ਨੀਲਾ ਮਹਿਲ ਵਿੱਚ ਹੋਏ ਕਤਲ ਦੇ ਦੋਸ਼ ’ਚ ਗੁਆਂਢੀ ਕਾਬੂ
ਹਤਿੰਦਰ ਮਹਿਤਾ
ਜਲੰਧਰ, 17 ਅਗਸਤ
ਇੱਥੋਂ ਦੇ ਮੁਹੱਲਾ ਨੀਲਾ ਮਹਿਲ ਵਿਖੇ ਹੋਏ ਕਤਲ ਕੇਸ ਵਿੱਚ ਨਾਮਜ਼ਦ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰ 2 ਜਲੰਧਰ ਵਲੋਂ ਮੁਲਜ਼ਮ ਨੂੰ ਕੁੱਝ ਹੀ ਘੰਟਿਆਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਡਵੀਜਨ ਨੰ 2 ਕਮਿਸ਼ਨਰੇਟ ਜਲੰਧਰ ਵਿੱਚ ਪੈਂਦੇ ਮੁਹੱਲਾ ਨੀਲਾ ਮਹਿਲ ਵਿਖੇ ਰਾਤ ਕਰੀਬ 10.15 ਵਜੇ ਕਰਨ ਕੁਮਾਰ ਵਾਸੀ ਨੀਲਾ ਮਹਿਲ ਜਲੰਧਰ ਜੋ ਆਟੋ ਰਿਕਸ਼ਾ ਚਲਾਉਂਦਾ ਹੈ ਅਤੇ ਕੰਮ ਖਤਮ ਕਰਕੇ ਘਰ ਆਇਆ ਤਾਂ ਉਸ ਦਾ ਗੁਆਂਢੀ ਗਗਨਦੀਪ ਉਰਫ ਗੱਗੂ ਗਲੀ ਵਿੱਚ ਸ਼ਰਾਬ ਪੀ ਕੇ ਗਾਲੀ ਗਲੋਚ ਕਰ ਰਿਹਾ ਸੀ ਅਤੇ ਕਰਨ ਕੁਮਾਰ ਨਾਲ ਵੀ ਗਾਲੀ ਗਲੋਚ ਕਰਨ ਲੱਗ ਪਿਆ ਜਿਸ ’ਤੇ ਕਰਨ ਕੁਮਾਰ ਦੇ ਭਰਾ ਤਰਨ ਕੁਮਾਰ ਉਰਫ ਭੀਮਾ ਨੇ ਆਪਣੇ ਭਰਾ ਕਰਨ ਨੂੰ ਘਰ ਦੀ ਦੂਸਰੀ ਮੰਜਿਲ ’ਤੇ ਭੇਜ ਦਿੱਤਾ ਤਾਂ ਗਗਨਦੀਪ ਉਰਫ ਗੱਗੂ ਵੀ ਆਪਣੇ ਘਰ ਦੀ ਤੀਸਰੀ ਮੰਜਿਲ ਤੇ ਚਲਾ ਗਿਆ ਅਤੇ ਕਰਨ ਕੁਮਾਰ ਵੱਲ ਇੱਟਾਂ ਰੋੜੇ ਮਾਰਨ ਲੱਗ ਪਿਆ ਜਿਸ ਤੇ ਇੱਕ ਇੱਟ ਕਰਨ ਕੁਮਾਰ ਦੇ ਸਿਰ ਵਿੱਚ ਵੱਜੀ ਜਿਸ ਨਾਲ ਕਰਨ ਕੁਮਾਰ ਦੂਸਰੀ ਮੰਜਿਲ ਤੋਂ ਚੱਕਰ ਖਾ ਕੇ ਹੇਠਾਂ ਗਲੀ ਵਿੱਚ ਡਿੱਗ ਗਿਆ। ਪਰੰਤੂ ਗਗਨਦੀਪ ਉਰਫ ਗੱਗੂ ਕਰਨ ਕੁਮਾਰ ਦੇ ਥੱਲੇ ਡਿੱਗੇ ਹੋਏ ਦੇ ਵੀ ਇੱਆਂ ਰੋੜੇ ਮਾਰਨ ਲਗ ਪਿਆ। ਕਰਨ ਕੁਮਾਰ ਦੇ ਭਰਾ ਤਰਨ ਕੁਮਾਰ ਉਰਫ ਭੀਮਾ ਵੱਲੋਂ ਰੌਲਾ ਪਾਉਣ ਤੇ ਗਗਨਦੀਪ ਉਰਫ ਗੱਗੂ ਮੌਕੇ ਤੋਂ ਭੱਜ ਗਿਆ ਤੇ ਕਰਨ ਕੁਮਾਰ ਨੂੰ ਟੈਗੋਰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰ ਵੱਲੋਂ ਕਰਨ ਕੁਮਾਰ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਿਸ ਤੇ ਗੁਰਪ੍ਰੀਤ ਸਿੰਘ ਵੱਲੋਂ ਮ੍ਰਿਤਕ ਕਰਨ ਕੁਮਾਰ ਦੇ ਭਰਾ ਤਰਨ ਕੁਮਾਰ ਉਰਫ ਭੀਮਾ ਦੇ ਬਿਆਨ ’ਤੇ ਦੋਸ਼ੀ ਗਗਨਦੀਪ ਉਰਫ ਗੱਗੂ ਖਿਲਾਫ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕੀਤੀ। ਇਸੇ ਦੌਰਾਨ ਗਗਨਦੀਪ ਸਿੰਘ ਉਰਫ ਗੱਗੂ ਨੂੰ ਮੁੱਖਬਰ ਖਾਸ ਦੀ ਇਤਲਾਹ ਤੇ ਸਿਵਲ ਹਸਪਤਾਲ ਜਲੰਧਰ ਦੇ ਪਾਰਕਿੰਗ ਨੇੜੇ ਗ੍ਰਿਫਤਾਰ ਕੀਤਾ ਗਿਆ ਹੈ।