For the best experience, open
https://m.punjabitribuneonline.com
on your mobile browser.
Advertisement

ਕਿਸਾਨ ਧਿਰਾਂ ਵਿਚਾਲੇ ਸਮਝੌਤਾ ਵਾਰਤਾ ਅਜੇ ਵੀ ਜਾਰੀ

07:49 AM Mar 05, 2024 IST
ਕਿਸਾਨ ਧਿਰਾਂ ਵਿਚਾਲੇ ਸਮਝੌਤਾ ਵਾਰਤਾ ਅਜੇ ਵੀ ਜਾਰੀ
ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ’ਤੇ ਬੈਠੇ ਹੋਏ ਕਿਸਾਨ।-ਫੋਟੋ: ਰਾਜੇਸ਼ ਸੱਚਰ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਮਾਰਚ
ਪਿੰਡ ਬੱਲ੍ਹੋ ਵਿੱਚ 3 ਮਾਰਚ ਨੂੰ ਹੋਏ ਕਿਸਾਨ ਸ਼ੁਭਕਰਨ ਸਿੰਘ ਦੇ ਸ਼ਰਧਾਂਜਲੀ ਸਮਾਰੋਹ ਦੌਰਾਨ ਭਾਵੇਂ ਕਿ ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਦੇ ਆਗੂਆਂ ਨੂੰ ਮੰਚ ਤੋਂ ਸ਼ਰਧਾਂਜਲੀ ਭੇਟ ਕਰਨ ਲਈ ਸਮਾਂ ਨਹੀਂ ਮਿਲਿਆ ਪਰ ‘ਸੰਯੁਕਤ ਕਿਸਾਨ ਮੋਰਚਾ’ (ਗੈਰ-ਸਿਆਸੀ) ਅਤੇ ਐੱਸਕੇਐੱਮ ਵੱਲੋਂ ‘ਦਿੱਲੀ ਕੂਚ’ ਦਾ ਪ੍ਰੋਗਰਾਮ ਰਲ਼ ਕੇ ਕਰਨ ਸਬੰਧੀ ਸ਼ੁਰੂ ਹੋਈ ਸਮਝੌਤਾ ਵਾਰਤਾ ਅਜੇ ਵੀ ਜਾਰੀ ਹੈ। ਸ਼ਰਧਾਂਜਲੀ ਸਮਾਰੋਹ ਵਾਲੀ ਘਟਨਾ ਤੋਂ ਭਾਵੇਂ ਕਿ ਲੋਕਾਂ ਵਿੱਚ ਇੱਕ ਵਾਰ ਇਹ ਚਰਚਾ ਛਿੜੀ ਸੀ ਕਿ ਇਹ ਘਟਨਾ ਦੋਹਾਂ ਧਿਰਾਂ ’ਚ ਆਪਸੀ ਸਮਝੌਤੇ ਲਈ ਸ਼ੁਰੂ ਹੋਈ ਵਾਰਤਾ ਨੂੰ ਬਰੇਕਾਂ ਲਾ ਸਕਦੀ ਹੈ।
ਇਸ ਕੜੀ ਵਜੋਂ ਦੋਹਾਂ ਧਿਰਾਂ ਦੇ ਆਗੂਆਂ ਦਰਮਿਆਨ ਅਗਲੀ ਮੀਟਿੰਗ 7 ਮਾਰਚ ਨੂੰ ਹੋਣ ਦੀ ਸੰਭਾਵਨਾ ਹੈ। ਇਸੇ ਦੌਰਾਨ 4 ਮਾਰਚ ਨੂੰ ਪਟਿਆਲਾ ਪੁੱਜੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਐਨਾ ਹੀ ਆਖਿਆ ਕਿ ਸ਼ਹੀਦ ਹਮੇਸ਼ਾ ਸਾਰਿਆਂ ਦੇ ਸਾਂਝੇ ਹੁੰਦੇ ਹਨ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਹ ਤਾਂ ਸਮਝੌਤਾ ਵਾਰਤਾ ਸ਼ੁਰੂ ਹੋਣ ਤੋਂ ਪਹਿਲਾਂ ਤੋਂ ਹੀ ਇਹ ਆਖਦੇ ਆਏ ਹਨ ਕਿ ਜਦੋਂ ਕਿਸੇ ਮਸਲੇ ਦੇ ਨਿਪਟਾਰੇ ਦੀ ਗੱਲ ਹੋਵੇ ਤਾਂ ਗਿਲੇ ਸ਼ਿਕਵੇ ਅਤੇ ਵਖਰੇਵੇਂ ਲਾਂਭੇ ਰੱਖਣੇ ਪੈਂਦੇ ਹਨ। ਉਗਰਾਹਾਂ ਦਾ ਕਹਿਣਾ ਸੀ ਕਿ ਕਿਸਾਨੀ ਹਿੱਤਾਂ ਲਈ ਐੱਸਕੇਐੱਮ ਤਾਂ ਅਜੇ ਵੀ ਆਪਣੀ ਗੱਲ ’ਤੇ ਹੀ ਖੜ੍ਹਾ ਹੈ ਤੇ ਪਿਛਲੇ ਦਿਨੀਂ ਐੱਸਕੇਐੱਮ ਵੱਲੋਂ ਸਰਵਣ ਪੰਧੇਰ ਹੋਰਾਂ ਅੱਗੇ ਰੱਖੇ ਗਏ ਅੱਠ ਨੁਕਾਤੀ ਮਤਿਆਂ ਸਬੰਧੀ ਜਵਾਬ ਦੀ ਉਡੀਕ ਕਰ ਰਿਹਾ ਹੈ। ਦੂਜੇ ਬੰਨ੍ਹੇ ਦਿੱਲੀ ਕੂਚ ਪ੍ਰੋਗਰਾਮ ਦੀ ਅਗਵਾਈ ਵਾਲੀ ਟੀਮ ’ਚ ਸ਼ਾਮਲ ਕਿਸਾਨ ਆਗੂ ਮਨਜੀਤ ਸਿੰਘ ਰਾਏ ਦਾ ਕਹਿਣਾ ਹੈ ਕਿ ਦੋਵੇਂ ਫੋਰਮਾਂ ਵੱਲੋਂ ਮਸਲੇ ਨੂੰ ਵਿਚਾਰੇ ਜਾਣ ਉਪਰੰਤ ਐੱਸਕੇਐੱਮ ਦੇ ਆਗੂਆਂ ਨਾਲ ਮੀਟਿੰਗ ਜਲਦੀ ਹੀ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਸੰਘਰਸ਼ ਇਕੱਠੇ ਹੋ ਕੇ ਲੜਨ ਲਈ ਪਿਛਲੇ ਦਿਨੀਂ ਘਨੌਰ ਵਿੱਚ ਸਰਵਣ ਪੰਧੇਰ ਤੇ ਹੋਰਾਂ ਨਾਲ ਜੋਗਿੰਦਰ ਉਗਰਾਹਾਂ ਅਤੇ ਸਾਥੀਆਂ ਵੱਲੋਂ ਮੀਟਿੰਗ ਕੀਤੀ ਗਈ ਸੀ। ਉਂਜ, ਐੱਸਕੇਐੱਮ ਦੇ ਕੁਝ ਆਗੂਆਂ ਦਾ ਤਰਕ ਸੀ ਕਿ ਦਿੱਲੀ ਕੂਚ ਦੀ ਅਗਵਾਈ ਕਰ ਰਹੀ ਟੀਮ ਦੇ ਬਹੁਤੇ ਮੈਂਬਰਾਂ ਦਾ ਰਵੱਈਆ ਤਾਂ ਹਾਂ ਪੱਖੀ ਹੈ ਪਰ ਸਿਰਫ ਇੱਕ ਆਗੂ ਨੇ ਹੀ ਨਾਂਹਪੱਖੀ ਰਵੱਈਆ ਅਪਣਾਇਆ ਹੋਇਆ ਹੈ। ਉਨ੍ਹਾਂ ਦਾ ਤਰਕ ਸੀ ਕਿ ਜੇ ਦੋਹਾਂ ਮੋਰਚਿਆਂ ’ਚ ਗੱਲ ਨੇੜੇ ਨਾ ਲੱਗੀ ਤਾਂ ਇਸ ਲਈ ਕੇਵਲ ਇੱਕ ਕਿਸਾਨ ਨੇਤਾ ਹੀ ਜ਼ਿੰਮੇਵਾਰ ਰਹੇਗਾ।

Advertisement

ਬਾਰਡਰਾਂ ’ਤੇ ਬੈਠੇ ਕਿਸਾਨ ਸੁਨੀਲ ਜਾਖੜ ’ਤੇ ਵਰ੍ਹੇ

ਪਟਿਆਲਾ (ਖੇਤਰੀ ਪ੍ਰਤੀਨਿਧ): ਦਿੱਲੀ ਕੂਚ ਦੇ ਪ੍ਰੋਗਰਾਮ ਤਹਿਤ ਕਿਸਾਨ ਸ਼ੰਭੂ ਅਤੇ ਢਾਬੀ ਗੁੱਜਰਾਂ ਬਾਰਡਰਾਂ ’ਤੇ ਅੱਜ 21ਵੇਂ ਦਿਨ ਵੀ ਡਟੇ ਰਹੇ। ਸ਼ੰਭੂ ਬਾਰਡਰ ’ਤੇ ਡਟੇ ਕਿਸਾਨਾਂ ਵਿੱਚ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਦੀ ਬਿਆਨਬਾਜ਼ੀ ਚਰਚਾ ’ਚ ਰਹੀ। ਇਸੇ ਦੌਰਾਨ ਅੱਜ ਇੱਥੇ ਪ੍ਰੈੱਸ ਕਾਨਫਰੰਸ ਕਰਨ ਦੀ ਜ਼ਿੰਮੇਵਾਰੀ ਬੀਕੇਯੂ ਬਹਿਰਾਮ ਕੇ ਦੇ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ, ਬੀਕੇਯੂ ਦੋਆਬਾ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਅਤੇ ਕੁਲਵਿੰਦਰ ਸਿੰਘ ਪੰਜੋਲਾ ਸਣੇ ਕੁਝ ਹੋਰ ਕਿਸਾਨ ਆਗੂਆਂ ਨੇ ਨਿਭਾਈ। ਇਸ ਦੌਰਾਨ ਸੁਨੀਲ ਜਾਖੜ ’ਤੇ ਦੋਹਰੇ ਮਾਪਦੰਡ ਅਪਣਾਉਣ ਦੇ ਦੋਸ਼ ਲਾਉਂਦਿਆਂ, ਇਨ੍ਹਾਂ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜੇ ਉਹ ਕਿਸਾਨਾਂ ਅਤੇ ਪੰਜਾਬ ਦੇ ਸ਼ੁਭਚਿੰਤਕ ਹਨ ਤਾਂ ਉਨ੍ਹਾਂ ਨੂੰ ਭਾਜਪਾ ਦੀ ਸੂਬਾਈ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਕੇ ਪੰਜਾਬ ਦੇ ਲੋਕਾਂ ਨਾਲ ਖੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਕਿਸਾਨਾਂ ਦੇ ਸ਼ੁਭਚਿੰਤਕ ਹਨ, ਤਾਂ ਉਹ ਪ੍ਰਧਾਨ ਮੰਤਰੀ ਨੂੰ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨ ਲਿਆਉਣ ਸਣੇ 2014 ਦੇ ਚੋਣ ਮੈਨੀਫੈਸਟੋ ਨੂੰ ਲਾਗੂ ਕਰਨ ਲਈ ਆਖਣ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਨੂੰ ਸ਼ੁਭਕਰਨ ਸਿੰਘ ਦੀ ਮੌਤ ’ਤੇ ਬੋਲਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੂਬਾਈ ਪ੍ਰਧਾਨ ਹੁੰਦਿਆਂ ਕਿਸਾਨ ਭਵਨ ਚੰਡੀਗੜ੍ਹ ਵਿੱਚ ਹੋਈ ਸਿਆਸੀ ਪਾਰਟੀਆਂ ਦੀ ਮੀਟਿੰਗ ਵਿੱਚ ਸ੍ਰੀ ਜਾਖੜ ਨੇ ਵੀ ਐੱਮਐੱਸਪੀ ਦਾ ਸਮਰਥਨ ਕੀਤਾ ਸੀ। ਉਨ੍ਹਾਂ ਲਖੀਮਪੁਰ ਖੀਰੀ ਕੇਸ ਦੇ ਮੁਲਜ਼ਮ ਦੇ ਪਿਤਾ ਨੂੰ ਭਾਜਪਾ ਵੱਲੋਂ ਐੱਮਪੀ ਉਮੀਦਵਾਰ ਬਣਾਉਣ ’ਤੇ ਜਾਖੜ ਨੂੰ ਇਸ ਸਬੰਧੀ ਵੀ ਸਥਿਤੀ ਸਪੱਸ਼ਟ ਕਰਨ ਲਈ ਕਿਹਾ। 6 ਮਾਰਚ ਨੂੰ ਦਿੱਲੀ ਵੱਲ ਵਧਣ ਦੇ ਦਿੱਤੇ ਗਏ ਸੱਦੇ ਸਬੰਧੀ ਕੀਤੀ ਗਈ ਚਰਚਾ ਦੌਰਾਨ ਸਪੱਸ਼ਟ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਇਹ ਸੱਦਾ ਸ਼ੰਭੂ ਅਤੇ ਢਾਬੀ ਗੁੱਜਰਾਂ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ’ਤੇ ਲਾਗੂ ਨਹੀਂ ਹੁੰਦਾ ਹੈ। ਇਸ ਦੌਰਾਨ ਸਿਰਫ਼ ਦੂਜੇ ਰਾਜਾਂ ਦੇ ਕਿਸਾਨ ਹੀ ਦਿੱਲੀ ਵੱਲ ਵਧਣਗੇ। ਇਸ ਦੌਰਾਨ ਉਨ੍ਹਾਂ ਪੰਜਾਬ ਸਰਕਾਰ ’ਤੇ ਕਠਪੁਤਲੀ ਵਾਂਗ ਕੇਂਦਰ ਦੇ ਹੱਥਾਂ ’ਚ ਖੇਡਣ ਦਾ ਦੋਸ਼ ਲਾਇਆ

Advertisement

ਖਨੌਰੀ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ

ਸੰਗਰੂਰ/ਖਨੌਰੀ (ਗੁਰਦੀਪ ਸਿੰਘ ਲਾਲੀ/ਹਰਜੀਤ ਸਿੰਘ): ਖਨੌਰੀ ਬਾਰਡਰ ’ਤੇ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਖਨੌਰੀ ਸ਼ਹਿਰ ਦੇ ਲੋਕਾਂ ਨੂੰ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ। ਉਧਰ ਪ੍ਰੀਖਿਆ ਦੇ ਦਿਨਾਂ ਵਿੱਚ ਪੇਪਰਾਂ ਦੀ ਤਿਆਰੀ ਕਰ ਰਹੇ ਅਤੇ ਆਨਲਾਈਨ ਅਕੈਡਮੀਆਂ ਤੋਂ ਕੋਚਿੰਗ ਲੈ ਰਹੇ ਵਿਦਿਆਰਥੀ ਵੀ ਪ੍ਰੇਸ਼ਾਨ ਹਨ। ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਵਪਾਰੀ ਵਰਗ ਦੇ ਸਮੁੱਚੇ ਕੰਮਕਾਜ ਨੂੰ ਬਰੇਕਾਂ ਲੱਗੀਆਂ ਹੋਈਆਂ ਹਨ। ਵਿਦੇਸ਼ਾਂ ਵਿੱਚ ਬੈਠੇ ਬੱਚੇ ਵੀ ਆਪਣੇ ਮਾਪਿਆਂ ਨਾਲ ਗੱਲਬਾਤ ਕਰਨ ਤੋਂ ਵਾਂਝੇ ਹਨ। ਵਿਦਿਆਰਥੀਆਂ ਨੂੰ ਸ਼ਹਿਰ ਤੋਂ ਬਾਹਰ ਭਾਖੜਾ ਨਹਿਰ ਦੇ ਕੰਢੇ ਅਤੇ ਲਾਗਲੇ ਖੇਤਰਾਂ ਵਿੱਚ ਆਨਲਾਈਨ ਸਿਲੇਬਸ ਡਾਊਨਲੋਡ ਕਰਨ ਲਈ ਜਾਣਾ ਪੈਂਦਾ ਹੈ। ਵਿਦੇਸ਼ਾਂ ਵਿੱਚ ਗਏ ਵਿਦਿਆਰਥੀਆਂ ਦੇ ਮਾਪਿਆਂ ਵਿੱਚੋਂ ਜਸਵਿੰਦਰ ਸਿੰਘ ਗਿੱਲ, ਹਰਜੀਤ ਸਿੰਘ, ਰਮੇਸ਼ ਬਜਾਜ, ਸਰੋਜ ਰਾਣੀ, ਕਰਮਜੀਤ ਸਿੰਘ, ਨਰੇਸ਼ ਵਰਮਾ ਨੇ ਕਿਹਾ ਕਿ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਵਿਦੇਸ਼ਾਂ ਵਿੱਚ ਰਹਿੰਦੇ ਬੱਚਿਆਂ ਨਾਲ ਕੋਈ ਗੱਲਬਾਤ ਨਹੀਂ ਹੋ ਰਹੀ ਹੈ। ਉੱਧਰ, ਕਾਰੋਬਾਰੀਆਂ ਇਸ਼ਾਂਤ ਸਿੰਗਲਾ, ਦੇਵ ਤੁਲਾਨੀ, ਅਨਿਲ ਧੀਮਾਨ ਦਾ ਕਹਿਣਾ ਹੈ ਕਿ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਹਰ ਤਰ੍ਹਾਂ ਦਾ ਆਨਲਾਈਨ ਲੈਣ-ਦੇਣ ਬੰਦ ਪਿਆ ਹੈ ਜਿਸ ਕਾਰਨ ਕਾਰੋਬਾਰ ਦਾ ਨੁਕਸਾਨ ਹੋ ਰਿਹਾ ਹੈ।

Advertisement
Author Image

joginder kumar

View all posts

Advertisement