜ੍ਹੇ ਲੋਕਾਂ ਦੀ ਭਾਲ ਕਰਦੇ ਹੋਏ ਨੇਪਾਲੀ ਫੌਜ ਦੇ ਜਵਾਨ। -ਫੋਟੋ: ਏਪੀ/ਪੀਟੀਆਈ
Advertisement

ਕਾਠਮੰਡੂ, 14 ਜੁਲਾਈ
ਨੇਪਾਲ ਵਿੱਚ ਪਿਛਲੇ ਦਿਨੀਂ ਜ਼ਮੀਨ ਖਿਸਕਣ ਕਾਰਨ ਨਦੀ ਵਿੱਚ ਰੁੜ੍ਹੀਆਂ ਦੋ ਬੱਸਾਂ ਦੇ ਮਾਮਲੇ ਵਿੱਚ ਰਾਹਤ ਕਰਮੀਆਂ ਨੇ ਅੱਜ ਇੱਕ ਹੋਰ ਲਾਸ਼ ਬਰਾਮਦ ਕੀਤੀ ਹੈ ਜਿਸ ਮਗਰੋਂ ਇਸ ਹਾਦਸੇ ਵਿੱਚ ਮ੍ਰਿਤਕਾਂ ਦੀ ਗਿਣਤੀ ਪੰਜ ਹੋ ਗਈ ਹੈ। ਨੇਪਾਲ ਦੇ ਚਿਤਵਨ ਜ਼ਿਲ੍ਹੇ ਦੇ ਸਿਮਲਤਾਲ ਇਲਾਕੇ ’ਚ ਨਾਰਾਇਣਘਾਟ-ਮੁਗਲਿੰਗ ਮਾਰਗ ’ਤੇ ਸੱਤ ਭਾਰਤੀਆਂ ਸਮੇਤ 65 ਮੁਸਾਫ਼ਰਾਂ ਨੂੰ ਲਿਜਾ ਰਹੀਆਂ ਦੋ ਬੱਸਾਂ ਸ਼ੁੱਕਰਵਾਰ ਨੂੰ ਹੜ੍ਹ ਪ੍ਰਭਾਵਿਤ ਤ੍ਰਿਸ਼ੂਲੀ ਨਦੀ ਵਿੱਚ ਰੁੜ੍ਹ ਗਈਆਂ ਸਨ। ਇਨ੍ਹਾਂ ’ਚੋਂ ਤਿੰਨ ਮੁਸਾਫ਼ਰ ਤੈਰ ਕੇ ਸੁਰੱਖਿਅਤ ਬਾਹਰ ਨਿਕਲ ਆਏ ਸਨ। ਬਚਾਅ ਕਰਮੀਆਂ ਨੂੰ ਪੰਜਵੀਂ ਲਾਸ਼ ਅੱਜ ਗੈਂਦਾਕੋਟ-7 ਤੋਂ ਬਰਾਮਦ ਹੋਈ ਹੈ।
‘ਮਾਈ ਰਿਪਬਲਿਕਾ’ ਨਿਊਜ਼ ਪੋਰਟਲ ਨੇ ਇੱਕ ਪੁਲੀਸ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਇਸ ਹਾਦਸੇ ਮਗਰੋਂ ਬਚਾਅ ਮੁਹਿੰਮ ਦੌਰਾਨ ਹੁਣ ਤੱਕ ਇੱਕ ਭਾਰਤੀ ਸਮੇਤ ਸਿਰਫ਼ ਪੰਜ ਲਾਸ਼ਾਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭਾਰਤੀ ਨਾਗਰਿਕ ਸਮੇਤ ਤਿੰਨ ਮ੍ਰਿਤਕਾਂ ਦੀ ਪਛਾਣ ਹੋ ਚੁੱਕੀ ਹੈ, ਜਦੋਂਕਿ ਦੋ ਹੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਭਾਰਤੀ ਨਾਗਰਿਕ ਦੀ ਪਛਾਣ ਉਸ ਦੀ ਜੇਬ ਵਿੱਚੋਂ ਮਿਲੇ ਪਛਾਣ-ਪੱਤਰ ਤੋਂ ਹੋਈ ਹੈ।
ਪੁਲੀਸ ਨੇ ਦੱਸਿਆ ਕਿ ਪਹਿਲੀ ਲਾਸ਼ ਸ਼ਨਿਚਰਵਾਰ ਸਵੇਰੇ ਘਟਨਾ ਸਥਾਨ ਤੋਂ 50 ਕਿਲੋਮੀਟਰ ਦੂਰ ਮਿਲੀ ਸੀ। ਮ੍ਰਿਤਕ ਦੀ ਪਛਾਣ ਬਿਹਾਰ ਦੇ ਰਿਸ਼ੀ ਪਾਲ ਸ਼ਾਹੀ (40) ਵਜੋਂ ਹੋਈ ਹੈ। ਪੁਲੀਸ ਨੇ ਦੱਸਿਆ ਕਿ ਇਹ ਲਾਸ਼ ਚਿਤਵਨ ਜ਼ਿਲ੍ਹੇ ਦੀ ਨਾਰਾਇਣੀ ਨਦੀ ’ਚੋਂ ਮਿਲੀ ਸੀ।
ਲਾਸ਼ ਦੇ ਕੱਪੜਿਆਂ ਵਿੱਚ ਭਾਰਤੀ ਪਛਾਣ ਪੱਤਰ ਮਿਲਿਆ। ਪੁਲੀਸ ਨੇ ਦੱਸਿਆ ਕਿ ਬਚਾਅ ਕਰਮੀਆਂ ਨੇ ਦੁਪਹਿਰ ਮਗਰੋਂ ਦੋ ਹੋਰ ਲਾਸ਼ਾਂ ਪੂਰਬੀ ਨਵਲਪਰਾਸੀ ਜ਼ਿਲ੍ਹੇ ਦੇ ਗੈਂਦਾਕੋਟ ਇਲਾਕੇ ਵਿੱਚੋਂ ਬਰਾਮਦ ਕੀਤੀਆਂ। ਇਹ ਦੋਵੇਂ ਨੇਪਾਲੀ ਨਾਗਰਿਕ ਸਨ ਅਤੇ ਹਾਦਸੇ ਮਗਰੋਂ ਲਾਪਤਾ ਸਨ।
ਸ਼ਾਹੀ ਤੋਂ ਇਲਾਵਾ ਹਾਦਸੇ ’ਚ ਲਾਪਤਾ ਹੋਰ ਭਾਰਤੀ ਨਾਗਰਿਕਾਂ ਦੀ ਪਛਾਣ ਸੰਤੋਸ਼ ਠਾਕੁਰ, ਸੁਰਿੰਦਰ ਸਾਹ, ਆਦਿਤ ਮੀਆਂ, ਸੁਨੀਲ, ਸ਼ਾਹਨਵਾਜ਼ ਆਲਮ ਤੇ ਅੰਸਾਰੀ ਵਜੋਂ ਹੋਈ ਹੈ। ਨੇਪਾਲੀ ਅਧਿਕਾਰੀਆਂ ਅਨੁਸਾਰ ਫੌਜ, ਨੇਪਾਲ ਪੁਲੀਸ ਤੇ ਹਥਿਆਰਬੰਦ ਪੁਲੀਸ ਮੁਲਾਜ਼ਮਾਂ ਦੇ ਨਾਲ-ਨਾਲ ਗੋਤਾਖੋਰ ਲਾਪਤਾ ਲੋਕਾਂ ਦੀ ਭਾਲ ਵਿੱਚ ਲੱਗੇ ਹੋਏ ਹਨ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×