ਨੀਟ-ਯੂਜੀ: ਸੀਬੀਆਈ ਨੇ ਪੰਜ ਨਵੇਂ ਮਾਮਲਿਆਂ ਦੀ ਜਾਂਚ ਸੰਭਾਲੀ
ਨਵੀਂ ਦਿੱਲੀ, 24 ਜੂਨ
ਸੀਬੀਆਈ ਨੇ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ ਵਿੱਚ ਕਥਿਤ ਗੜਬੜ ਦੇ ਪੰਜ ਨਵੇਂ ਕੇਸਾਂ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਗੁਜਰਾਤ, ਰਾਜਸਥਾਨ ਤੇ ਬਿਹਾਰ ਵਿਚਲੇ ਇਨ੍ਹਾਂ ਮਾਮਲਿਆਂ ਦੀ ਜਾਂਚ ਪਹਿਲਾਂ ਪੁਲੀਸ ਕਰ ਰਹੀ ਸੀ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਆਪਣੇ ਤੌਰ ’ਤੇ ਗੁਜਰਾਤ ਤੇ ਬਿਹਾਰ ਤੋਂ ਇਕ-ਇਕ ਅਤੇ ਰਾਜਸਥਾਨ ਤੋਂ ਤਿੰਨ ਮਾਮਲਿਆਂ ਨੂੰ ਆਪਣੀ ਐੱਫਆਈਆਰਜ਼ ਦੇ ਰੂਪ ਵਿੱਚ ਮੁੜ ਤੋਂ ਦਰਜ ਕੀਤਾ ਹੈ। ਹਾਲਾਂਕਿ, ਜਾਂਚ ਏਜੰਸੀ ਵੱਲੋਂ ਮਹਾਰਾਸ਼ਟਰ ਦੇ ਲਾਤੂਰ ਤੋਂ ਇਕ ਹੋਰ ਮਾਮਲਾ ਆਪਣੇ ਹੱਥਾਂ ਵਿੱਚ ਲਏ ਜਾਣ ਦੀ ਸੰਭਾਵਨਾ ਹੈ।
ਬਿਹਾਰ ਨੂੰ ਛੱਡ ਕੇ, ਬਾਕੀ ਚਾਰੋਂ ਮਾਮਲੇ ਸਥਾਨਕ ਅਧਿਕਾਰੀਆਂ, ਨਿਗਰਾਨਾਂ ਅਤੇ ਉਮੀਦਵਾਰਾਂ ਵੱਲੋਂ ਕੀਤੀ ਗਈ ਧੋਖਾਧੜੀ ਤੇ ਨਕਲ ਦੇ ਛੋਟੇ-ਮੋਟੇ ਮਾਮਲੇ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਸੀਬੀਆਈ ਇਸ ਮਾਮਲੇ ਵਿੱਚ ਵਿਆਪਕ ਪੜਤਾਲ ਕਰਨ ਲਈ ਪਹਿਲਾਂ ਹੀ ਕੇਂਦਰੀ ਸਿੱਖਿਆ ਮੰਤਰਾਲੇ ਦੇ ਹਵਾਲੇ ਨਾਲ ਆਪਣੀ ਖ਼ੁਦ ਦੀ ਐੱਫਆਈਆਰ ਦਰਜ ਕਰ ਚੁੱਕੀ ਹੈ। ਇਹ ਨਵੇਂ ਮਾਮਲੇ ਹੱਥ ਵਿੱਚ ਲੈਣ ਤੋਂ ਬਾਅਦ ਸੀਬੀਆਈ ਹੁਣ ਨੀਟ-ਯੂਜੀ ਵਿੱਚ ਕਥਿਤ ਬੇਨਿਯਮੀਆਂ ਨਾਲ ਸਬੰਧਤ ਕੁੱਲ ਛੇ ਕੇਸਾਂ ਦੀ ਜਾਂਚ ਕਰ ਰਹੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। -ਪੀਟੀਆਈ
ਖੜਗੇ ਨੇ ਨੀਟ ਮਾਮਲੇ ’ਤੇ ਮੋਦੀ ਦੀ ਚੁੱਪ ’ਤੇ ਸਵਾਲ ਚੁੱਕੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਨੀਟ ਪ੍ਰਸ਼ਨ ਪੱਤਰ ਲੀਕ ਮਾਮਲੇ ਤੋਂ ਇਲਾਵਾ ਮਨੀਪੁਰ ਹਿੰਸਾ ਅਤੇ ਪੱਛਮੀ ਬੰਗਾਲ ਵਿੱਚ ਵਾਪਰੇ ਰੇਲ ਹਾਦਸੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਉੱਤੇ ਸਵਾਲ ਉਠਾਏ ਹਨ। ਖੜਗੇ ਨੇ ‘ਐਕਸ’ ’ਤੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਲੋਕ ਸਭਾ ਸੰਸਦ ਮੈਂਬਰ ਵਜੋਂ ਹਲਫ਼ ਲੈਣ ਤੋਂ ਪਹਿਲਾਂ ਨਵੀਂ ਸੰਸਦ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟ ਪ੍ਰੀਖਿਆ ’ਚ ਕਥਿਤ ਬੇਨੇਮੀਆਂ, ਮਨੀਪੁਰ ਹਿੰਸਾ ਤੇ ਰੇਲ ਹਾਦਸੇ ਬਾਰੇ ਕੁੱਝ ਨਹੀਂ ਬੋਲੇ। ਉਨ੍ਹਾਂ ਕਿਹਾ ਕਿ ਹਾਰ ਦੇ ਬਾਵਜੂਦ ‘ਹੰਕਾਰ’ ਨਹੀਂ ਗਿਆ। ਖੜਗੇ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਲਗਾਤਾਰ ਐਮਰਜੈਂਸੀ ਦਾ ਮੁੱਦਾ ਉਠਾ ਕੇ ਕਦੋਂ ਤੱਕ ਸ਼ਾਸਨ ਕਰਨਾ ਚਾਹੁੰਦੇ ਹਨ। ਖੜਗੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਕੀਤੀ ਟਿੱਪਣੀ ’ਤੇ ਪ੍ਰਤੀਕਿਰਿਆ ਦੇ ਰਹੇ ਸਨ। ਖੜਗੇ ਨੇ ਕਿਹਾ, ‘‘ਉਹ ਇਸ ਨੂੰ 100 ਵਾਰ ਦੁਹਰਾਉਣਗੇ। ਐਮਰਜੈਂਸੀ ਐਲਾਨੇ ਬਿਨਾਂ ਤੁਸੀਂ ਇਸ ਢੰਗ ਨਾਲ ਕੰਮ ਕਰ ਰਹੇ ਹੋ। ਇਹ ਮੁੱਦਾ ਚੁੱਕ ਕੇ ਤੁਹਾਡੀ ਕਦੋਂ ਤੱਕ ਸ਼ਾਸਨ ਕਰਨ ਦੀ ਯੋਜਨਾ ਹੈ?’’ -ਏਐੱਨਆਈ
ਸਿਹਤ ਮੰਤਰਾਲੇ ਵੱਲੋਂ ਨੀਟ-ਪੀਜੀ ਪ੍ਰੀਖਿਆ ਪ੍ਰਕਿਰਿਆ ਦੀ ਸਮੀਖਿਆ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਦੇ ਉੱਚ ਅਧਿਕਾਰੀਆਂ ਨੇ ਪੋਸਟ ਗ੍ਰੈਜੂਏਟ ਮੈਡੀਕਲ ਕੋਰਸਾਂ ਲਈ ਦਾਖਲਾ ਪ੍ਰੀਖਿਆ ਮੁਲਤਵੀ ਕੀਤੇ ਜਾਣ ਤੋਂ ਦੋ ਦਿਨ ਬਾਅਦ ਅੱਜ ਨੀਟ-ਪੀਜੀ ਪ੍ਰੀਖਿਆ ਦੀ ਪ੍ਰਕਿਰਿਆ ਦੀ ਸਮੀਖਿਆ ਕੀਤੀ ਹੈ। ਨੀਟ (ਪੀਜੀ) ਦੀ ਦਾਖਲਾ ਪ੍ਰੀਖਿਆ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨਜ਼ ਇਨ ਮੈਡੀਕਲ ਸਾਇੰਸਿਜ਼ (ਐੱਨਬੀਈਐੱਮਐੱਸ) ਅਤੇ ਇਸ ਦੇ ਤਕਨੀਕੀ ਭਾਈਵਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ) ਨਾਲ ਮਿਲ ਕੇ ਕਰਵਾਈ ਜਾਂਦੀ ਹੈ। ਸਰਕਾਰ ਨੇ 23 ਜੂਨ ਨੂੰ ਹੋਣ ਵਾਲੀ ਪੀਜੀ ਦਾਖਲਾ ਪ੍ਰੀਖਿਆ ਸ਼ਨਿਚਰਵਾਰ ਨੂੰ ਮੁਲਤਵੀ ਕਰ ਦਿੱਤੀ ਸੀ। ਅੱਜ ਮੀਟਿੰਗ ਵਿੱਚ ਟੀਸੀਐੱਸ ਦੇ ਉੱਚ ਅਧਿਕਾਰੀਆਂ ਨੇ ਆਉਂਦੇ ਦਿਨਾਂ ਵਿੱਚ ਕਰਵਾਈ ਜਾਣ ਵਾਲੀ ਪ੍ਰੀਖਿਆ ਦੌਰਾਨ ਅਪਣਾਈ ਜਾਣ ਵਾਲੀ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ। ਸੂਤਰ ਨੇ ਕਿਹਾ, ‘‘ਨੀਟ-ਪੀਜੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਅਪਲੋਡ ਕਰਨ ਦੀ ਪ੍ਰਕਿਰਿਆ ਪ੍ਰੀਖਿਆ ਤੋਂ ਇੱਕ ਘੰਟਾ ਪਹਿਲਾਂ ਸ਼ੁਰੂ ਹੁੰਦੀ ਹੈ। ਇਸ ਵਾਰ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਕਰਵਾਉਣੀ ਯਕੀਨੀ ਬਣਾਉਣ ਲਈ ਮੁਲਤਵੀ ਕਰ ਦਿੱਤੀ ਗਈ ਸੀ। ਨਵੀਆਂ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।’’ -ਪੀਟੀਆਈ