ਕੇਂਦਰ ਦੀ ਅਣਦੇਖੀ: ਪੰਜਾਬ ਵਿੱਚ ਡੀਏਪੀ ਖਾਦ ਦਾ ਬਣੇਗਾ ਸੰਕਟ!
ਚਰਨਜੀਤ ਭੁੱਲਰ
ਚੰਡੀਗੜ੍ਹ, 28 ਅਗਸਤ
ਪੰਜਾਬ ਵਿੱਚ ਐਤਕੀਂ ਹਾੜ੍ਹੀ ਦੇ ਸੀਜ਼ਨ ਵਿੱਚ ਡੀਏਪੀ ਖਾਦ ਦਾ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ ਕਿਉਂਕਿ ਪੰਜਾਬ ਨੂੰ ਡੀਏਪੀ ਖਾਦ ਦੇਣ ’ਚ ਕੇਂਦਰ ਢਿੱਲ-ਮੱਠ ਦਿਖਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਖਾਦ ਮੰਤਰੀ ਜੇਪੀ ਨੱਢਾ ਕੋਲ ਖਾਦ ਦੀ ਕਮੀ ਦਾ ਮਾਮਲਾ ਉਠਾਇਆ ਹੈ। ਮੁੱਖ ਮੰਤਰੀ ਨੇ ਨੱਢਾ ਨੂੰ ਫੋਨ ਕਰ ਕੇ ਡੀਏਪੀ ਖਾਦ ਦੀ ਸਪਲਾਈ ਕਰਨ ਲਈ ਕਿਹਾ ਹੈ। ਪੰਜਾਬ ਸਰਕਾਰ ਨੇ ਡੀਏਪੀ ਖਾਦ ਦੀ ਸਪਲਾਈ ਲੈਣ ਲਈ ਅੱਜ ਖੇਤੀ ਮਹਿਕਮੇ ਦੀ ਇੱਕ ਟੀਮ ਸੀਨੀਅਰ ਅਧਿਕਾਰੀ ਕੇਏਪੀ ਸਿਨਹਾ ਦੀ ਅਗਵਾਈ ਹੇਠ ਦਿੱਲੀ ਵੀ ਭੇਜ ਦਿੱਤੀ ਹੈ।
ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਨੂੰ ਹਾੜ੍ਹੀ ਦੇ ਸੀਜ਼ਨ ਲਈ 5.50 ਲੱਖ ਮੀਟਰਕ ਟਨ ਡੀਏਪੀ ਖਾਦ ਦੀ ਲੋੜ ਹੈ। ਇਸ ’ਚੋਂ ਕਰੀਬ ਇਕ ਲੱਖ ਟਨ ਡੀਏਪੀ ਦੀ ਜ਼ਰੂਰਤ ਤਾਂ ਤਕਰੀਬਨ 55,000 ਹੈਕਟੇਅਰ ਆਲੂਆਂ ਦੀ ਬਿਜਾਂਦ ਲਈ ਹੁੰਦੀ ਹੈ। ਪੰਜਾਬ ਕੋਲ ਇਸ ਵੇਲੇ ਸਿਰਫ਼ 85,000 ਮੀਟਰਕ ਟਨ ਡੀਏਪੀ ਖਾਦ ਹੈ। ਕੇਂਦਰ ਸਰਕਾਰ ਨੇ ਅਗਸਤ ਮਹੀਨੇ ਲਈ 1.10 ਲੱਖ ਮੀਟਰਕ ਟਨ ਡੀਏਪੀ ਖਾਦ ਦਿੱਤੀ ਸੀ ਪ੍ਰੰਤੂ ਅਗਸਤ ’ਚ ਸਿਰਫ਼ 27,000 ਮੀਟਰਕ ਟਨ ਡੀਏਪੀ ਦੀ ਸਪਲਾਈ ਦਿੱਤੀ ਗਈ ਹੈ। ਹਾਲਾਂਕਿ, ਪੰਜਾਬ ਸਰਕਾਰ ਨੇ ਅਗਸਤ ਮਹੀਨੇ ਲਈ 1.50 ਲੱਖ ਮੀਟਰਕ ਟਨ ਡੀਏਪੀ ਦੀ ਮੰਗ ਕੀਤੀ ਸੀ।
ਪੰਜਾਬ ਵਿੱਚ 15 ਸਤੰਬਰ ਤੋਂ ਆਲੂਆਂ ਦੀ ਬਿਜਾਈ ਅਤੇ ਉਸ ਮਗਰੋਂ ਅਕਤੂਬਰ ਦੇ ਅਖੀਰਲੇ ਹਫ਼ਤੇ ਕਣਕ ਦੀ ਬਿਜਾਈ ਸ਼ੁਰੂ ਹੋ ਜਾਂਦੀ ਹੈ। ਗੁਆਂਢੀ ਸੂਬੇ ਹਰਿਆਣਾ ਵਿੱਚ ਕਣਕ ਦੀ ਬਿਜਾਈ ਲੇਟ ਹੁੰਦੀ ਹੈ ਅਤੇ ਬਾਕੀ ਸੂਬਿਆਂ ਵਿੱਚ ਨਵੰਬਰ ਮਹੀਨੇ ’ਚ ਬਿਜਾਈ ਹੁੰਦੀ ਹੈ। ਡੀਏਪੀ ਖਾਦ ਦੇ ਸੰਕਟ ਦੀ ਸੰਭਾਵਨਾ ਦਾ ਕਾਰਨ ਕੇਂਦਰ ਸਰਕਾਰ ਵੱਲੋਂ ਹਾੜ੍ਹੀ ਦੀ ਖਾਦ ਸਬਸਿਡੀ ਨੀਤੀ ਜਾਰੀ ਨਾ ਕੀਤਾ ਜਾਣਾ ਦੱਸਿਆ ਜਾ ਰਿਹਾ ਹੈ। ਖਾਦ ਦੇ ਕੌਮਾਂਤਰੀ ਬਾਜ਼ਾਰ ਵਿੱਚ ਭਾਅ ਵੱਧ ਹਨ। ਪਹਿਲਾਂ ਜਿਹੜੀ ਡੀਏਪੀ ਖਾਦ 510 ਡਾਲਰ ਪ੍ਰਤੀ ਟਨ ਸੀ, ਉਸ ਦਾ ਭਾਅ ਅੱਜ 610 ਡਾਲਰ ਪ੍ਰਤੀ ਟਨ ਨੂੰ ਪਾਰ ਕਰ ਗਿਆ ਹੈ। ਖਾਦ ਕੰਪਨੀਆਂ ਵੱਲੋਂ ਬਾਹਰੋਂ ਖਾਦ ਨਹੀਂ ਮੰਗਵਾਈ ਜਾ ਰਹੀ ਹੈ ਕਿਉਂਕਿ ਕੇਂਦਰ ਨੇ ਅਜੇ ਤੱਕ ਖਾਦ ਸਬਸਿਡੀ ਨੀਤੀ ਜਾਰੀ ਨਹੀਂ ਕੀਤੀ ਹੈ। ਕੰਪਨੀਆਂ ਦੀ ਦਲੀਲ ਹੈ ਕਿ ਪਿਛਲੇ ਸਮੇਂ ਦੌਰਾਨ ਉਨ੍ਹਾਂ ਨੇ ਨੀਤੀ ਜਾਰੀ ਹੋਣ ਤੋਂ ਪਹਿਲਾਂ ਹੀ ਖਾਦ ਬਾਹਰੋਂ ਮੰਗਵਾ ਲਈ ਸੀ ਜਿਸ ਕਰ ਕੇ ਉਨ੍ਹਾਂ ਨੂੰ ਭਾਰੀ ਘਾਟਾ ਝੱਲਣਾ ਪਿਆ। ਕੰਪਨੀਆਂ ਨੂੰ ਉਡੀਕ ਹੈ ਕਿ ਸਰਕਾਰ ਸਬਸਿਡੀ ਨੀਤੀ ਜਾਰੀ ਕਰੇ ਅਤੇ ਉਹ ਉਸ ਮਗਰੋਂ ਹੀ ਆਰਡਰ ਕਰਨਗੀਆਂ। ਇੱਧਰ, ਪੰਜਾਬ ਸਰਕਾਰ ਵੱਲੋਂ ਅਗਸਤ ਤੇ ਸਤੰਬਰ ਮਹੀਨਿਆਂ ਵਿੱਚ ਹੀ ਖਾਦ ਅਗਾਊਂ ਸਟਾਕ ਕੀਤੀ ਜਾਂਦੀ ਹੈ। ਹੁਣ ਹਾੜ੍ਹੀ ਦਾ ਸੀਜ਼ਨ ਆਉਣ ਵਾਲਾ ਹੈ ਪ੍ਰੰਤੂ ਡੀਏਪੀ ਖਾਦ ਦੇ ਭੰਡਾਰ ਊਣੇ ਪਏ ਹਨ। ਪੰਜਾਬ ਸਰਕਾਰ ਲਈ ਕਾਫ਼ੀ ਪ੍ਰੇਸ਼ਾਨੀ ਬਣੀ ਹੋਈ ਹੈ। ਅੱਜ ਸੀਨੀਅਰ ਅਧਿਕਾਰੀ ਕੇਏਪੀ ਸਿਨਹਾ ਕੇਂਦਰੀ ਖਾਦ ਮੰਤਰਾਲੇ ਦੇ ਅਧਿਕਾਰੀਆਂ ਨੂੰ ਮਿਲੇ ਹਨ ਅਤੇ ਖਾਦ ਦੀ ਸਪਲਾਈ ਜਲਦੀ ਦੇਣ ਲਈ ਕਿਹਾ ਹੈ।
ਖਾਦ ਦੇ ਰੈਕ ਲੱਗ ਰਹੇ ਨੇ: ਡਾਇਰੈਕਟਰ
ਖੇਤੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਐਤਕੀਂ ਸੂਬੇ ਦੇ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੋਣ ਦਾ ਅਨੁਮਾਨ ਹੈ ਅਤੇ ਪੰਜਾਬ ਨੂੰ 5.50 ਲੱਖ ਮੀਟਰਕ ਟਨ ਡੀਏਪੀ ਖਾਦ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇੱਕ ਲੱਖ ਮੀਟਰਕ ਟਨ ਡੀਏਪੀ ਖਾਦ ਦਾ ਭੰਡਾਰ ਪਿਆ ਹੈ ਜਦਕਿ ਬਾਕੀ ਕੁੱਝ ਰੈਕ ਆਉਂਦੇ ਦਿਨਾਂ ਵਿੱਚ ਲੱਗ ਰਹੇ ਹਨ।