ਵਿਕਾਸ ਕਾਰਜਾਂ ’ਚ ਅਣਗਹਿਲੀ ਬਰਦਾਸ਼ਤ ਨਹੀਂ: ਕੋਹਲੀ
ਖੇਤਰੀ ਪ੍ਰਤੀਨਿਧ
ਪਟਿਆਲਾ, 25 ਨਵੰਬਰ
ਪਟਿਆਲਾ ਸ਼ਹਿਰ ਤੋਂ ‘ਆਪ’ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਇੱਥੇ ਅੰਬੇ ਅਪਾਰਟਮੈਂਟ ਅਤੇ ਪੋਲੋ ਗਰਾਉਂਡ ਨੇੜੇ ਸਥਿਤ ਅਪਰ ਮਾਲ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨਾਲ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਇਲਾਵਾ ‘ਆਪ’ ਦੇ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਵਿਕਾਸ ਕਾਰਜਾਂ ਦੌਰਾਨ ਕੋਈ ਢਿੱਲ ਮੱਠ ਤੇ ਖਾਸ ਕਰਕੇ ਅਣਗਹਿਲੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸ਼ਹਿਰ ਵਿਚਲੇ ਲੰਬੇ ਸਮੇਂ ਤੋਂ ਰੁਕੇ ਕੰਮਾਂ ਨੂੰ ਮੁੜ ਤੋਂ ਸ਼ੁਰੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਵਾਲ਼ੀ ਗੱਲ ਹੈ ਕਿ ਪਟਿਆਲਾ ਦੇ ਮਹਿਲਾਂ ਤੋਂ ਚੱਲਣ ਵਾਲੀ ਸਰਕਾਰ ਨੇ ਵੀ ਪਟਿਆਲਵੀਆਂ ਨੂੰ ਅੱਖੋਂ-ਪਰੋਖੇ ਕਰਕੇ ਹੀ ਰੱਖਿਆ।
ਸ਼ਹਿਰ ਦੀਆਂ ਅੰਦਰੂਨੀ ਸੜਕਾਂ ਵੀ ਨਹੀਂ ਬਣਾਈਆਂ ਜਾ ਸਕੀਆਂ ਪਰ ਮੌਜੂਦਾ ਸਰਕਾਰ ਨੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਦਾ ਬੀੜਾ ਚੁੱਕਿਆ ਹੈ ਤੇ ਸ਼ਹਿਰ ਦੀ ਨੁਹਾਰ ਬਦਲ ਕੇ ਰੱਖ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੋੋੜਾਂ ਰੁਪਏ ਦੀ ਲਾਗਤ ਨਾਲ ਪਾਰਕਾਂ, ਗਲੀਆਂ ਸੜਕਾਂ ਤੇ ਹੋਰ ਸਹੂਲਤਾਂ ’ਤੇ ਖਰਚੇ ਜਾ ਰਹੇ ਹਨ ਹਰ ਵਾਰਡ ਵਿੱਚ ਮੁੱਖ ਸੜਕਾਂ ਅਤੇ ਅੰਦਰਲੀਆਂ ਗਲੀਆਂ ਸੜਕਾਂ ਦਾ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ।
ਇਸ ਮੌਕੇ ਬਲਾਕ ਪ੍ਰਧਾਨ ਜਗਤਾਰ ਜੱਗੀ, ਜਗਤਾਰ ਤਾਰੀ, ਅਖ਼ਤਰ ਅਲੀ, ਯੂਥ ਆਗੂ ਮਨਿੰਦਰ ਸਿੰਘ ਸਾਜਨ, ਸੰਜੀਵ ਕੁਮਾਰ, ਰੁਪਿੰਦਰ ਸਿੰਘ, ਹੇਮੰਤ ਸੁਨਾਰੀਆ ਵੀ ਮੌਜੂਦ ਸਨ।