For the best experience, open
https://m.punjabitribuneonline.com
on your mobile browser.
Advertisement

ਭੂਆ ਦੇ ਲੜਕੇ ’ਤੇ ਹਮਲਾ ਕਰਨ ਪੁੱਜੀਆਂ ਲੜਕੀਆਂ ਵੱਲੋਂ ਗੁਆਂਢੀ ਦਾ ਕਤਲ

08:03 AM Mar 30, 2024 IST
ਭੂਆ ਦੇ ਲੜਕੇ ’ਤੇ ਹਮਲਾ ਕਰਨ ਪੁੱਜੀਆਂ ਲੜਕੀਆਂ ਵੱਲੋਂ ਗੁਆਂਢੀ ਦਾ ਕਤਲ
ਗੁਰਦੀਪ (ਇਨਸੈੱਟ) ਦੀ ਮੌਤ ਮਗਰੋਂ ਜਾਂਚ ਕਰਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਹਿਮਾਂਸ਼ੂ
Advertisement

ਗਗਨਦੀਪ ਅਰੋੜਾ
ਲੁਧਿਆਣਾ, 29 ਮਾਰਚ
ਸ਼ਿਮਲਾਪੁਰੀ ਦੇ ਸੂਰਜ ਨਗਰ ਇਲਾਕੇ ’ਚ ਵੀਰਵਾਰ ਦੀ ਦੇਰ ਰਾਤ 2 ਲੜਕੀਆਂ ਆਪਣੇ ਕੁਝ ਸਾਥੀਆਂ ਨਾਲ ਮਿਲ ਕੇ ਆਪਣੀ ਭੂਆ ਦੇ ਘਰ ਉਸ ਦੇ ਲੜਕੇ ’ਤੇ ਹਮਲਾ ਕਰਨ ਪੁੱਜੀਆਂ। ਮੁਲਜ਼ਮ ਨੌਜਵਾਨ ਨਾਲ ਕੁੱਟਮਾਰ ਕਰ ਰਹੇ ਸਨ ਤਾਂ ਗੁਆਂਢੀ ਬਚਾਅ ਲਈ ਵਿੱਚ ਆ ਗਿਆ। ਇਸ ਦੌਰਾਨ ਮੁਲਜ਼ਮ ਨੌਜਵਾਨ ਨੂੰ ਛੱਡ ਕੇ ਉਸ ਦੇ ਗੁਆਂਢੀ ਪਿੱਛੇ ਪੈ ਗਏ ਤੇ ਉਸ ਨੂੰ ਗਲੀ ’ਚ ਭਜਾ ਭਜਾ ਕੇ ਕੁੱਟਿਆ। ਮੁਲਜ਼ਮਾਂ ਨੇ ਸੂਰਜ ਨਗਰ ’ਚ ਰਹਿਣ ਵਾਲੇ ਅਮਨਦੀਪ ਸਿੰਘ ਦੇ ਗੁਆਂਢੀ ਗੁਰਦੀਪ ਸਿੰਘ ’ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਕਤਲ ਕਰ ਦਿੱਤਾ ਤੇ ਫ਼ਰਾਰ ਹੋ ਗਏ।
ਇਸ ਮਗਰੋਂ ਲੋਕਾਂ ਨੇ ਇਕੱਠੇ ਹੋ ਕੇ ਗੁਰਦੀਪ ਤੇ ਅਮਨਦੀਪ ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਗੁਰਦੀਪ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਥਾਣਾ ਸ਼ਿਮਲਾਪੁਰੀ ਦੀ ਪੁਲੀਸ ਤੇ ਏਸੀਪੀ ਇੰਡਸਟਰੀ ਏਰੀਆ ਬ੍ਰਿਜ ਮੋਹਨ ਘਟਨਾ ਸਥਾਨ ’ਤੇ ਪੁੱਜੇ। ਜਾਂਚ ਦੌਰਾਨ ਪੁਲੀਸ ਨੇ ਕੁਲਵੰਤ ਸਿੰਘ ਕੰਤਾ, ਉਸ ਦੀ ਲੜਕੀ ਸੀਮਾ, ਸਹੇਲੀ ਤੇ 2 ਹੋਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਤਿੰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਨਾਲ ਦੇ ਮੁਹੱਲੇ ਰਹਿੰਦੇ ਆਪਣੇ ਮਾਮਾ ਕੁਲਵੰਤ ਸਿੰਘ ਨਾਲ ਮੁਲਾਕਾਤ ਕਰਨ ਲਈ ਗਿਆ ਸੀ। ਉੱਥੇ ਘਰੇਲੂ ਗੱਲਾਂ ਤੋਂ ਉਨ੍ਹਾਂ ’ਚ ਬਹਿਸ ਹੋ ਗਈ। ਘਰ ਆ ਕੇ ਜਦੋਂ ਉਸ ਨੇ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੱਤੀ ਤਾਂ ਉਸ ਦੀ ਮਾਂ ਦੁਬਾਰਾ ਆਪਣੇ ਦੇ ਭਰਾ ਨਾਲ ਗੱਲ ਕਰਨ ਚਲੀ ਗਈ। ਇਸ ਦੌਰਾਨ ਪਿੱਛੋਂ ਪੀੜਤ ਦਾ ਮਾਮਾ, ਸੀਮਾ, ਉਸ ਦੀ ਸਹੇਲੀ ਦੋ ਸਾਥੀਆਂ ਨਾਲ ਪੁੱਜੇ ਤੇ ਅਮਨਦੀਪ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ। ਗੁਰਦੀਪ ਉਨ੍ਹਾਂ ਨੂੰ ਸ਼ਾਂਤ ਕਰਵਾਉਣ ਲਈ ਪੁੱਜਿਆ ਸੀ। ਉਹ ਜਦੋਂ ਵਾਪਸ ਜਾ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ।

Advertisement

ਜੋੜੇ ਨੇ ਧੀਆਂ ਨਾਲ ਮਿਲ ਕੇ ਗੁਆਂਢੀ ਕੁੱਟ ਕੇ ਮਾਰਿਆ

ਡਾਬਾ ਦੇ ਮੁਹੱਲਾ ਢਿੱਲੋਂ ਨਗਰ ਇਲਾਕੇ ’ਚ ਜੋੜੇ ਨੇ ਆਪਣੀਆਂ ਦੋ ਲੜਕੀਆਂ ਨਾਲ ਗੁਆਂਢੀ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਮੁਹੱਲੇ ਦੇ ਲੋਕ ਛੁਡਵਾਉਂਦੇ ਰਹੇ ਪਰ ਚਾਰੇ ਮੁਲਜ਼ਮ ਨੇ ਸੁਖਵਿੰਦਰ ਸਿੰਘ ਉਰਫ਼ ਬਬਲੂ ਨੂੰ ਉਦੋਂ ਤੱਕ ਕੁੱਟਦੇ ਰਹੇ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। ਕਿਸੇ ਤਰ੍ਹਾਂ ਨਾਲ ਇਲਾਕਾ ਵਾਸੀਆਂ ਨੇ ਮੁਲਜ਼ਮਾਂ ਨੂੰ ਪਿੱਛੇ ਕੀਤਾ ਤੇ ਬਬਲੂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਨਜ਼ਦੀਕੀ ਹਸਪਤਾਲ ਨੇ ਜਖ਼ਮੀ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਏਸੀਪੀ ਬ੍ਰਿਜ ਮੋਹਨ ਤੇ ਥਾਣਾ ਡਾਬਾ ਦੇ ਐੱਸਐੱਚਓ ਇੰਸਪੈਕਟਰ ਸੁਖਜਿੰਦਰ ਸਿੰਘ ਪੁਲੀਸ ਟੀਮ ਨਾਲ ਮੌਕੇ ’ਤੇ ਪੁੱਜ ਗਏ। ਪੁਲੀਸ ਨੇ ਜਾਂਚ ਤੋਂ ਬਾਅਦ ਇਸ ਮਾਮਲੇ ’ਚ ਬਬਲੂ ਦੇ ਪਰਿਵਾਰ ਵਾਲਿਆਂ ਦੀ ਸ਼ਿਕਾਇਤ ’ਤੇ ਗੁਆਂਢੀ ਬਲਬੀਰ ਸਿੰਘ, ਉਸ ਦੀ ਪਤਨੀ ਚਰਨਜੀਤ ਕੌਰ, ਲੜਕੀ ਦੀਪਜੋਤ ਕੌਰ ਅਤੇ ਮਨੀ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Advertisement
Author Image

joginder kumar

View all posts

Advertisement
Advertisement
×