For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ: ਸੁਪਰੀਮ ਕੋਰਟ ਵੱਲੋਂ ਕੌਮੀ ਪ੍ਰੀਖਿਆ ਏਜੰਸੀ ਨੂੰ ਨੋਟਿਸ

06:52 AM Jun 28, 2024 IST
ਨੀਟ ਯੂਜੀ  ਸੁਪਰੀਮ ਕੋਰਟ ਵੱਲੋਂ ਕੌਮੀ ਪ੍ਰੀਖਿਆ ਏਜੰਸੀ ਨੂੰ ਨੋਟਿਸ
ਮੁਲਜ਼ਮਾਂ ਨੂੰ ਮੈਡੀਕਲ ਜਾਂਚ ਲਈ ਲਿਜਾਂਦੀ ਹੋਈ ਪੁਲੀਸ। -ਫੋਟੋ: ਪੀਟੀਆਈ
Advertisement

ਨਵੀਂ ਦਿੱਲੀ, 27 ਜੂਨ
ਸੁਪਰੀਮ ਕੋਰਟ ਨੇ ਅੱਜ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਤੋਂ ਜਾਣਨਾ ਚਾਹਿਆ ਕਿ ਨੀਟ-ਯੂਜੀ 2024 ’ਚ ਸ਼ਾਮਲ ਦੋ ਪ੍ਰੀਖਿਆਰਥੀਆਂ ਨੂੰ ਦਿੱਤੀ ਗਈ ਓਐੱਮਆਰ ਸ਼ੀਟ ਨਾਲ ਸਬੰਧਤ ਸ਼ਿਕਾਇਤਾਂ ਕਰਨ ਲਈ ਕੋਈ ਸਮਾਂ ਸੀਮਾ ਹੈ ਜਾਂ ਨਹੀਂ। ਜਸਟਿਸ ਮਨੋਜ ਮਿਸ਼ਰਾ ਤੇ ਜਸਟਿਸ ਐੱਸਵੀਐੱਨ ਭੱਟੀ ਦੇ ਵੈਕੇਸ਼ਨ ਬੈਂਚ ਨੇ ਇੱਕ ਨਿੱਜੀ ਕੋਚਿੰਗ ਸੈਂਟਰ ਤੇ ਕੁਝ ਨੀਟ ਪ੍ਰੀਖਿਆਰਥੀਆਂ ਵੱਲੋਂ ਦਾਖਲ ਨਵੀਆਂ ਪਟੀਸ਼ਨਾਂ ’ਤੇ ਐੱਨਟੀਏ ਨੂੰ ਨੋਟਿਸ ਜਾਰੀ ਕੀਤਾ ਅਤੇ ਇਨ੍ਹਾਂ ਪਟੀਸ਼ਨਾਂ ’ਤੇ ਸੁਣਵਾਈ ਬਾਕੀ ਲਮਕੇ ਮਾਮਲਿਆਂ ਨਾਲ ਅੱਠ ਜੁਲਾਈ ਲਈ ਨਿਰਧਾਰਤ ਕੀਤੀ ਹੈ।
ਕੋਚਿੰਗ ਸੰਸਥਾ ਤੇ ਪ੍ਰੀਖਿਆਰਥੀਆਂ ਵੱਲੋਂ ਪੇਸ਼ ਹੋਏ ਸੀਨੀਅਰ ਐਡਵੋਕੇਟ ਆਰ ਬਸੰਤ ਨੇ ਦਲੀਲ ਦਿੱਤੀ ਕਿ ਪ੍ਰੀਖਿਆ ’ਚ ਸ਼ਾਮਲ ਹੋਏ ਕੁਝ ਪ੍ਰੀਖਿਆਰਥੀਆਂ ਨੂੰ ਓਐੱਮਆਰ ਸ਼ੀਟ ਨਹੀਂ ਮਿਲੀ। ਬੈਂਚ ਨੇ ਸੁਣਵਾਈ ਸ਼ੁਰੂ ਹੁੰਦਿਆਂ ਹੀ ਐਡਵੋਕੇਟ ਬਸੰਤ ਨੂੰ ਪੁੱਛਿਆ ਕਿ ਇੱਕ ਨਿੱਜੀ ਕੋਚਿੰਗ ਸੰਸਥਾ ਆਰਟੀਕਲ 32 ਤਹਿਤ ਸੁਪਰੀਮ ਕੋਰਟ ’ਚ ਪਟੀਸ਼ਨ ਕਿਸ ਤਰ੍ਹਾਂ ਦਾਖਲ ਕਰ ਸਕਦੀ ਹੈ ਅਤੇ ਕਿਸ ਤਰ੍ਹਾਂ ਨਾਲ ਸੰਸਥਾ ਦੇ ਬੁਨਿਆਦੀ ਅਧਿਕਾਰ ਪ੍ਰਭਾਵਿਤ ਹੁੰਦੇ ਹਨ। ਐੱਨਟੀਏ ਵੱਲੋਂ ਪੇਸ਼ ਵਕੀਲ ਨੇ ਦੱਸਿਆ ਕਿ ਓਐੱਮਆਰ ਸ਼ੀਟ ਵੈੱਬਸਾਈਟ ’ਤੇ ਅਪਲੋਡ ਕਰ ਕੇ ਪ੍ਰੀਖਿਆਰਥੀਆਂ ਨੂੰ ਦੇ ਦਿੱਤੀਆਂ ਗਈਆਂ ਹਨ। ਬੈਂਚ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਓਐੱਮਆਰ ਸ਼ੀਟ ਨਾਲ ਸਬੰਧਤ ਸ਼ਿਕਾਇਤਾਂ ਕਰਨ ਲਈ ਕੋਈ ਸਮਾਂ ਸੀਮਾ ਹੈ? ਐੱਨਟੀਏ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਨੂੰ ਨਿਰਦੇਸ਼ ਲੈਣ ਦੀ ਲੋੜ ਹੈ। ਉਨ੍ਹਾਂ ਪਟੀਸ਼ਨ ਨੂੰ ਪੈਂਡਿੰਗ ਮਾਮਲਿਆਂ ਨਾਲ ਸੂਚੀਬੱਧ ਕਰਨ ਦੀ ਅਪੀਲ ਕੀਤੀ। ਇਸ ਮਗਰੋਂ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਅੱਠ ਜੁਲਾਈ ਲਈ ਤੈਅ ਕਰ ਦਿੱਤੀ। -ਪੀਟੀਆਈ

Advertisement

ਦਿੱਲੀ ਹਾਈ ਕੋਰਟ ਵੱਲੋਂ ਐੱਨਟੀਏ ਤੋਂ ਜਵਾਬ ਤਲਬ

ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਮੈਡੀਕਲ ਦਾਖਲਾ ਪ੍ਰੀਖਿਆ ’ਚ ਸਿਲੇਬਸ ਦੇ ਬਾਹਰੋਂ ਸਵਾਲ ਪੁੱਛੇ ਜਾਣ ਦਾ ਦੋਸ਼ ਲਾਉਣ ਵਾਲੇ ਇਕ ਨੀਟ ਪ੍ਰੀਖਿਆਰਥੀ ਦੀ ਪਟੀਸ਼ਨ ’ਤੇ ਕੌਮੀ ਪ੍ਰੀਖਿਆ ਏਜੰਸੀ (ਐੱਨਟੀਏ) ਤੋਂ ਜਵਾਬ ਮੰਗਿਆ ਹੈ। ਪਟੀਸ਼ਨਰ ਨੇ ਦਾਅਵਾ ਕੀਤਾ ਕਿ ਫਿਜ਼ੀਕਸ ਦੇ ਹਿੱਸੇ ’ਚ ਇੱਕ ਸਵਾਲ ‘ਰੇਡੀਓਐਕਟੀਵਿਟੀ’ ’ਤੇ ਆਧਾਰਿਤ ਸੀ ਜਦਕਿ ‘ਰੇਡੀਓਐਕਟੀਵਿਟੀ ਵਿਸ਼ਾ’ ਇਸ ਸਾਲ ਦੇ ਨੀਟ-ਯੂਜੀ ਦੇ ਸਿਲੇਬਸ ਦਾ ਹਿੱਸਾ ਨਹੀਂ ਸੀ। ਪਟੀਸ਼ਨਰ ਨੇ ਇਕ ਹੋਰ ਸਵਾਲ ਦੇ ਸਬੰਧ ਵਿੱਚ ‘ਸਪੱਸ਼ਟ ਗਲਤੀ’ ਦਾ ਵੀ ਦੋਸ਼ ਲਾਇਆ ਜਿਸ ਲਈ ਐੱਨਟੀਏ ‘ਗਲਤ ਵਿਕਲਪ’ ਨੂੰ ਸਹੀ ਜਵਾਬ ਐਲਾਨਿਆ ਹੈ। ਜਸਟਿਸ ਧਰਮੇਸ਼ ਸ਼ਰਮਾ ਦੇ ਵੈਕੇਸ਼ਨ ਬੈਂਚ ਨੇ ਕੇਂਦਰ, ਐੱਨਟੀਏ ਤੇ ਕੌਮੀ ਮੈਡੀਕਲ ਕਮਿਸ਼ਨ ਵੱਲੋਂ ਪੇਸ਼ ਵਕੀਲ ਨੂੰ ਪਟੀਸ਼ਨ ’ਤੇ ਜਵਾਬ ਦਾਖਲ ਕਰਨ ਲਈ ਦੋ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਇਹ ਪਟੀਸ਼ਨ ਐਡਵੋਕੇਟ ਸਮੀਰ ਕੁਮਾਰ ਰਾਹੀਂ ਦਾਇਰ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਜੁਲਾਈ ਨੂੰ ਹੋਵੇਗੀ। -ਪੀਟੀਆਈ

ਨੀਟ ਮਾਮਲੇ ਵਿੱਚ ਸੀਬੀਆਈ ਵੱਲੋਂ ਦੋ ਗ੍ਰਿਫ਼ਤਾਰ

ਨਵੀਂ ਦਿੱਲੀ/ਗੋਧਰਾ: ਕੇਂਦਰੀ ਜਾਂਚ ਬਿਊਰੋ ਨੇ ਨੀਟ-ਯੂਜੀ ਦਾ ਪ੍ਰਸ਼ਨ ਪੱਤਰ ਲੀਕ ਹੋਣ ਦੇ ਮਾਮਲੇ ’ਚ ਪਹਿਲੀ ਵਾਰ ਗ੍ਰਿਫ਼ਤਾਰੀਆਂ ਕੀਤੀਆਂ ਹਨ ਤੇ ਪਟਨਾ ਤੋਂ ਦੋ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਅਧਿਕਾਰੀਆਂ ਨੇ ਅੱਜ ਦੱਸਿਆ ਕਿ ਮਨੀਸ਼ ਕੁਮਾਰ ਤੇ ਆਸ਼ੁਤੋਸ਼ ਕੁਮਾਰ ਨੇ ਪ੍ਰੀਖਿਆ ਤੋਂ ਪਹਿਲਾਂ ਪ੍ਰੀਖਿਆਰਥੀਆਂ ਨੂੰ ਕਥਿਤ ਤੌਰ ’ਤੇ ਸੁਰੱਖਿਅਤ ਥਾਂ ਮੁਹੱਈਆ ਕਰਵਾਈ ਜਿੱਥੇ ਉਨ੍ਹਾਂ ਨੂੰ ਲੀਕ ਹੋਏ ਪ੍ਰਸ਼ਨ ਪੱਤਰ ਜਵਾਬ ਪੱਤਰੀਆਂ ਦਿੱਤੀਆਂ ਗਈਆਂ। ਦੋਵਾਂ ਨੂੰ ਪਟਨਾ ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਸੀਬੀਆਈ ਹੁਣ ਪੁੱਛ ਪੜਤਾਲ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰੇਗੀ। ਸੀਬੀਆਈ ਇਸ ਮਾਮਲੇ ’ਚ ਹੁਣ ਤੱਕ ਛੇ ਕੇਸ ਦਰਜ ਕਰ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਆਸ਼ੁਤੋਸ਼ ਕੁਮਾਰ ਨੇ ਪਟਨਾ ਵਿੱਚ ਕਥਿਤ ਤੌਰ ’ਤੇ ‘ਲਰਨ ਬੁਆਇਜ਼ ਹੋਸਟਲ ਤੇ ਪਲੇਅ ਸਕੂਲ’ ਕਿਰਾਏ ’ਤੇ ਲਿਆ ਹੋਇਆ ਸੀ ਜਿੱਥੋਂ ਬਿਹਾਰ ਪੁਲੀਸ ਦੀ ਵਿੱਤੀ ਅਪਰਾਧ ਸ਼ਾਖਾ ਨੇ ਨੀਟ-ਯੂਜੀ ਦੇ ਅੱਧ ਸੜੇ ਪ੍ਰਸ਼ਨ ਪੱਤਰ ਬਰਾਮਦ ਕੀਤੇ ਸਨ। ਮਨੀਸ਼ ਕੁਮਾਰ ਬਾਰੇ ਉਨ੍ਹਾਂ ਕਿਹਾ ਕਿ ਉਸ ਨੇ ਕਥਿਤ ਤੌਰ ’ਤੇ ਉਨ੍ਹਾਂ ਪ੍ਰੀਖਿਆਰਥੀਆਂ ਨਾਲ ਸੌਦਾ ਕੀਤਾ ਜੋ ਪ੍ਰਸ਼ਨ ਪੱਤਰ ਹਾਸਲ ਕਰਨ ਲਈ ਪੈਸੇ ਦੇਣ ਲਈ ਤਿਆਰ ਸਨ। ਇਸੇ ਦੌਰਾਨ ਸੀਬੀਆਈ ਦੀ ਟੀਮ ਨੇ ਅੱਜ ਤਿੰਨ ਉਮੀਦਵਾਰਾਂ ਦੇ ਬਿਆਨ ਦਰਜ ਕੀਤੇ ਜਿਨ੍ਹਾਂ ਕਥਿਤ ਤੌਰ ’ਤੇ ਗੁਜਰਾਤ ਦੇ ਗੋਧਰਾ ਨੇੜੇ ਇੱਕ ਨਿੱਜੀ ਸਕੂਲ ਵਿੱਚ ਕਰਵਾਈ ਗਈ ਇਹ ਪ੍ਰੀਖਿਆ ਪਾਸ ਕਰਨ ’ਚ ਮਦਦ ਕਰਨ ਲਈ ਇੱਕ ਮੁਲਜ਼ਮ ਨੂੰ ਭੁਗਤਾਨ ਕੀਤਾ ਸੀ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×