For the best experience, open
https://m.punjabitribuneonline.com
on your mobile browser.
Advertisement

ਨੀਟ-ਯੂਜੀ: ਪ੍ਰੀਖਿਆ ਦੀ ਪਵਿੱਤਰਤਾ ‘ਭੰਗ’ ਹੋਈ ਹੈ ਤਾਂ ਮੁੜ ਪ੍ਰੀਖਿਆ ਦਾ ਹੁਕਮ ਦੇਣਾ ਪਵੇਗਾ: ਸੁਪਰੀਮ ਕੋਰਟ

08:55 AM Jul 09, 2024 IST
ਨੀਟ ਯੂਜੀ  ਪ੍ਰੀਖਿਆ ਦੀ ਪਵਿੱਤਰਤਾ ‘ਭੰਗ’ ਹੋਈ ਹੈ ਤਾਂ ਮੁੜ ਪ੍ਰੀਖਿਆ ਦਾ ਹੁਕਮ ਦੇਣਾ ਪਵੇਗਾ  ਸੁਪਰੀਮ ਕੋਰਟ
Advertisement

ਨਵੀਂ ਦਿੱਲੀ, 8 ਜੁਲਾਈ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਹੈ ਕਿ ਜੇ ਮੈਡੀਕਲ ਦਾਖ਼ਲਾ ਪ੍ਰੀਖਿਆ ਨੀਟ-ਯੂਜੀ, 2024 ਦੀ ਪਵਿੱਤਰਤਾ ‘ਭੰਗ’ ਹੋਈ ਹੈ ਤਾਂ ਮੁੜ ਪ੍ਰੀਖਿਆ ਕਰਾਉਣ ਦੇ ਹੁਕਮ ਦੇਣੇ ਪੈਣਗੇ। ਸੁਪਰੀਮ ਕੋਰਟ ਨੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਅਤੇ ਸੀਬੀਆਈ ਤੋਂ ਪ੍ਰਸ਼ਨ ਪੱਤਰ ਲੀਕ ਹੋਣ ਦੇ ਸਮੇਂ ਅਤੇ ਅਸਲ ਪ੍ਰੀਖਿਆ ਦੇ ਵਿਚਕਾਰ ਦੀ ਮਿਆਦ ਬਾਰੇ ਵੀ ਜਾਣਕਾਰੀ ਮੰਗੀ ਹੈ। ਸੁਪਰੀਮ ਕੋਰਟ ਨੇ ਪੇਪਰ ਲੀਕ ਲਈ ਅਪਣਾਈ ਗਈ ਵਿਧੀ ਅਤੇ ਗੜਬੜ ਕਰਨ ਵਾਲਿਆਂ ਦੀ ਗਿਣਤੀ ਬਾਰੇ ਵੀ ਵੇਰਵੇ ਮੰਗੇ ਹਨ।
ਚੀਫ਼ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ, ‘‘ਇਕ ਗੱਲ ਸਪੱਸ਼ਟ ਹੈ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ।’’ ਬੈਂਚ ਨੇ ਕਿਹਾ ਕਿ ਵਿਵਾਦਤ ਪ੍ਰੀਖਿਆ ਮੁੜ ਕਰਾਉਣ ਦੇ ਹੁਕਮ ਦੇਣ ਤੋਂ ਪਹਿਲਾਂ ਪ੍ਰਸ਼ਨ ਪੱਤਰ ਲੀਕ ਹੋਣ ਦੀ ਹੱਦ ਅਤੇ ਲਾਭਪਾਤਰੀਆਂ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ। ਨੀਟ-ਯੂਜੀ ਵਿੱਚ ਕਥਿਤ ਬੇਨਿਯਮੀਆਂ ਦਾ ਦੋਸ਼ ਲਗਾਉਣ ਵਾਲੀਆਂ ਅਰਜ਼ੀਆਂ ’ਤੇ ਸੁਣਵਾਈ 11 ਜੁਲਾਈ ਲਈ ਤੈਅ ਕਰਦਿਆਂ ਸਿਖਰਲੀ ਅਦਾਲਤ ਨੇ ਸੀਬੀਆਈ ਦੇ ਜਾਂਚ ਅਧਿਕਾਰੀ ਨੂੰ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ। ਬੈਂਚ ਨੇ ਕਿਹਾ ਕਿ ਜਦੋਂ ਉਲੰਘਣਾ ਨਾਲ ਪੂਰਾ ਅਮਲ ਪ੍ਰਭਾਵਿਤ ਹੁੰਦਾ ਹੈ ਅਤੇ ਲਾਭਪਾਤਰੀਆਂ ਨੂੰ ਦੂਜਿਆਂ ਤੋਂ ਵੱਖ ਕਰਨਾ ਸੰਭਵ ਨਹੀਂ ਹੈ ਤਾਂ ਪ੍ਰੀਖਿਆ ਮੁੜ ਤੋਂ ਕਰਾਏ ਜਾਣ ਦੇ ਹੁਕਮ ਜ਼ਰੂਰੀ ਹੋ ਸਕਦੇ ਹਨ। ਬੈਂਚ ਨੇ ਐੱਨਟੀਏ ਨੂੰ ਕਿਹਾ ਕਿ ਉਹ ਉਨ੍ਹਾਂ ਸ਼ਹਿਰਾਂ ਅਤੇ ਸੈਂਟਰਾਂ ਦੀ ਪਛਾਣ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਵੀ ਜਾਣਕਾਰੀ ਦੇਵੇ ਜਿਨ੍ਹਾਂ ’ਤੇ ਪ੍ਰਸ਼ਨ ਪੱਤਰ ਲੀਕ ਹੋਇਆ ਹੈ। ਨੀਟ-ਯੂਜੀ ਦੀ ਪਵਿੱਤਰਤਾ ਕਾਇਮ ਰੱਖਣ ’ਤੇ ਜ਼ੋਰ ਦਿੰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸਰਕਾਰ ਉੱਘੇ ਮਾਹਿਰਾਂ ਦੀ ਬਹੁ-ਅਨੁਸ਼ਾਸਨੀ ਟੀਮ ਬਣਾਉਣ ਬਾਰੇ ਵਿਚਾਰ ਕਰੇ ਤਾਂ ਜੋ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਵਾਪਰਨ। ਬੈਂਚ ਨੇ ਕਿਹਾ ਕਿ ਜੇ ‘ਟੈਲੀਗ੍ਰਾਮ, ਵਟਸਐਪ ਅਤੇ ਇਲੈਕਟ੍ਰਾਨਿਕ ਸਾਧਨਾਂ’ ਰਾਹੀਂ ਪ੍ਰਸ਼ਨ ਪੱਤਰ ਲੀਕ ਹੋ ਰਿਹਾ ਹੈ ਤਾਂ ਇਹ ‘ਜੰਗਲ ਦੀ ਅੱਗ ਵਾਂਗ ਫੈਲਦਾ ਹੈ।’ ਬੈਂਚ ਨੇ ਕਿਹਾ ਕਿ ਜੇ ਦੋਸ਼ੀਆਂ ਦੀ ਪਛਾਣ ਨਹੀਂ ਹੁੰਦੀ ਹੈ ਤਾਂ ਫਿਰ ਮੁੜ ਤੋਂ ਪ੍ਰੀਖਿਆ ਦੇ ਹੁਕਮ ਦੇਣੇ ਪੈਣਗੇ। ਬੈਂਚ ਨੇ ਇਹ ਵੀ ਕਿਹਾ, “ਮੰਨ ਲਓ ਕਿ ਸਰਕਾਰ ਪ੍ਰੀਖਿਆ ਰੱਦ ਨਹੀਂ ਕਰਦੀ, ਤਾਂ ਪ੍ਰਸ਼ਨ ਪੱਤਰ ਲੀਕ ਹੋਣ ’ਤੇ ਲਾਭਪਾਤਰੀਆਂ ਦੀ ਪਛਾਣ ਕਰਨ ਲਈ ਉਹ ਕੀ ਕਰੇਗੀ?” ਸੁਪਰੀਮ ਕੋਰਟ ਨੀਟ-ਯੂਜੀ ਨਾਲ ਸਬੰਧਤ 30 ਤੋਂ ਵੱਧ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਸੀ ਜਿਨ੍ਹਾਂ ’ਚ ਮੰਗ ਕੀਤੀ ਗਈ ਹੈ ਕਿ 5 ਮਈ ਨੂੰ ਹੋਈ ਪ੍ਰੀਖਿਆ ਰੱਦ ਕਰਕੇ ਉਸ ਨੂੰ ਦੁਬਾਰਾ ਤੋਂ ਲਿਆ ਜਾਵੇ। ਅਦਾਲਤ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਸ਼ਨ ਪੱਤਰ ਲੀਕ ਹੋਇਆ ਹੈ ਅਤੇ ਉਹ ਇਸ ਦੀ ਹੱਦ/ਘੇਰੇ ਦਾ ਪਤਾ ਲਗਾ ਰਹੇ ਹਨ। ਬੈਂਚ ਨੇ ਕਿਹਾ ਕਿ 67 ਉਮੀਦਵਾਰਾਂ ਨੇ 720 ਵਿੱਚੋਂ 720 ਅੰਕ ਪ੍ਰਾਪਤ ਕੀਤੇ ਸਨ ਜੋ ਬੇਨਿਯਮੀਆਂ ਵੱਲ ਇਸ਼ਾਰਾ ਕਰਦੇ ਹਨ ਕਿਉਂਕਿ ਇਹ ਅਨੁਪਾਤ ਪਿਛਲੇ ਸਾਲਾਂ ਵਿੱਚ ਬਹੁਤ ਘੱਟ ਸੀ। ਬੈਂਚ ਗੁਜਰਾਤ ਦੇ 50 ਤੋਂ ਵੱਧ ਸਫਲ ਉਮੀਦਵਾਰਾਂ ਦੀ ਇੱਕ ਵੱਖਰੀ ਪਟੀਸ਼ਨ ’ਤੇ ਵੀ ਸੁਣਵਾਈ ਕਰ ਰਿਹਾ ਹੈ। -ਪੀਟੀਆਈ

Advertisement

ਨੀਟ-ਯੂਜੀ ਜਾਂਚ: ਸੀਬੀਆਈ ਵੱਲੋਂ ਮਹਾਰਾਸ਼ਟਰ ਵਿੱਚੋਂ ਇੱਕ ਗ੍ਰਿਫਤਾਰ

ਨਵੀਂ ਦਿੱਲੀ: ਸੀਬੀਆਈ ਨੇ ਮਹਾਰਾਸ਼ਟਰ ਦੇ ਲਾਤੂਰ ਵਿੱਚ ਨੀਟ-ਯੂਜੀ ਪ੍ਰੀਖਿਆ ਵਿੱਚ ਕਥਿਤ ਬੇਨੇਮੀਆਂ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨਾਲ ਹੁਣ ਤਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਗਿਣਤੀ ਨੌਂ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ਪਹਿਲਾਂ ਮਹਾਰਾਸ਼ਟਰ ਪੁਲੀਸ ਨੇ ਕੀਤੀ ਸੀ ਤੇ ਸੀਬੀਆਈ ਨੇ ਹੁਣ ਲਾਤੂਰ ਮਾਮਲੇ ਸਬੰਧੀ ਨੰਜੂਨੇਥੱਪਾ ਨੂੰ ਹਿਰਾਸਤ ਵਿੱਚ ਲਿਆ ਹੈ। -ਪੀਟੀਆਈ

ਸੀਯੂਈਟੀ-ਯੂਜੀ: ਕਈ ਵਿਦਿਆਰਥੀਆਂ ਵੱਲੋਂ ਆਂਸਰ ਕੀਜ਼ ’ਚ ਗਲਤੀਆਂ ਦੇ ਦਾਅਵੇ

ਨਵੀਂ ਦਿੱਲੀ: ਸਾਂਝੀ ਯੂਨੀਵਰਿਸਟੀ ਦਾਖ਼ਲਾ ਪ੍ਰੀਖਿਆ (ਸੀਯੂਈਟੀ)-ਯੂਜੀ ਦੇਣ ਵਾਲੇ ਕਈ ਵਿਦਿਆਰਥੀਆਂ ਨੇ ਦੋਸ਼ ਲਾਏ ਹਨ ਕਿ ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ ਐਲਾਨੀ ਗਈ ਉੱਤਰ ਕਾਪੀ (ਆਂਸਰ ਕੀਜ਼) ’ਚ ਕਈ ਜਵਾਬ ਗਲਤ ਹਨ। ਐੱਨਟੀਏ ਨੇ ਐਲਾਨ ਕੀਤਾ ਹੈ ਕਿ ਜੇ ਵਿਦਿਆਰਥੀਆਂ ਵੱਲੋਂ ਪ੍ਰੀਖਿਆ ਸਬੰਧੀ ਕੀਤੀਆਂ ਗਈਆਂ ਸ਼ਿਕਾਇਤਾਂ ਸਹੀ ਮਿਲੀਆਂ ਤਾਂ 15 ਤੋਂ 19 ਜੁਲਾਈ ਤੱਕ ਮੁੜ ਟੈਸਟ ਲਿਆ ਜਾ ਸਕਦਾ ਹੈ। ਵਿਦਿਆਰਥੀ 200 ਰੁਪਏ ਪ੍ਰਤੀ ਜਵਾਬ ਅਦਾ ਕਰਕੇ 9 ਜੁਲਾਈ ਸ਼ਾਮ 5 ਵਜੇ ਤੱਕ ਜਵਾਬਾਂ ਨੂੰ ਚੁਣੌਤੀ ਦੇ ਸਕਦੇ ਹਨ। -ਪੀਟੀਆਈ

Advertisement
Author Image

Advertisement
Advertisement
×