ਗੁਆਂਢੀ ਦੇਸ਼ ਨੇਪਾਲ ਜਿਹੋ ਜਿਹਾ ਮੈਂ ਦੇਖਿਆ
ਕੇ.ਐਸ.ਅਮਰ
ਸੈਰ ਸਫ਼ਰ
ਹਿਮਾਚਲ ਪ੍ਰਦੇਸ਼ ਦੀਆਂ ਅਣਗਿਣਤ ਸੈਰਗਾਹਾਂ ਮੇਰੀਆਂ ਯਾਦਾਂ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਵਾਰ ਨੇਪਾਲ ਜਾਣ ਦਾ ਮਨ ਬਣਾਇਆ ਸੀ। ਮੇਰੇ ਨਾਲ ਮੇਰੇ ਅਜ਼ੀਜ਼ ਮਿੱਤਰ ਦਾ ਪਰਿਵਾਰ ਵੀ ਸੀ। ਦੋਵੇਂ ਪਰਿਵਾਰਾਂ ਨੇ ਗਰਮੀਆਂ ਦੀਆਂ ਛੁੱਟੀਆਂ ਦਾ ਆਨੰਦ ਮਾਨਣ ਲਈ ਨੇਪਾਲ ਦੀ ਚੋਣ ਕੀਤੀ ਸੀ। ਬੱਚਿਆਂ ਵਿੱਚ ਨੇਪਾਲ ਘੁੰਮਣ ਦਾ ਬਹੁਤ ਉਤਸ਼ਾਹ ਸੀ। ਸਾਡੇ ਲਈ ਇਹ ਯਾਤਰਾ ਕਿਸੇ ਪਰੀ ਦੇਸ਼ ਦੀ ਯਾਤਰਾ ਤੋਂ ਘੱਟ ਨਹੀਂ ਸੀ। ‘ਗਰੀਬ ਰੱਥ’ ਰੇਲ ਗੱਡੀ ਰਾਹੀਂ ਲਖਨਊ ਹੁੰਦੇ ਹੋਏ ਅਸੀਂ ਗੋਰਖਪੁਰ ਪਹੁੰਚ ਗਏ। ਗੋਰਖਪੁਰ ਦੀ ਲਖਨਊ ਤੋਂ ਦੂਰੀ ਲਗਭਗ ਤਿੰਨ ਸੌ ਕਿਲੋਮੀਟਰ ਹੈ। ਗੋਰਖਪੁਰ ਤੋਂ ਗੱਡੀ ਰਾਹੀਂ ਬਿਹਾਰ ਦੇ ਰਖਸੋਲ ਬਾਰਡਰ ਦਾਖਲ ਹੋਏ। ਰਖਸੋਲ ਬਾਰਡਰ ਉਪਰ ਕਾਗਜ਼ੀ ਕਾਰਵਾਈ ’ਤੇ ਨੇਪਾਲ ਦਾ ਪਰਮਿਟ ਲੈਣ ਉਪਰੰਤ ਨੇਪਾਲੀ ਕਰੰਸੀ ਲੈ ਲਈ। ਸਾਨੂੰ ਤੀਹ ਹਜ਼ਾਰ ਬਦਲੇ ਨੇਪਾਲ ਦੇ 48 ਹਜ਼ਾਰ ਰੁਪਏ ਮਿਲੇ। ਨੇਪਾਲ ਬਾਰਡਰ ਰਾਤ 10 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ। ਅਸੀਂ 9.30 ਬਾਰਡਰ ਪਾਰ ਕਰ ਚੁੱਕੇ ਸੀ। ਨੇਪਾਲ ਵਿਚ ਦਾਖਲ ਹੋਣ ਦੀ ਦਿਲਚਸਪੀ ਨੇ ਸਾਡੇ ਸਾਰੇ ਸਫ਼ਰ ਦੀ ਥਕਾਵਟ ਦੂਰ ਕਰ ਦਿੱਤੀ। ਲਗਭਗ ਦੋ ਘੰਟੇ ਦਾ ਸਫ਼ਰ ਕਰਨ ਉਪਰੰਤ ਨੇਪਾਲ ਦਾ ਪਹਿਲਾ ਸ਼ਹਿਰ ਪਰਵਾਨੀਪੁਰ ਆਇਆ। ਰਾਤ ਦੇ 11.30 ਵੱਜ ਚੁੱਕੇ ਸਨ। ਤਕਰੀਬਨ ਸਾਰੀ ਮਾਰਕੀਟ ਤੇ ਹੋਟਲ ਬੰਦ ਹੋ ਚੁੱਕੇ ਸਨ। ਰਾਤ ਕੱਟਣ ਲਈ ਸਾਨੂੰ ਕੋਈ ਵੀ ਹੋਟਲ ਨਾ ਮਿਲਿਆ। ਦੋਵੇਂ ਪਰਿਵਾਰਾਂ ਲਈ ਇਹ ਪਰੇਸ਼ਾਨੀ ਦਾ ਕਾਰਨ ਸੀ। ਬੱਚੇ ਭੁੱਖ ਨਾਲ ਬਿਹਬਲ ਹੋ ਰਹੇ ਸਨ। ਸਾਡਾ ਮਾਨਸਿਕ ਸੰਤੁਲਨ ਵਿਗੜ ਰਿਹਾ ਸੀ। ਬਹੁਤ ਹੀ ਮੁਸ਼ੱਕਤ ਕਰਨ ਉਪਰੰਤ ਦੋ ਨੇਪਾਲੀ ਔਰਤਾਂ ਦੇ ਛੋਟੇ-ਛੋਟੇ ਢਾਬੇ ਦਿਖਾਈ ਦਿੱਤੇ ਸਨ। ਦੋਵਾਂ ਤੋਂ ਥੋੜ੍ਹਾ ਥੋੜ੍ਹਾ ਬਚਿਆ ਖਾਣਾ ਲੈ ਕੇ ਅਸੀਂ ਰਾਤ ਦਾ ਡੰਗ ਟਪਾ ਲਿਆ।
ਨੇਪਾਲੀ ਢਾਬਿਆਂ ਉੱਪਰ ਜ਼ਿਆਦਾਤਰ ਔਰਤਾਂ ਹੀ ਕੰਮ ਕਰਦੀਆਂ ਹਨ। ਭਾਰਤੀ ਯਾਤਰੀ ਉਨ੍ਹਾਂ ਲਈ ਚੰਗੇ ਗਾਹਕ ਸਾਬਤ ਹੁੰਦੇ ਹਨ। ਨੇਪਾਲ ਦੀ ਕਰੰਸੀ ਭਾਰਤੀ ਰੁਪਏ ਦੇ ਮੁਕਾਬਲੇ ਕਮਜ਼ੋਰ ਹੈ, ਪਰ ਭਾਰਤੀਆਂ ਲਈ ਨੇਪਾਲੀ ਰੁਪਏ ਵੀ ਮਹਿੰਗੇ ਸਾਬਤ ਹੁੰਦੇ ਹਨ। ਸਾਧਾਰਨ ਖਾਣੇ ਦਾ ਬਿਲ ਵੀ 2200 ਰੁਪਏ ਬਣ ਗਿਆ ਸੀ। ਖਾਣਾ ਖਾਣ ਤੋਂ ਬਾਅਦ ਜਦ ਅਸੀਂ ਟੈਕਸੀ ਵਿਚ ਬੈਠੇ ਤਾਂ ਰਾਤ ਦੇ ਦੋ ਵੱਜ ਚੁੱਕੇ ਸਨ। ਨੇਪਾਲ ਵਿਚ ਇਹ ਸਾਡੀ ਪਹਿਲੀ ਰਾਤ ਸੀ ਜੋ ਬਿਨਾ ਸੌਣ ਤੋਂ ਹੀ ਬੀਤ ਰਹੀ ਸੀ। ਟੈਕਸੀ ਵਿਚ ਬੈਠ ਕੇ ਅਸੀਂ ਦੋ ਘੰਟੇ ਬਤੀਤ ਕੀਤੇ। ਬੱਚੇ ਠੰਢ ਨਾਲ ਪ੍ਰੇਸ਼ਾਨ ਹੋ ਰਹੇ ਸਨ। ਬਿਨਾ ਆਰਾਮ ਕੀਤੇ ਹੀ ਅਸੀਂ ਸਵੇਰੇ 4 ਵਜੇ ਅਗਲੇ ਸਫ਼ਰ ’ਤੇ ਚੱਲਣ ਦਾ ਮਨ ਬਣਾਇਆ। ਨੇਪਾਲ ਦੇਖਣ ਦੀ ਤਾਂਘ ਨੇ ਸਾਨੂੰ ਪ੍ਰੇਸ਼ਾਨ ਨਹੀਂ ਹੋਣ ਦਿੱਤਾ। ਅਸੀਂ ਅਗਲੇ ਸਫ਼ਰ ਲਈ ਬਿਲਕੁਲ ਤਰੋਤਾਜ਼ਾ ਸਾਂ। ਨੇਪਾਲ ਦੀ ਰਾਜਧਾਨੀ ਕਾਠਮੰਡੂ ਸਾਡੀ ਮੰਜ਼ਿਲ ਦਾ ਸਿਖਰ ਸੀ। ਇਸ ਲਈ ਅਸੀਂ ਸਵੇਰੇ ਚਾਰ ਵਜੇ ਆਪਣਾ ਸਫ਼ਰ ਸ਼ੁਰੂ ਕੀਤਾ। ਪਿਪਰਾ-ਸਮਾਰਾ, ਅਮਲੇਕਗੰਜ, ਭੈਸੇ, ਟਿਊਸਡੀਡ, ਦਿਉਰਾਨੀ, ਨੋਵੀਸ ਅਤੇ ਚੰਦਨਗਿਰੀ ਵਰਗੇ ਛੋਟੇ ਛੋਟੇ ਸ਼ਹਿਰਾਂ ’ਚੋਂ ਲੰਘ ਕੇ ਅਸੀਂ ਲਗਭਗ 2 ਵਜੇ ਕਾਠਮੰਡੂ ਪਹੁੰਚ ਗਏ।
ਕਾਠਮੰਡੂ ਤੱਕ ਦਾ ਸਫ਼ਰ ਬਹੁਤ ਦਿਲਚਸਪ ਅਤੇ ਰੌਚਕ ਸੀ ਜੋ ਨੇਪਾਲੀ ਲੋਕਾਂ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦਾ ਸੀ। ਉਨ੍ਹਾਂ ਦੇ ਖਾਣ-ਪੀਣ, ਪਹਨਿਣ ਤੇ ਮਿਹਨਤ ਮੁਸ਼ੱਕਤ ਕਰਨ ਤੋਂ ਉਨ੍ਹਾਂ ਦੀ ਵਿਰਾਸਤ ਅਤੇ ਸੱਭਿਆਚਾਰ ਦੀ ਝਲਕ ਦੇਖੀ ਜਾ ਸਕਦੀ ਹੈ। ਉੱਚੇ ਉੱਚੇ ਪਹਾੜਾਂ ’ਤੇ ਨਜ਼ਰ ਪੈਂਦਿਆਂ ਹੀ ਖੇਤਾਂ ਵਿਚਲੀਆਂ ਹਰੀਆਂ-ਭਰੀਆਂ ਫ਼ਸਲਾਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ। ਔਰਤਾਂ ਦਾ ਸੰਘਰਸ਼ ਉਨ੍ਹਾਂ ਦੇ ਕਿਰਦਾਰ ਦੀ ਪਹਿਚਾਣ ਸੀ। ਕਾਠਮੰਡੂ ਪਹੁੰਚਦਿਆਂ ਹੀ ਅਸੀਂ ਸਭ ਤੋਂ ਪਹਿਲਾਂ ਹੋਟਲ ਵਿਚ ਰਹਿਣ ਦਾ ਪ੍ਰਬੰਧ ਕੀਤਾ। ਹੋਟਲ ਦੇ ਮੈਨੇਜਰ ਵੱਲੋਂ ਹੀ ਸਾਡੇ ਕਹਿਣ ’ਤੇ ਪਰਦੀਪ ਨਾਂ ਦਾ ਮੁੰਡਾ ਸਾਨੂੰ ਗਾਈਡ ਵਜੋਂ ਮਿਲ ਗਿਆ। ਉਸ ਦੀ ਨੇਪਾਲੀ 500 ਰੁਪਏ ਰੋਜ਼ਾਨਾ ਦੀ ਅਲੱਗ ਫ਼ੀਸ ਸੀ। ਨੇਪਾਲ ਘੁੰਮਣ ਦੇ ਸ਼ੌਕੀਨ ਸੈਲਾਨੀਆਂ ਦੀ ਜਾਣਕਾਰੀ ਹਿਤ ਇਹ ਦੱਸਣਾ ਜ਼ਰੂਰੀ ਹੈ ਕਿ ਗਾਈਡ ਬਿਨਾ ਇੱਥੇ ਘੁੰਮਣ ਦਾ ਅਨੰਦ ਨਹੀਂ ਹੈ। ਕਾਠਮੰਡੂ ਸਾਡੇ ਗੁਆਂਢੀ ਦੇਸ਼ ਨੇਪਾਲ ਦੀ ਰਾਜਧਾਨੀ ਹੈ। ਇਸ ਦੇ ਚਾਰੇ ਪਾਸੇ ਮਨਮੋਹਕ ਤੇ ਸੁੰਦਰ ਪਹਾੜ ਹਨ। ਬਰਫ਼ ਨਾਲ ਢਕੀਆਂ ਚੋਟੀਆਂ ਤੇ ਪਹਾੜਾਂ ਨਾਲ ਘਿਰੀ ਇਹ ਵਾਦੀ ਇਕ ਜਾਦੂਮਈ ਨਜ਼ਾਰਾ ਪੇਸ਼ ਕਰਦੀ ਹੈ। ਇਹ ਸ਼ਹਿਰ ਕਈ ਸੌ ਸਾਲ ਪੁਰਾਣਾ ਹੈ। ਇਸ ਦਾ ਪਹਿਲਾ ਨਾਂ ਕਾਤੀਪੁਰ ਸੀ। ਇਸ ਦਾ ਨਾਂ ਕਾਠਮੰਡੂ ਸੋਲ੍ਹਵੀਂ ਸਦੀ ਵਿਚ ਗੋਰਖ ਨਾਥ ਦੇ ਪ੍ਰਸਿੱਧ ਲੱਕੜੀ ਦੇ ਮੰਦਰ ਕਾਰਨ ਪਿਆ ਸੀ ਜਿਸ ਨੂੰ ਕਾਠ ਮੰਦਰ ਕਿਹਾ ਜਾਂਦਾ ਹੈ। ਇਸ ਮੰਦਰ ਦੀ ਪ੍ਰਸਿੱਧੀ ਕਾਰਨ ਹੀ ਕਾਤੀਪੁਰ ਨੂੰ ਕਾਠਮੰਡੂ ਕਿਹਾ ਜਾਣ ਲੱਗਾ। ਕਾਠਮੰਡੂ ਸਮੁੰਦਰੀ ਤਲ ਤੋਂ 4500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਇੱਥੇ ਪਹੁੰਚਣ ਲਈ ਬਿਹਾਰ ਦਾ ਰਕਸੋਲ ਬਾਰਡਰ ਜਾਂ ਉੱਤਰ ਪ੍ਰਦੇਸ਼ ਦਾ ਸਨੌਲੀ ਬਾਰਡਰ ਪਾਰ ਕਰਨਾ ਪੈਂਦਾ ਹੈ। ਹਵਾਈ ਜਹਾਜ਼ ਰਾਹੀਂ ਵੀ ਕਾਠਮੰਡੂ ਪਹੁੰਚਿਆ ਜਾ ਸਕਦਾ ਹੈ। ਸਫ਼ਾਈ ਦੇ ਪੱਖ ਤੋਂ ਇਹ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ। ਸ਼ਹਿਰ ਦੀਆਂ ਸੜਕਾਂ ਸਾਫ਼-ਸੁਥਰੀਆਂ ਹਨ। ਸੜਕਾਂ ਉਪਰ ਥੁੱਕਣਾ ਮਨ੍ਹਾ ਹੈ ਅਤੇ ਗੱਡੀਆਂ, ਮੋਟਰਾਂ ਦੇ ਹਾਰਨ ਵੀ ਵਰਜਿਤ ਹਨ। ਸ਼ਹਿਰ ਵਿੱਚ ਅਣਗਿਣਤ ਮੰਦਰ ਹਨ। ਵਿਸ਼ਵ ਪ੍ਰਸਿੱਧ ਮੰਦਰ ਪਸ਼ੂਪਤੀ ਨਾਥ ਤੇ ਸਵੈਭੂ ਨਾਥ ਇਸ ਸ਼ਹਿਰ ਦੀ ਧਰੋਹਰ ਹਨ ਜਨਿ੍ਹਾਂ ਨੂੰ ਆਲਮੀ ਵਿਰਾਸਤ ਦਾ ਦਰਜਾ ਵੀ ਪ੍ਰਾਪਤ ਹੈ। ਸਫ਼ਰ ਦੀ ਥਕਾਵਟ ਦੂਰ ਕਰਨ ਲਈ ਅਸੀਂ ਇੱਕ ਦਨਿ ਆਰਾਮ ਕਰਨ ਦਾ ਫ਼ੈਸਲਾ ਕੀਤਾ। ਅਗਲੇ ਦਨਿ ਦੀ ਘੁੰਮਣ ਦੀ ਰੂਪ ਰੇਖਾ ਉਲੀਕ ਕੇ ਅਸੀਂ ਆਪੋ-ਆਪਣੇ ਕਮਰਿਆਂ ਵਿੱਚ ਸੌਣ ਲਈ ਚਲੇ ਗਏ।
ਅਗਲੇ ਦਨਿ ਦੀ ਸਵੇਰ ਬਹੁਤ ਹੀ ਖ਼ੂਬਸੂਰਤ ਸੀ। ਸਾਰਾ ਦਨਿ ਸਿਰਫ਼ ਕਾਠਮੰਡੂ ਦੇਖਣ ਲਈ ਹੀ ਰਾਖਵਾਂ ਰੱਖਿਆ ਸੀ। ਧਾਰਮਿਕ ਅਕੀਦੇ ਅਨੁਸਾਰ ਸਭ ਤੋਂ ਪਹਿਲਾਂ ਪ੍ਰਾਚੀਨ ਮੰਦਰ ਪਸ਼ੂਪਤੀ ਨਾਥ ਦੇਖਣ ਦਾ ਮਨ ਬਣਾਇਆ। ਹਿੰਦੂ ਧਰਮ ਨਾਲ ਸਬੰਧਿਤ ਇਹ ਵਿਸ਼ਵ ਪ੍ਰਸਿੱਧ ਮੰਦਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਤੋਂ 4 ਕਿਲੋਮੀਟਰ ਦੀ ਦੂਰੀ ’ਤੇ ਉੱਤਰ ਪੂਰਬ ਦਿਸ਼ਾ ਵਿੱਚ ਬਾਗਮਤੀ ਨਦੀ ਕਨਿਾਰੇ ਬਣਿਆ ਹੋਇਆ ਹੈ। ਪਸ਼ੂਪਤੀ ਨਾਥ ਸ਼ਬਦ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ (ਪਸ਼ੂ+ਪਤੀ ਨਾਥ)। ਪਸ਼ੂ ਤੋਂ ਅਰਥ ਹੈ ਸਮੁੱਚੇ ਪ੍ਰਾਣੀਆਂ ਦਾ ਜੀਵਨ ਅਤੇ ਪਤੀ ਨਾਥ ਤੋਂ ਭਾਵ ਹੈ ਜੀਵਨ ਦੀ ਰੱਖਿਆ ਕਰਨ ਵਾਲਾ, ਜਿਸ ਅਨੁਸਾਰ ਭਗਵਾਨ ਸ਼ਵਿ ਹੀ ਇਸ ਸ੍ਰਿਸ਼ਟੀ ਦੇ ਜੀਵਾਂ ਦੀ ਰੱਖਿਆ ਕਰਦੇ ਹਨ। ਸ਼ਵਿਜੀ ਭਗਵਾਨ ਦੇ 12 ਜੋਤਰ ਲਿੰਗਾ ਵਿੱਚੋਂ ਇੱਕ ਪੰਜ ਮੁੱਖ ਸ਼ਵਿਲਿੰਗ ਇੱਥੇ ਸਥਿਤ ਹੈ। ਮਿਥਿਹਾਸਕ ਹਵਾਲਿਆਂ ਅਨੁਸਾਰ ਇਸ ਦਾ ਸੰਬੰਧ ਮਹਾਭਾਰਤ ਨਾਲ ਜੋੜਿਆ ਜਾਂਦਾ ਹੈ। ਮਹਾਭਾਰਤ ਦੀ ਕਥਾ ਮੁਤਾਬਿਕ ਮਹਾਭਾਰਤ ਦਾ ਯੁੱਧ 18 ਦਨਿ ਚੱਲਿਆ ਸੀ ਤੇ ਪਾਂਡਵ ਭਰਾ ਇਸ ਯੁੱਧ ਵਿੱਚ ਜੇਤੂ ਰਹੇ ਸਨ। ਪਾਂਡਵਾਂ ਨੇ ਆਪਣੇ ਸਕੇ-ਸਬੰਧੀਆਂ ਦਾ ਬੇਤਹਾਸ਼ਾ ਖ਼ੂਨ ਵਹਾਇਆ ਜਿਸ ਤੋਂ ਬਾਅਦ ਭਗਵਾਨ ਸ਼ਵਿ ਪਾਂਡਵਾਂ ਨਾਲ ਨਾਰਾਜ਼ ਹੋ ਗਏ ਸਨ। ਭਗਵਾਨ ਕ੍ਰਿਸ਼ਨ ਨੇ ਪਾਂਡਵਾਂ ਨੂੰ ਭਗਵਾਨ ਸ਼ਵਿ ਤੋਂ ਮੁਆਫ਼ੀ ਮੰਗਣ ਲਈ ਭੇਜਿਆ। ਉਹ ਭਗਵਾਨ ਸ਼ਵਿ ਤੋਂ ਮੁਆਫ਼ੀ ਮੰਗਣ ਲਈ ਕਾਂਸ਼ੀ ਪਹੁੰਚੇ, ਪਰ ਸ਼ਵਿ ਜੀ ਕੇਦਾਰਨਾਥ ਚਲੇ ਗਏ। ਪਾਂਡਵ ਵੀ ਉਨ੍ਹਾਂ ਪਿੱਛੇ ਕੇਦਾਰਨਾਥ ਪਹੁੰਚ ਗਏ। ਪਾਂਡਵਾਂ ਨੂੰ ਦੇਖ ਕੇ ਸ਼ਵਿ ਜੀ ਨੇ ਬੈਲ ਦਾ ਰੂਪ ਧਾਰਨ ਕਰ ਲਿਆ। ਪਾਂਡਵਾਂ ਨੇ ਭਗਵਾਨ ਸ਼ਵਿ ਨੂੰ ਪਛਾਣ ਲਿਆ। ਭਗਵਾਨ ਸ਼ਵਿ ਬੈਲ ਰੂਪ ਵਿੱਚ ਹੀ ਧਰਤੀ ਵਿੱਚ ਅਲੋਪ ਹੋ ਗਏ, ਪਰ ਉਨ੍ਹਾਂ ਦੇ ਸਰੀਰ ਦਾ ਕੁਝ ਹਿੱਸਾ ਬਾਹਰ ਹੋਣ ਕਾਰਨ ਭੀਮ ਨੇ ਉਨ੍ਹਾਂ ਨੂੰ ਬਾਹਰ ਖਿੱਚ ਲਿਆ। ਇਸ ਤੋਂ ਬਾਅਦ ਤਤਕਾਲ ਹੀ ਉਨ੍ਹਾਂ ਨੇ ਪਾਂਡਵਾਂ ਨੂੰ ਦਰਸ਼ਨ ਦਿੱਤੇ ਅਤੇ ਉਨ੍ਹਾਂ ਨੂੰ ਪਾਪ ਤੋਂ ਮੁਕਤ ਕਰ ਦਿੱਤਾ। ਇਸ ਦੌਰਾਨ ਹੀ ਉਨ੍ਹਾਂ ਦੇ ਧੜ ਦਾ ਉਪਰਲਾ ਹਿੱਸਾ ਕਾਠਮੰਡੂ ਵਿੱਚ ਪ੍ਰਗਟ ਹੋਇਆ ਕਿਹਾ ਜਾਂਦਾ ਹੈ ਜਿੱਥੇ ਅੱਜ ਪਸ਼ੂਪਤੀਨਾਥ ਮੰਦਿਰ ਹੈ। ਕੇਦਾਰਨਾਥ ਨੂੰ ਸ਼ਵਿ ਜੀ ਜੀ ਦੀ ਪਿੱਠ ਵਜੋਂ ਪੂਜਿਆ ਜਾਂਦਾ ਹੈ। ਇਸ ਤਰ੍ਹਾਂ ਕੇਦਾਰਨਾਥ ਅਤੇ ਪਸ਼ੂਪਤੀ ਮੰਦਰ ਦਾ ਆਪਸ ਵਿੱਚ ਸਬੰਧ ਮੰਨਿਆ ਗਿਆ ਹੈ। ਇਹ ਦੋਵੇਂ ਤੀਰਥ ਅਸਥਾਨ ਇੱਕ-ਦੂਜੇ ਤੋਂ ਬਿਨਾ ਅਧੂਰੇ ਮੰਨੇ ਜਾਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਮੰਦਰ ਨੂੰ ਪਹਿਲੀ ਵਾਰ ਪੰਦਰਵੀਂ ਸਦੀ ਦੇ ਰਾਜਾ ਸੰਪੂਸਵਾ ਨੇ ਪੈਗੋਡਾ ਸ਼ੈਲੀ ਵਿੱਚ ਬਣਵਾਇਆ ਸੀ। ਇਸ ਮੰਦਰ ਦੀ ਉਚਾਈ 23 ਮੀਟਰ ਹੈ ਅਤੇ ਇਸ ਦੇ ਚਾਰ ਦਰਵਾਜ਼ੇ ਹਨ। ਪਸ਼ੂਪਤੀ ਨਾਥ ਮੰਦਰ ਵਿੱਚ ਹਰ ਸਾਲ ਮਹਾਸ਼ਵਿਰਾਤਰੀ, ਚਤੁਰਥੀ ਅਤੇ ਤੀਜ ਦੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਸੰਸਾਰ ਭਰ ਵਿੱਚ ਪ੍ਰਸਿੱਧ ਇਸ ਮੰਦਰ ਨੂੰ ਯੂਨੈਸਕੋ ਵੱਲੋਂ ਆਲਮੀ ਵਿਰਾਸਤ ਦਾ ਦਰਜਾ ਦਿੱਤਾ ਗਿਆ ਹੈ।
ਪਸ਼ੂਪਤੀ ਨਾਥ ਮੰਦਰ ਦੇ ਦਰਸ਼ਨ ਕਰਨ ਉਪਰੰਤ ਸਾਡਾ ਅਗਲਾ ਪੜਾਅ ਸਵੈਂਭੂਨਾਥ ਸਤੂਪ ਸੰਸਾਰ ਪ੍ਰਸਿੱਧ ਬੋਧੀ ਮੰਦਰ ਹੈ ਜੋ ਕਾਠਮੰਡੂ ਵਿੱਚ ਹੀ ਸਥਿਤ ਹੈ। ਸਵੈਂਭੂਨਾਥ ਦਾ ਇਹ ਸ਼ਾਨਦਾਰ ਮੰਦਰ ਇੱਕ ਪਹਾੜੀ ਦੀ ਚੋਟੀ ਉੱਪਰ ਸਮੁੰਦਰੀ ਸਤਹਿ ਤੋਂ 4500 ਫੁੱਟ ਦੀ ਉਚਾਈ ’ਤੇ ਸਥਿਤ ਹੈ। ਮੰਦਰ ’ਤੇ ਪੁੱਜਣ ਲਈ 400 ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ। ਇਹ ਮੰਦਰ ਲਗਭਗ ਦੋ ਹਜ਼ਾਰ ਸਾਲ ਪੁਰਾਣਾ ਹੈ ਜਿਸ ਨਾਲ ਬਹੁਤ ਸਾਰੀਆਂ ਪੁਰਾਣੀਆਂ ਮਿਥਿਹਾਸਕ ਕਥਾਵਾਂ ਜੁੜੀਆਂ ਹੋਈਆਂ ਹਨ। ਇਸ ਮੰਦਰ ਵਿੱਚ ਮਹਾਤਮਾ ਬੁੱਧ ਦਾ ਸਭ ਤੋਂ ਵੱਡਾ ਬੁੱਤ ਸਥਾਪਤ ਹੈ। ਸ਼ਹਿਰ ਦੇ ਤਿੰਨ ਮੀਲ ਪੂਰਬ ਵੱਲ ਕਮਲ ਦੇ ਪੱਤੇ ਉੱਤੇ ਮਹਾਤਮਾ ਬੁੱਧ ਦਾ ਤਾਜ ਨਜ਼ਰ ਆਉਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਇਸ ਮੰਦਰ ਵਿੱਚ ਬਹੁਤ ਚਹਿਲ-ਪਹਿਲ ਦਿਖਾਈ ਦਿੰਦੀ ਹੈ। ਇਸ ਪਹਾੜੀ ਟਿੱਲੇ ਤੋਂ ਦੂਰ ਦੂਰ ਤੱਕ ਕਾਠਮੰਡੂ ਦਾ ਨਜ਼ਾਰਾ ਵੀ ਵੇਖਿਆ ਜਾ ਸਕਦਾ ਹੈ। ਇਸ ਮੰਦਰ ਨੂੰ ਦੇਖਣ ਲਈ ਤਿੱਬਤ, ਭੂਟਾਨ, ਸਿੱਕਮ ਅਤੇ ਚੀਨ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ। ਜਨਵਰੀ ਵਿੱਚ ਇੱਥੇ ਹਜ਼ਾਰਾਂ ਜੋਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਸ਼ਰਧਾਲੂ ਮੰਦਰ ’ਚ ਪੂਜਾ ਕਰਦੇ ਹਨ। ਪੂਜਾ ਦੌਰਾਨ ਇਸ ਮੰਦਰ ਦੇ ਆਲੇ-ਦੁਆਲੇ ਦਾ ਸਾਰਾ ਵਾਤਾਵਰਨ ਸੰਗੀਤਮਈ ਹੋ ਜਾਂਦਾ ਹੈ। ਇੱਥੇ ਦਾ ਮੌਸਮ ਏਨਾ ਵਧੀਆ ਸੀ ਕਿ ਇੱਥੋਂ ਆਉਣ ਨੂੰ ਜੀ ਨਹੀਂ ਕਰਦਾ ਸੀ। ਸਮੇਂ ਦੀ ਨਜ਼ਾਕਤ ਨੂੰ ਪਛਾਣਦਿਆਂ ਗਾਈਡ ਨੇ ਅਗਲੇ ਪੜਾਅ ਵੱਲ ਵਧਣ ਦੇ ਸੰਕੇਤ ਦਿੱਤੇ। ਜੇ ਸਾਨੂੰ ਨੇਪਾਲ ਜਾਣ ਦਾ ਮੌਕਾ ਮਿਲੇ ਤਾਂ ਸਾਨੂੰ ਇਸ ਪੁਰਾਤਨ ਮੰਦਰ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਹਨ।
ਅਸਲ ਵਿੱਚ ਕਾਠਮੰਡੂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ: ਕਾਠਮੰਡੂ, ਲਲਿਤਪੁਰ ਅਤੇ ਭਗਤਪੁਰ। ਪੁਰਾਤਨ ਸਮਿਆਂ ਵਿੱਚ ਸ਼ਾਇਦ ਇਹ ਤਿੰਨੋਂ ਹੀ ਵਿਸ਼ਾਲ ਪਿੰਡ ਹੋਣਗੇ ਜਨਿ੍ਹਾਂ ਨੂੰ ਮਿਲਾ ਕੇ ਅੱਜ ਦੇ ਨਵੇਂ ਕਾਠਮੰਡੂ ਦਾ ਨਿਰਮਾਣ ਹੁੰਦਾ ਹੈ। ਭਗਤਪੁਰ ਵਿਖੇ ਹੀ ਸਥਿਤ ਹੈ ਪੁਰਾਤਨ ਸ਼ਵਿ ਮੰਦਰ ਸੰਘਾ-ਬਨਿਆਗ। ਪਹਾੜ ਦੇ ਸਿਖਰ ਉਪਰ ਬਣਿਆ 143 ਫੁੱਟ ਉੱਚਾ ਸ਼ਵਿ ਜੀ ਭਗਵਾਨ ਦਾ ਬੁੱਤ ਦਿਲਚਸਪ ਨਜ਼ਾਰਾ ਪੇਸ਼ ਕਰਦਾ ਹੈ। ਇਸ ਸਥਾਨ ਦੇ ਸਫ਼ਰ ਦੌਰਾਨ ਬਹੁਤ ਹੀ ਅਨੰਦਿਤ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਪਹਾੜਾਂ ਉੱਪਰ ਬਣੇ ਡੱਬੀਨੁਮਾ ਖੇਤ ਦੂਰ ਤੋਂ ਹੀ ਸੈਲਾਨੀਆਂ ਦਾ ਮਨ ਮੋਹ ਲੈਂਦੇ ਹਨ। ਬੱਚੇ ਇੱਥੋਂ ਦੀ ਕੁਦਰਤੀ ਸੁੰਦਰਤਾ ਨੂੰ ਆਪਣੇ ਮੋਬਾਈਲ ਦੇ ਕੈਮਰਿਆਂ ਵਿੱਚ ਬੰਦ ਕਰ ਰਹੇ ਸਨ। ਅਸੀਂ ਇੱਕ ਛੋਟੀ ਜਿਹੇ ਬਾਜ਼ਾਰ ਵਿੱਚ ਖਾਣ-ਪੀਣ ਦਾ ਮਨ ਬਣਾਇਆ ਸੀ।
ਹਿੰਦੂ ਧਰਮ ਦੀ ਇਸ ਪਵਿੱਤਰ ਯਾਦਗਾਰ ਦੇ ਦਰਸ਼ਨ ਕਰਨ ਉਪਰੰਤ ਸਾਡਾ ਅਗਲਾ ਨਿਸ਼ਾਨਾ ਨਾਗਰਕੋਟ ਸੀ ਜਿੱਥੋਂ ਡੁੱਬਦੇ ਸੂਰਜ ਅਤੇ ਹਿਮਾਲਿਆ ਦੀਆਂ ਖ਼ੂਬਸੂਰਤ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਸੀ। ਇਹ ਕਾਠਮੰਡੂ ਦਾ ਅੰਤਿਮ ਸੈਲਾਨੀ ਕੇਂਦਰ ਸੀ ਜਿਸ ਨੂੰ ਦੇਖਣ ਲਈ ਬੱਚੇ ਵੀ ਕਾਹਲੇ ਪੈ ਰਹੇ ਸਨ। ਇਹ ਦ੍ਰਿਸ਼ ਸ਼ਾਮ ਨੂੰ 7 ਵਜੇ ਦੇਖਿਆ ਜਾਣਾ ਸੀ, ਪਰ ਇਸ ਸਥਾਨ ’ਤੇ ਪਹੁੰਚਣਾ ਔਖਾ ਜਾਪਦਾ ਸੀ। ਕੁਝ ਰਸਤਾ ਕੱਚਾ ਸੀ ਅਤੇ ਖ਼ਤਰਨਾਕ ਪਹਾੜੀ ਮੋੜਾਂ ਕਾਰਨ ਸਾਡੀ ਗੱਡੀ ਦੀ ਰਫ਼ਤਾਰ ਵੀ ਘੱਟ ਹੋ ਰਹੀ ਸੀ। ਇਸ ਸਫ਼ਰ ਦੇ ਰਸਤੇ ਵਿੱਚ ਹੀ 7 ਵੱਜ ਜਾਣ ਕਾਰਨ ਅਸੀਂ ਨਾਗਰਕੋਟ ਦਾ ਇਹ ਅਲੌਕਿਕ ਨਜ਼ਾਰਾ ਨਹੀਂ ਦੇਖ ਸਕੇ। ਹਨੇਰਾ ਪਸਰਨ ਕਾਰਨ ਅਤੇ ਬੱਚਿਆਂ ਦਾ ਖ਼ਿਆਲ ਕਰਦਿਆਂ ਅਸੀਂ ਵਾਪਸੀ ਕਰ ਲਈ। ਨੇਪਾਲ ਘੁੰਮਣ ਦਾ ਸਾਡਾ ਅੱਜ ਆਖ਼ਰੀ ਦਨਿ ਸੀ ਕਿਉਂਕਿ ਅਗਲੇ ਦਨਿ ਅਸੀਂ ਨੇਪਾਲ ਦੇ ਵਿਸ਼ਵ ਪ੍ਰਸਿੱਧ ਸੈਲਾਨੀ ਸ਼ਹਿਰ ਪੋਖਾਰਾ ਲਈ ਨਿਕਲਣਾ ਸੀ ਜੋ ਕਾਠਮੰਡੂ ਤੋਂ ਲਗਭਗ 200 ਕਿਲੋਮੀਟਰ ਦੀ ਦੂਰੀ ’ਤੇ ਸੀ। ਰਾਤ ਨੂੰ ਹਨੇਰੇ ਹੋਏ ਅਸੀਂ ਆਪਣੇ ਹੋਟਲ ਵਿੱਚ ਵਾਪਸ ਆ ਗਏ। ਕਾਠਮੰਡੂ ਵਿੱਚ ਘੁੰਮਦਿਆਂ ਗਾਈਡ ਪਰਦੀਪ ਸਾਨੂੰ ਆਪਣਾ ਪਰਿਵਾਰਕ ਮੈਂਬਰ ਹੀ ਲੱਗਿਆ। ਅੱਜ ਉਸ ਦਾ ਵੀ ਸਾਡੇ ਨਾਲ ਆਖ਼ਰੀ ਦਨਿ ਸੀ। ਅਗਲੇ ਸਫ਼ਰ ਦੀ ਤਿਆਰੀ ਲਈ ਅਸੀਂ ਆਪਣਾ ਸਾਮਾਨ ਰਾਤ ਨੂੰ ਹੀ ਬੰਨ੍ਹ ਲਿਆ।
ਅਗਲੀ ਸਵੇਰ ਤਕਰੀਬਨ ਸਵੇਰੇ 7 ਵਜੇ ਅਸੀਂ ਨੇਪਾਲ ਦੇ ਖ਼ੂਬਸੂਰਤ ਸ਼ਹਿਰ ਪੋਖਾਰਾ ਲਈ ਨਿਕਲ ਪਏ। ਲਗਭਗ ਦੋ ਸੌ ਕਿਲੋਮੀਟਰ ਤੋਂ ਵੱਧ ਦਾ ਪਹਾੜੀ ਸਫ਼ਰ ਤੈਅ ਕਰਨ ਉਪਰੰਤ ਗਿਆਰਾਂ ਵਜੇ ਪੋਖਾਰਾ ਪਹੁੰਚ ਗਏ। ਸ਼ਹਿਰ ਵਿੱਚ ਪਹੁੰਚਦਿਆਂ ਹੀ ਇੱਕ ਵਿਸ਼ਾਲ ਝੀਲ ਅਤੇ ਖ਼ੂਬਸੂਰਤ ਪਹਾੜੀ ਦ੍ਰਿਸ਼ ਦੇਖ ਕੇ ਅਸੀਂ ਬਾਗੋ-ਬਾਗ ਹੋ ਗਏ। ਗੱਡੀ ਵਿੱਚੋਂ ਉੱਤਰਦਿਆਂ ਹੀ ਪੋਖਾਰਾ ਦੀ ਖ਼ੂਬਸੂਰਤ ਧਰਤੀ ਨੇ ਜ਼ੋਰਦਾਰ ਵਰਖਾ ਨਾਲ ਸਾਡਾ ਸਵਾਗਤ ਕੀਤਾ। ਮੀਂਹ ਤੋਂ ਬਚਣ ਲਈ ਅਸੀਂ ਇੱਕ ਢਾਬੇ ਉਪਰ ਸ਼ਰਨ ਲਈ। ਇੱਥੇ ਹੀ ਚਾਹ ਨਾਲ ਬਰੈਡ ਪੀਸ ਲੈ ਕੇ ਹਲਕੇ ਲੰਚ ਦਾ ਪ੍ਰਬੰਧ ਕਰ ਲਿਆ। ਇੱਥੇ ਸਾਨੂੰ ਪੰਜਾਬ ਦੀ ਸਰਦੀ ਵਰਗਾ ਅਹਿਸਾਸ ਹੋ ਰਿਹਾ ਸੀ। ਬਹੁਤ ਸਾਰੇ ਅੰਗਰੇਜ਼ ਸੈਲਾਨੀ ਵੀ ਪੋਖਾਰਾ ਝੀਲ ਦਾ ਆਨੰਦ ਲੈ ਰਹੇ ਸਨ। ਪੋਖਾਰਾ ਨੂੰ ਦੁਨੀਆਂ ਦੀ ਪ੍ਰਸਿੱਧ ਸੈਲਾਨੀ ਸੈਰਗਾਹ ਵਜੋਂ ਜਾਣਿਆ ਜਾਂਦਾ ਹੈ। ਪਹਾੜਾਂ ਵਿੱਚ ਘਿਰੀ ਝੀਲਾਂ ਦੀ ਇਹ ਅਨੋਖੀ ਧਰਤੀ ਦੇਖਣ ਵਾਲੇ ਦਾ ਮਨ ਮੋਹ ਲੈਂਦੀ ਹੈ। ਪਹਿਲੀ ਵਾਰ ਪੋਖਾਰਾ ਵਾਦੀ ਦਾ ਦ੍ਰਿਸ਼ ਦੇਖਣ ਤੋਂ ਬਾਅਦ ਇੰਝ ਲੱਗਦਾ ਹੈ ਜਵਿੇਂ ਅਸੀਂ ਕਸ਼ਮੀਰ ਵਾਦੀ ਦੀ ਡੱਲ ਝੀਲ ਦਾ ਨਜ਼ਾਰਾ ਦੇਖ ਰਹੇ ਹਾਂ। ਵਿਸ਼ਾਲ ਉੱਚੇ ਪਹਾੜਾਂ ਵਿੱਚ ਘਿਰੀ ਝੀਲ ਵਿੱਚ ਸੈਰ ਕਰਦਿਆਂ ਮਾਊਂਟ ਐਵਰੈਸਟ ਦੀਆਂ ਬਰਫ਼ਾਨੀ ਚੋਟੀਆਂ ਦਾ ਨਜ਼ਾਰਾ ਦੇਖਿਆ ਜਾ ਸਕਦਾ ਹੈ। ਹਿਮਾਲਿਆ ਪਰਬਤ ਦੀ ਪ੍ਰਸਿੱਧ ਚੋਟੀ ਮਾਊਂਟ ਐਵਰੈਸਟ ਇਸ ਖੇਤਰ ਵਿੱਚ ਹੀ ਸਥਿਤ ਹੈ। ਅਤਿ ਦੀ ਗਰਮੀ ਵਿੱਚ ਵੀ ਸਰਦੀ ਦਾ ਅਹਿਸਾਸ ਹੁੰਦਾ ਹੈ। ਸਵੇਰ ਵੇਲੇ ਸੂਰਜ ਦੀਆਂ ਉੱਗ ਰਹੀਆਂ ਸੁਨਿਹਰੀ ਕਿਰਨਾਂ ਵਿੱਚ ਪੋਖਾਰਾ ਝੀਲ ਤੇ ਮਾਊਂਟ ਐਵਰੈਸਟ ਦੀਆਂ ਲਾਸਾਨੀ ਚੋਟੀਆਂ ਦਾ ਅਲੌਕਿਕ ਦ੍ਰਿਸ਼ ਦਿਲ ਨੂੰ ਛੂਹ ਜਾਂਦਾ ਹੈ। ਹਰ ਸੈਲਾਨੀ ਚਾਹੁੰਦਾ ਹੈ ਕਿ ਉਹ ਇਸ ਦ੍ਰਿਸ਼ ਨੂੰ ਸਦਾ ਲਈ ਆਪਣੇ ਅੰਦਰ ਵਸਾ ਲਵੇ ਅਤੇ ਇਸ ਖ਼ੂਬਸੂਰਤ ਵਾਦੀ ਦਾ ਹੀ ਹੋ ਕੇ ਰਹਿ ਜਾਵੇ। ਲਗਭਗ ਚਾਰ ਪੰਜ ਘੰਟੇ ਇਸ ਝੀਲ ਦਾ ਅਨੰਦ ਮਾਣਨ ਤੋਂ ਬਾਅਦ ਅਸੀਂ ਰਾਤ ਰਹਿਣ ਲਈ ਹੋਟਲ ਦਾ ਪ੍ਰਬੰਧ ਕੀਤਾ।
ਅਗਲੇ ਦਨਿ ਸਾਡੀ ਵਾਪਸੀ ਸੀ ਕਿਉਂਕਿ ਰਖਸੋਲ ਬਾਰਡਰ ਤੋਂ ਮਿਲੇ ਪਰਮਿਟ ਅਨੁਸਾਰ ਅਸੀਂ 17 ਜੂਨ ਰਾਤ 12 ਵਜੇ ਤੱਕ ਹਰ ਹਾਲਤ ਵਿੱਚ ਬਾਰਡਰ ’ਤੇ ਪਹੁੰਚਣਾ ਸੀ। ਵਾਪਸੀ ਵੇਲੇ ਅਸੀਂ ਸਨੌਲੀ ਬਾਰਡਰ ਦਾ ਰਸਤਾ ਚੁਣਿਆ। ਉੱਤਰ ਪ੍ਰਦੇਸ਼ ਦਾ ਇਹ ਬਾਰਡਰ ਪੋਖਾਰਾ ਤੋਂ 173 ਕਿਲੋਮੀਟਰ ਦੂਰ ਸੀ। ਰਾਤ ਲੇਟ ਸੌਣ ਕਾਰਨ ਬੱਚੇ ਦੇਰ ਨਾਲ ਉੱਠੇ ਸਨ। ਹੋਟਲ ਵਿੱਚ ਦੁਪਹਿਰ ਦਾ ਖਾਣਾ ਖਾਣ ਉਪਰੰਤ 3 ਵਜੇ ਵਾਪਸੀ ਦਾ ਸਫ਼ਰ ਆਰੰਭ ਕੀਤਾ। ਵਾਪਸੀ ਦਾ ਰਸਤਾ ਜੰਗਲੀ ਤੇ ਪਹਾੜੀ ਸੀ। ਇਹ ਸਾਰਾ ਰਸਤਾ ਜੋਖ਼ਮ ਭਰਿਆ ਸੀ। ਜੰਗਲ ਅਤੇ ਪਰਬਤ ਸਾਡੇ ਸਫ਼ਰ ਦੇ ਹਾਣੀ ਸਨ। ਕਈ ਜੰਗਲੀ ਘਾਟੀਆਂ ਨੂੰ ਪਾਰ ਕਰਦੇ ਹੋਏ ਅਸੀਂ ਅੱਗੇ ਵਧ ਰਹੇ ਸੀ। ਅਚਾਨਕ ਹੀ ਦੋ ਤਿੰਨ ਨੇਪਾਲੀ ਮੁੰਡੇ ਆਪਣੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਸਾਡਾ ਪਿੱਛਾ ਕਰਨ ਲੱਗ ਪਏ। ਡਰਾਈਵਰ ਨੇ ਸਾਨੂੰ ਦੱਸਿਆ ਕਿ ਅਜਿਹੀਆਂ ਘਟਨਾਵਾਂ ਅਕਸਰ ਵਾਪਰਦੀਆਂ ਰਹਿੰਦੀਆਂ ਹਨ। ਇਹ ਲੋਕ ਗੱਡੀਆਂ ਰੋਕ ਕੇ ਸਵਾਰੀਆਂ ਨੂੰ ਲੁੱਟ ਲੈਂਦੇ ਹਨ। ਡਰਾਈਵਰ ਦੀ ਗੱਲ ਸੁਣ ਕੇ ਅਸੀਂ ਡਰ ਗਏ ਅਤੇ ਅਸੀਂ ਉਸ ਨੂੰ ਤੇਜ਼ ਗੱਡੀ ਭਜਾਉਣ ਦੀ ਨਸੀਹਤ ਕੀਤੀ। ਹੌਲੀ ਹੌਲੀ ਇਨ੍ਹਾਂ ਜੰਗਲੀ ਮੁੰਡਿਆਂ ਦੀ ਗਿਣਤੀ ਵਧਦੀ ਜਾ ਰਹੀ ਸੀ। ਬਿਗਾਨੇ ਦੇਸ਼ ਵਿਚ ਅਜਿਹੀ ਘਟਨਾ ਸਾਡੇ ਲਈ ਦੁਬਿਧਾ ਦਾ ਕਾਰਨ ਬਣ ਰਹੀ ਸੀ। ਅਸੀਂ ਪਲ-ਪਲ ਪ੍ਰੇਸ਼ਾਨ ਹੋ ਰਹੇ ਸੀ। ਆਖ਼ਰ ਨੂੰ ਉਨ੍ਹਾਂ ਮੋਟਰਸਾਈਕਲ ਸਵਾਰ ਮੁੰਡਿਆਂ ਨੇ ਸਾਡੀ ਗੱਡੀ ਰੋਕ ਲਈ। ਬੱਚੇ ਡਰ ਕੇ ਸਹਿਮ ਗਏ ਸਨ। ਉਹ ਮੁੰਡੇ ਸਾਡੇ ਡਰਾਈਵਰ ਨਾਲ ਉਲਝ ਰਹੇ ਸਨ ਕਿ ਉਸ ਨੇ ਓਵਰਟੇਕ ਕਿਉਂ ਕੀਤਾ ਸੀ। ਮੈਂ ਤੇ ਮੇਰਾ ਮਿੱਤਰ ਗੱਡੀ ਵਿੱਚੋਂ ਬਾਹਰ ਆ ਗਏ। ਅਸੀਂ ਉਨ੍ਹਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਡਰਾਈਵਰ ਨੂੰ ਆਪਣੀ ਗਲਤੀ ਮੰਨ ਲੈਣ ਲਈ ਕਿਹਾ। ਨੇੜੇ ਹੀ ਇੱਕ ਢਾਬੇ ਵਾਲੇ ਨੇ ਸਾਡਾ ਸਾਥ ਦਿੱਤਾ ਤੇ ਢਾਬੇ ’ਤੇ ਖਾਣਾ ਖਾ ਰਹੇ ਕੁਝ ਵਿਦੇਸ਼ੀ ਸੈਲਾਨੀ ਵੀ ਸਾਡੇ ਕੋਲ ਆ ਗਏ। ਹੁਣ ਖ਼ਤਰਾ ਟਲ ਗਿਆ ਸੀ ਤੇ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕੀਤਾ। ਅਸੀਂ ਸ਼ਾਮ ਨੂੰ ਤਕਰੀਬਨ 9 ਵਜੇ ਸਨੌਲੀ ਬਾਰਡਰ ਪਹੁੰਚ ਗਏ। ਆਪਣੇ ਦੇਸ਼ ਪਰਤਣ ਦਾ ਅਹਿਸਾਸ ਲੈ ਕੇ ਅਤੇ ਨੇਪਾਲ ਦੀਆਂ ਅਭੁੱਲ ਯਾਦਾਂ ਨੂੰ ਸਮੇਟਦਿਆਂ ਅਸੀਂ ਆਪਣੀ ਧਰਤੀ ’ਤੇ ਪੈਰ ਰੱਖਿਆ। ਕੁਝ ਨੇਪਾਲੀ ਕਰੰਸੀ ਸਾਡੇ ਕੋਲ ਬਚ ਗਈ ਸੀ। ਉਸਨੂੰ ਵਾਪਸੀ ਵੇਲੇ ਭਾਰਤੀ ਰੁਪਏ ਵਿੱਚ ਬਦਲ ਲਿਆ। ਇਸ ਲਈ ਕੋਈ ਵਿਸ਼ੇਸ਼ ਯਤਨ ਨਹੀਂ ਕਰਨਾ ਪਿਆ। ਇਕ ਭਾਰਤੀ ਮੈਡੀਕਲ ਸਟੋਰ ਦੇ ਮਾਲਕ ਨੇ ਸਾਨੂੰ ਕਰੰਸੀ ਬਦਲ ਦਿੱਤੀ ਸੀ। ਬਾਰਡਰ ਉਪਰ ਮੇਲੇ ਵਰਗਾ ਮਾਹੌਲ ਸੀ। ਬਾਰਡਰ ਸਕਿਉਰਿਟੀ ਫੋਰਸ ਨੇਪਾਲ ਤੋਂ ਵਾਪਸ ਆ ਰਹੇ ਸੈਲਾਨੀਆਂ ਦੀ ਪੂਰੀ ਪੁੱਛ-ਗਿੱਛ ਕਰ ਰਹੀ ਸੀ। ਇੱਥੋਂ ਤੱਕ ਕਿ ਛੋਟੇ-ਛੋਟੇ ਬੱਚਿਆਂ ਕੋਲੋਂ ਇਹ ਸਵਾਲ ਪੁੱਛੇ ਜਾ ਰਹੇ ਸਨ ਕਿ ਗੱਡੀ ਵਿੱਚ ਬੈਠੇ ਮੈਂਬਰਾਂ ਨਾਲ ਤੁਹਾਡਾ ਕੀ ਰਿਸ਼ਤਾ ਹੈ। ਸ਼ਾਇਦ ਇਹ ਜ਼ਰੂਰੀ ਵੀ ਸੀ ਕਿਉਂਕਿ ਨੇਪਾਲ ਦੀ ਗ਼ਰੀਬੀ ਅਤੇ ਕਰੰਸੀ ਦੀ ਕੀਮਤ ਘੱਟ ਹੋਣ ਕਾਰਨ ਬਹੁਤ ਸਾਰੇ ਨੇਪਾਲੀ ਭਾਰਤ ਵਿੱਚ ਆ ਕੇ ਕੰਮ ਕਰਨ ਨੂੰ ਤਰਜੀਹ ਦਿੰਦੇ ਹਨ। ਸਾਡਾ ਅਗਲਾ ਪੜਾਅ ਗੋਰਖਪੁਰ ਸੀ। ਗੋਰਖਪੁਰ ਤੋਂ ਲਗਭਗ 400 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਅਸੀਂ ਆਖ਼ਰ 18 ਜੂਨ ਸਵੇਰੇ 4 ਵਜੇ ਲਖਨਊ ਪਹੁੰਚ ਗਏ। ਲੰਬਾ ਸਫ਼ਰ ਤੈਅ ਕਰਨ ਉਪਰੰਤ ਵੀ ਸਾਰੇ ਪਰਿਵਾਰਕ ਮੈਂਬਰ ਤਰੋਤਾਜ਼ਾ ਸਨ। ਅੰਮ੍ਰਿਤਸਰ ਮੇਲ ਦੀਆਂ ਸੀਟਾਂ ਪਹਿਲਾਂ ਤੋਂ ਹੀ ਬੁੱਕ ਕਰਵਾ ਲਈਆਂ ਸਨ ਤੇ ਆਪਣੇ ਘਰਾਂ ਨੂੰ ਪਰਤ ਆਏ।
ਸੰਪਰਕ: 94653-69343