ਅਲੱਗ ਸ਼ਬਦ ਯੱਗ ਟਰੱਸਟ ਨੂੰ ਨੈਲਸਨ ਮੰਡੇਲਾ ਫੈਲੋਸ਼ਿਪ ਐਵਾਰਡ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 15 ਸਤੰਬਰ
ਇੰਟਰਨੈਸ਼ਨਲ ਇਕਨੋਮਿਕਸ ਫੈਡਰੇਸ਼ਨ ਦੇ ਰਜਿਸਟਰਾਰ ਡਾ. ਟਿਮ ਵਾਸ਼ਿੰਗਟਨ ਨੇ ਮਰਹੂਮ ਡਾ. ਸਰੂਪ ਸਿੰਘ ਅਲੱਗ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਵੱਲੋਂ ਚਲਾਏ ਅਲੱਗ ਸ਼ਬਦ ਯੱਗ ਟਰੱਸਟ ਨੂੰ ਨੈਲਸਨ ਮੰਡੇਲਾ ਫੈਲੋਸ਼ਿਪ ਐਵਾਰਡ ਨਾਲ ਸਨਮਾਨਿਤ ਕੀਤਾ ਹੈ। ਸਿੱਖ ਕੌਮ ਦੇ ਮਹਾਨ ਵਿਦਵਾਨ ਅਤੇ ਲੇਖਕ ਸਵਰਗੀ ਡਾ. ਸਰੂਪ ਸਿੰਘ ਅਲੱਗ ਵੱਲੋਂ ਆਰੰਭੇ ਕੌਮੀ ਕਾਰਜਾਂ ਨੂੰ ਤਰਜੀਹ ਦਿੰਦੇ ਹੋਏ ਡਾ. ਟਿਮ ਨੇ ਕਿਹਾ ਕਿ ਡਾ. ਅਲੱਗ ਦੀਆਂ ਨਿਸ਼ਕਾਮ ਸੇਵਾਵਾਂ ਦਾ ਕੋਈ ਸਾਨੀ ਨਹੀਂ ਹੈ ਕਿਉਂਕਿ ਉਹ ਆਪਣੇ ਆਪ ਵਿੱਚ ਇੱਕ ਮਨੁੱਖ ਨਹੀਂ ਬਲਕਿ ਇੱਕ ਸੰਸਥਾ ਸਨ ਜਿਨ੍ਹਾਂ ਵੱਲੋਂ ਸਿੱਖ ਇਤਿਹਾਸ ਨੂੰ ਸਾਂਭਦੇ ਹੋਏ ਸੰਗਤ ਤੱਕ ਪਹੁੰਚਾਉਣ ਦੇ ਵੱਡੇ ਕਾਰਜ ਅਰੰਭੇ ਗਏ ਸਨ। ਉਨ੍ਹਾਂ ਕਿਹਾ ਕਿ ਇਹ ਸਨਮਾਨ ਡਾ. ਸਰੂਪ ਸਿੰਘ ਅਲੱਗ ਨੂੰ ਦੇ ਕੇ ਉਹ ਆਪਣੇ ਆਪ ਨੂੰ ਸਨਮਾਨਿਤ ਮਹਿਸੂਸ ਕਰਦੇ ਹਨ। ਉਨ੍ਹਾਂ ਡਾ. ਅਲੱਗ ਦੇ ਪੁੱਤਰਾਂ ਸੁਖਿੰਦਰਪਾਲ ਸਿੰਘ ਅਲੱਗ ਅਤੇ ਡਾ. ਰਮਿੰਦਰਦੀਪ ਸਿੰਘ ਵੱਲੋਂ ਉਨ੍ਹਾਂ ਦੇ ਕਾਰਜਾਂ ਨੂੰ ਅੱਗੇ ਤੋਰਨ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਯਾਦ ਰਹੇ ਕਿ ਡਾ. ਅਲੱਗ ਵੱਲੋਂ ਆਰੰਭੇ ਸ਼ਬਦ ਲੰਗਰ ਨੂੰ ਕੌਮ ਅੱਜ ਵੀ ਮਾਣ ਨਾਲ ਯਾਦ ਕਰਦੀ ਹੈ।