ਨਹਿਰੂ ਲਗਾਤਾਰ 17 ਸਾਲ ਰਹੇ ਭਾਰਤ ਦੇ ਪ੍ਰਧਾਨ ਮੰਤਰੀ
ਸਰਬਜੀਤ ਸਿੰਘ ਭੰਗੂ
ਪਟਿਆਲਾ, 9 ਜੂਨ
ਭਾਜਪਾ ਆਗੂ ਨਰਿੰਦਰ ਮੋਦੀ ਨੇ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਉਂਜ, ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਹੋਏ ਹਨ ਜਿਨ੍ਹਾਂ ਸਭ ਤੋਂ ਵੱਧ ਪੌਣੇ ਸਤਾਰਾਂ ਸਾਲ ਪ੍ਰਧਾਨ ਮੰਤਰੀ ਵਜੋਂ ਕੰਮ ਕੀਤਾ ਜਦਕਿ ਸਭ ਤੋਂ ਘੱਟ 13-13 ਦਿਨ (ਕੁੱਲ 26 ਦਿਨ) ਗੁਲਜ਼ਾਰੀ ਲਾਲ ਨੰਦਾ ਪ੍ਰਧਾਨ ਮੰਤਰੀ (ਕਾਰਜਕਾਰੀ) ਰਹੇ ਹਨ। ਅਸਲ ’ਚ ਉਨ੍ਹਾਂ ਨੂੰ ਸ੍ਰੀ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਮਗਰੋਂ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ। ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੋਰਾਰ ਜੀ ਦੇਸਾਈ ਹੋਏ ਹਨ। ਇੰਦਰਾ ਗਾਂਧੀ ਇਕਲੌਤੇ ਮਹਿਲਾ ਤੇ ਡਾ. ਮਨਮੋਹਨ ਸਿੰਘ ਇੱਕਲੌਤੇ ਸਿੱਖ ਪ੍ਰਧਾਨ ਮੰਤਰੀ ਰਹੇ ਹਨ। ਚਾਰ ਪ੍ਰਧਾਨ ਮੰਤਰੀਆਂ ਦੀ ਮੌਤ ਅਹੁਦੇ ’ਤੇ ਰਹਿੰਦਿਆਂ ਹੋਈ, ਜਿਨ੍ਹਾਂ ਵਿਚੋਂ ਦੋ ਦੀ ਹੱਤਿਆ ਹੋਈ ਸੀ।
ਪ੍ਰਧਾਨ ਮੰਤਰੀ ਦੀ ਕੁਰਸੀ ਭਾਵੇਂ 27 ਵਾਰ ਬਦਲੀ, ਪਰ ਇਸ ਵੱਕਾਰੀ ਅਹੁਦੇ ਤੱਕ ਅੱਪੜਨ ਵਾਲਿਆਂ ਦੀ ਗਿਣਤੀ 14 ਹੀ ਹੈ, ਜਿਸ ਦੌਰਾਨ ਪਿਓ-ਧੀ, ਮਾਂ-ਪੁੱਤ ਅਤੇ ਨਾਨਾ-ਦੋਹਤਾ ਵੀ ਪ੍ਰਧਾਨ ਮੰਤਰੀ ਰਹੇ ਹਨ। ਤੀਜੀ ਲੋਕ ਸਭਾ ਦੀ ਸ਼ੁਰੂਆਤ ਪਿਤਾ ਜਵਾਹਰ ਲਾਲ ਨਹਿਰੂ ਦੇ ਪ੍ਰਧਾਨ ਮੰਤਰੀ ਬਣਨ ਨਾਲ ਹੋਈ ਜਦਕਿ ਸੰਪੰਨਤਾ ਧੀ ਇੰਦਰਾ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਨਾਲ ਹੋਈ। ਇਸ ਪਾਰੀ ਦੌਰਾਨ ਪ੍ਰਧਾਨ ਮੰਤਰੀ ਦੀ ਕੁਰਸੀ ਪੰਜ ਵਾਰ ਬਦਲੀ।
ਪਹਿਲੀ ਅਧਿਕਾਰਤ ਲੋਕ ਸਭਾ ਤੋਂ ਪਹਿਲਾਂ 15 ਅਗਸਤ 1947 ਤੋਂ 15 ਅਪਰੈਲ 1952 ਤੱਕ ਬਣੀ ਸੰਵਿਧਾਨ ਸਭਾ ’ਚ ਜਵਾਹਰ ਲਾਲ ਨਹਿਰੂ ਪਲੇਠੇ ਪ੍ਰਧਾਨ ਮੰਤਰੀ ਰਹੇ। ਉਹ ਅਧਿਕਾਰਤ ਪਹਿਲੀ, ਦੂਜੀ ਅਤੇ ਤੀਜੀ ਲੋਕ ਸਭਾ ਦੌਰਾਨ ਵੀ (15 ਅਪਰੈਲ 1952 ਤੋਂ 27 ਮਈ 1964) ਤੱਕ ਪ੍ਰਧਾਨ ਮੰਤਰੀ ਬਣੇ ਰਹੇ। ਅਹੁਦੇ ’ਤੇ ਰਹਿੰਦਿਆਂ ਹੀ ਦੇਹਾਂਤ ਹੋਣ ਕਾਰਨ 27 ਮਈ 1964 ਨੂੰ ਗੁਲਜ਼ਾਰੀ ਲਾਲ ਨੰਦਾ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ, ਜੋ 13 ਦਿਨ ਇਸ ਅਹੁਦੇ ’ਤੇ ਰਹੇ, ਕਿਉਂਕਿ 9 ਜੂਨ 1964 ਨੂੰ ਲਾਲ ਬਹਾਦਰ ਸ਼ਾਸਤਰੀ ਪ੍ਰਧਾਨ ਮੰਤਰੀ ਬਣ ਗਏ ਸਨ, ਪਰ 11 ਜਨਵਰੀ 1966 ਉਨ੍ਹਾਂ ਦਾ ਵੀ ਅਹੁਦੇ ’ਤੇ ਰਹਿੰਦਿਆਂ ਹੀ ਦੇਹਾਂਤ ਹੋ ਗਿਆ ਜਿਸ ਕਾਰਨ ਉਸੇ ਹੀ ਦਿਨ ਮੁੜ ਤੋਂ ਗੁਲਜ਼ਾਰੀ ਲਾਲ ਨੰਦਾ ਨੂੰ ਮੁੜ ਕਾਰਜਕਾਰੀ ਪ੍ਰਧਾਨ ਮੰਤਰੀ ਬਣਾਇਆ ਗਿਆ ਤੇ ਉਹ 13 ਦਿਨ ਇਸ ਅਹੁਦੇ ’ਤੇ ਰਹੇ। ਇਸ ਮਗਰੋਂ 24 ਜਨਵਰੀ 1966 ਨੂੰ ਜਵਾਹਰ ਲਾਲ ਨਹਿਰੂ ਦੀ ਧੀ ਇੰਦਰਾ ਗਾਂਧੀ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਸੌਂਪੀ ਗਈ, ਜੋ 4 ਮਾਰਚ 1967 ਤੱਕ ਬਣੇ ਰਹੇ। ਫਿਰ ਚੌਥੀ ਅਤੇ ਪੰਜਵੀਂ ਲੋਕ ਸਭਾ ਦੌਰਾਨ ਵੀ ਇੰਦਰਾ ਗਾਂਧੀ ਹੀ ਪ੍ਰਧਾਨ ਮੰਤਰੀ ਰਹੇ। ਇਹ ਕਾਰਜਕਾਲ 4 ਮਾਰਚ 1967 ਤੋਂ 24 ਮਾਰਚ 1977 ਤੱਕ ਚੱਲਿਆ ਜਿਸ ਦੌਰਾਨ ਹੀ ਐਮਰਜੈਂਸੀ ਦਾ ਦੌਰ ਵੀ ਆਇਆ ਤੇ ਛੇਵੀਂ ਲੋਕ ਸਭਾ ਚੋਣ ਦੌਰਾਨ ਸਿਟਿੰਗ ਪ੍ਰਧਾਨ ਮੰਤਰੀ ਹੁੰਦਿਆਂ ਵੀ ਉਹ ਚੋਣ ਹਾਰ ਗਏ।
ਛੇਵੀਂ ਲੋਕ ਸਭਾ ’ਚ ਮੋਰਾਰਜੀ ਦੇਸਾਈ ਦੇ ਰੂਪ ’ਚ ਪਹਿਲੀ ਵਾਰ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਨੇ ਕੁਰਸੀ ਸੰਭਾਲੀ ਜੋ 24 ਮਾਰਚ 1977 ਤੋਂ 28 ਜੁਲਾਈ 1979 ਰਹੇ, ਪਰ ਸਵਾ ਦੋ ਸਾਲਾਂ ਮਗਰੋਂ 28 ਜੁਲਾਈ 1979 ਚਰਨ ਸਿੰਘ ਪ੍ਰਧਾਨ ਮੰਤਰੀ ਬਣ ਗਏ, ਜੋ 170 ਦਿਨ ਇਸ ਅਹੁਦੇ ’ਤੇ ਰਹੇ।
ਸੱਤਵੀਂ ਲੋਕ ਸਭਾ ’ਚ ਇੰਦਰਾ ਗਾਂਧੀ ਮੁੜ ਚੌਥੀ ਵਾਰ ਪ੍ਰਧਾਨ ਮੰਤਰੀ ਬਣ ਗਏ ਤੇ 14 ਜਨਵਰੀ 1980 ਤੋਂ 31 ਅਕਤੂਬਰ 1984 ਤੱਕ ਆਪਣੀ ਮੌਤ ਤੱਕ ਇਸ ਅਹੁਦੇ ’ਤੇ ਰਹੇ। ਉਸੇ ਹੀ ਦਿਨ ਉਨ੍ਹਾਂ ਦੇ ਪੁੱਤਰ ਰਾਜੀਵ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਗਿਆ, ਜੋ 31 ਦਸੰਬਰ 1984 ਤੱਕ ਰਹੇ ਤੇ ਅੱਠਵੀਂ ਲੋਕ ਸਭਾ ’ਚ ਮੁੜ ਪ੍ਰਧਾਨ ਮੰਤਰੀ ਬਣ ਗਏ ਅਤੇ 31 ਦਸੰਬਰ 1984 ਤੋਂ 2 ਦਸੰਬਰ 1989 (ਆਪਣੀ ਹੱਤਿਆ) ਤੱਕ ਬਣੇ ਰਹੇ।
ਨੌਵੀਂ ਲੋਕ ਸਭਾ ਵਿੱਚ ਦੋ ਪ੍ਰਧਾਨ ਮੰਤਰੀ ਬਣੇ। ਪਹਿਲਾਂ ਦਸੰਬਰ 1989 ਤੋਂ ਨਵੰਬਰ 1990 ਤੱਕ ਵੀ.ਪੀ ਸਿੰਘ ਅਤੇ 10 ਨਵੰਬਰ 1990 ਤੋਂ 21 ਜੂਨ 1991 ਤੱਕ ਚੰਦਰ ਸ਼ੇਖਰ ਰਹੇ। ਦਸਵੀਂ ਲੋਕ ਸਭਾ ’ਚ ਨਰਸਿਮਹਾ ਰਾਓ ਨੇ 21 ਜੂਨ 1991 ਤੋਂ 16 ਮਈ 1996 ਤੱਕ ਪੰਜ ਸਾਲ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ।
ਸਾਲ 1996 ’ਚ ਆਈ ਅੱਠਵੀਂ ਲੋਕ ਸਭਾ ’ਚ ਤਿੰਨ ਪ੍ਰਧਾਨ ਮੰਤਰੀ ਬਣੇ। ਪਹਿਲੀ ਵਾਰੀ ਭਾਜਪਾ ਦੇ ਅਟੱਲ ਬਿਹਾਰੀ ਵਾਜਪਾਈ ਦੀ ਆਈ, ਪਰ ਬਹੁਮੱਤ ਨਾ ਸਾਬਤ ਕਰਨ ਕਰਕੇ 16 ਦਿਨਾਂ ਮਗਰੋਂ ਹੀ ਕੁਰਸੀ ਛੱਡਣੀ ਪਈ। ਫੇਰ 21 ਅਪਰੈਲ 1997 ਤੱਕ 324 ਦਿਨ ਐੱਚ ਡੀ ਦੇਵਗੌੜਾ ਤੇ 19 ਮਾਰਚ 1998 ਤੱਕ 332 ਦਿਨ ਆਈ ਕੇ ਗੁਜਰਾਲ ਪ੍ਰਧਾਨ ਮੰਤਰੀ ਰਹੇ।
ਉਨ੍ਹਾਂ ਮਗਰੋਂ ਫੇਰ 12ਵੀਂ ਅਤੇ 13ਵੀਂ ਲੋਕ ਸਭਾ ’ਚ ਅਟਲ ਬਿਹਾਰੀ ਵਾਜਪਾਈ ਮੁੜ ਪ੍ਰਧਾਨ ਮੰਤਰੀ ਰਹੇ। ਫੇਰ 14ਵੀਂ ਤੇ 15ਵੀਂ ਲੋਕ ਸਭਾ ’ਚ ਪਲੇਠੇ ਸਿੱਖ ਚਿਹਰੇ ਵਜੋਂ ਡਾਕਟਰ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾਈ। ਇਹ ਕਾਰਜਕਾਲ 22 ਮਈ 2004 ਤੋਂ 26 ਮਈ 2014 ਤੱਕ ਰਿਹਾ। ਫੇਰ 16ਵੀਂ ਅਤੇ 17ਵੀਂ ਲੋਕ ਸਭਾ ’ਚ ਪ੍ਰਧਾਨ ਮੰਤਰੀ ਰਹੇ ਨਰਿੰਦਰ ਮੋਦੀ ਅੱਜ ਮੁੜ 18ਵੀਂ ਲੋਕ ਸਭਾ ਲਈ ਵੀ ਪ੍ਰਧਾਨ ਮੰਤਰੀ ਬਣ ਗਏ ਹਨ।