ਵਿਧਾਇਕ ਦੀ ਅਣਦੇਖੀ ਬੀਡੀਪੀਓ ਨੂੰ ਪਈ ਮਹਿੰਗੀ
ਸਰਬਜੀਤ ਸਾਗਰ
ਦੀਨਾਨਗਰ, 18 ਅਗਸਤ
ਦੀਨਾਨਗਰ ਹਲਕੇ ਦੇ ਬਲਾਕ ਦੋਰਾਂਗਲਾ ’ਚ ਤਾਇਨਾਤ ਰਹੇ ਸੀਨੀਅਰ ਸਹਾਇਕ (ਲੇਖਾ) ਵਾਧੂ ਚਾਰਜ ਬੀਡੀਪੀਓ ਹੀਰਾ ਸਿੰਘ ਨੂੰ ਕਾਂਗਰਸੀ ਵਿਧਾਇਕ ਦੀ ਪ੍ਰਵਾਹ ਨਾ ਕਰਨਾ ਕਾਫ਼ੀ ਮਹਿੰਗਾ ਪਿਆ ਹੈ ਅਤੇ ਉਸ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਇੱਥੋਂ ਬਦਲ ਕੇ ਮੁੱਖ ਦਫ਼ਤਰ ਮੁਹਾਲੀ ਦੇ ਪੈਨਸ਼ਨ ਸ਼ਾਖਾ ਵਿੱਚ ਲਗਾ ਦਿੱਤਾ ਗਿਆ ਹੈ। ਨਾਲ ਹੀ ਉਸਦੇ ਖ਼ਿਲਾਫ਼ ਇੱਕ ਹੋਰ ਸਖ਼ਤ ਕਾਰਵਾਈ ਕਰਦਿਆਂ ਉਸ ਨੂੰ ਭਵਿੱਖ ਵਿੱਚ ਕਿਸੇ ਵੀ ਪਬਲਿਕ ਡੀਲਿੰਗ ਵਾਲੀ ਜਗ੍ਹਾ ’ਤੇ ਤਾਇਨਾਤ ਕਰਨ ’ਤੇ ਵੀ ਰੋਕ ਲਗਾ ਦਿੱਤੀ ਗਈ ਹੈ। ਵਿਭਾਗ ਨੇ ਇਹ ਸਾਰੀ ਕਾਰਵਾਈ ਹਲਕਾ ਵਿਧਾਇਕਾ ਤੇ ਸਾਬਕਾ ਕੈਬਨਿਟ ਮੰਤਰੀ ਅਰੁਨਾ ਚੌਧਰੀ ਦੀ ਸ਼ਿਕਾਇਤ ’ਤੇ ਕੀਤੀ ਹੈ ਜਿਨ੍ਹਾਂ ਨੇ ਬੀਡੀਪੀਓ ਦੇ ਅੜੀਅਲ ਤੇ ਮਨਮਰਜ਼ੀ ਵਾਲੇ ਰਵੱਈਏ ਖ਼ਿਲਾਫ਼ ਪਿਛਲੇ ਕੁਝ ਸਮੇਂ ਤੋਂ ਮੋਰਚਾ ਖੋਲ੍ਹਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਵਿਧਾਇਕਾ ਵੱਲੋਂ ਬਲਾਕ ਸੰਮਤੀ ਦੋਰਾਂਗਲਾ ਦੇ ਚੇਅਰਮੈਨ ਨੂੰ ਹਲਕੇ ਦੇ ਕੁਝ ਮਸਲੇ ਵਿਚਾਰਨ ਲਈ ਸੰਮਤੀ ਦਫ਼ਤਰ ਵਿਖੇ ਇੱਕ ਜ਼ਰੂਰੀ ਮੀਟਿੰਗ ਬੁਲਾਉਣ ਲਈ ਆਖਿਆ ਸੀ ਪਰ ਬੀਡੀਪੀਓ ਵੱਲੋਂ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਲਈ ਸੰਮਤੀ ਦੀ ਇਸ ਮੀਟਿੰਗ ਨੂੰ ਅਸਫ਼ਲ ਕਰਨ ਵਾਸਤੇ ਹਰ ਹੱਥਕੰਡਾ ਵਰਤਿਆ ਅਤੇ ਮੀਟਿੰਗ ਤੋਂ ਪਹਿਲਾਂ ਹੀ ਦਫ਼ਤਰ ਵਿੱਚ ਸੰਮਤੀ ਦੀ ਪ੍ਰੋਸੀਡਿੰਗ ਰਜਿਸਟਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਾਲਾ ਬੰਦ ਕਰ ਦਿੱਤਾ ਅਤੇ ਦਫ਼ਤਰ ਦੇ ਦੂਜੇ ਕਰਮਚਾਰੀ ਤੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਵੀ ਮੀਟਿੰਗ ਵਿੱਚ ਆਉਣ ਤੋਂ ਰੋਕ ਦਿੱਤਾ। ਜਦਕਿ ਮੀਟਿੰਗ ਵਿੱਚ ਵਿਧਾਇਕਾ ਅਰੁਨਾ ਚੌਧਰੀ, ਸੰਮਤੀ ਚੇਅਰਮੈਨ ਅਤੇ ਮੈਂਬਰ ਸਾਹਿਬਾਨ ਹਾਜ਼ਰ ਹੋ ਕੇ ਉਨ੍ਹਾਂ ਦਾ ਲੰਮਾ ਸਮਾਂ ਇੰਤਜ਼ਾਰ ਕਰਦੇ ਰਹੇ। ਇਸ ਦੌਰਾਨ ਬੀਡੀਪੀਓ ਹੀਰਾ ਸਿੰਘ ਨੂੰ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਫ਼ੋਨ ਬੰਦ ਪਾਏ ਗਏ। ਆਪਣੀ ਸ਼ਿਕਾਇਤ ਵਿੱਚ ਵੀ ਵਿਧਾਇਕਾ ਅਰੁਨਾ ਚੌਧਰੀ ਨੇ ਸਪੱਸ਼ਟ ਕੀਤਾ ਹੈ ਕਿ ਮੀਟਿੰਗ ਦੌਰਾਨ ਜਦੋਂ ਅਧਿਕਾਰੀ ਨਾ ਪਹੁੰਚੇ ਤਾਂ ਸਾਰੀ ਕਾਰਵਾਈ ਇੱਕ ਨਵੇਂ ਰਜਿਸਟਰ ’ਤੇ ਦਰਜ ਕਰਨੀ ਪਈ ਅਤੇ ਬਾਅਦ ਵਿੱਚ ਇਸ ਨੂੰ ਸੁਪਰੰਡਟ ਦੁਆਰਾ ਅਸਲ ਰਜਿਸਟਰ ’ਤੇ ਦਰਜ ਕਰਵਾਇਆ ਗਿਆ। ਵਿਧਾਇਕਾ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਡੀਡੀਪੀਓ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਇਹ ਮਸਲਾ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਤੱਕ ਪਹੁੰਚਾਇਆ ਅਤੇ ਅਖ਼ੀਰ ਇਸ ਕਮੇਟੀ ਦੀ ਰਿਪੋਰਟ ਦੇ ਆਧਾਰ ’ਤੇ ਵਿਭਾਗ ਵੱਲੋਂ ਬੀਡੀਪੀਓ ਖ਼ਿਲਾਫ਼ ਸਖ਼ਤ ਕਾਰਵਾਈ ਨੂੰ ਅਮਲ ’ਚ ਲਿਆਉਂਦਿਆਂ ਉਸ ਨੂੰ ਦੀਨਾਨਗਰ ਤੋਂ ਤਬਦੀਲ ਕਰਕੇ ਮੁੱਖ ਦਫ਼ਤਰ ਮੁਹਾਲੀ ਦੇ ਪੈਨਸ਼ਨ ਸ਼ਾਖਾ ਵਿੱਚ ਲਗਾ ਦਿੱਤਾ ਗਿਆ।