ਨੀਟ ਘਪਲਾ ਅਤੇ ਸਿੱਖਿਆ ਸਨਅਤ ਦੀਆਂ ਅਲਾਮਤਾਂ
ਨੌਜਵਾਨਾਂ ਦੇ ਜੀਵਨ ਪੰਧ ਦਾ ਖ਼ਾਕਾ ਘੜਨ ਵਾਲੇ ਨੀਟ (ਕੌਮੀ ਯੋਗਤਾ ਤੇ ਦਾਖ਼ਲਾ ਟੈੱਸਟ) ਅਤੇ ਨੈੱਟ (ਕੌਮੀ ਯੋਗਤਾ ਟੈੱਸਟ) ਜਿਹੇ ਇਕਸਾਰ ਟੈੱਸਟਾਂ ਵਿੱਚ ਹੋਏ ਘਪਲਿਆਂ ਬਾਰੇ ਕਾਫ਼ੀ ਕੁਝ ਆਖਿਆ ਤੇ ਲਿਖਿਆ ਜਾ ਚੁੱਕਿਆ ਹੈ। ਕੌਮੀ ਟੈਸਟਿੰਗ ਅਥਾਰਿਟੀ (ਐੱਨਟੀਏ) ਦੇ ਕਾਰਵਿਹਾਰ ਖਿ਼ਲਾਫ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਰੋਹ ਅਤੇ ਸਿਆਸੀ ਪਾਰਟੀਆਂ ਦੇ ਪ੍ਰਦਰਸ਼ਨਾਂ ਤੋਂ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਟੈੱਸਟਾਂ ਨੇ ਕਿਵੇਂ ਦੇਸ਼ ਦੇ ਸਿੱਖਿਆ ਧਰਾਤਲ ਦੀ ਕੇਂਦਰੀ ਸਪੇਸ ’ਤੇ ਕਬਜ਼ਾ ਕਰ ਲਿਆ ਹੈ। ਫਿਰ ਵੀ ਇਸ ਸਾਰੇ ਰੌਲੇ ਰੱਪੇ ਦੇ ਬਾਵਜੂਦ ਜਿਸ ਗੱਲ ਦੀ ਕਮੀ ਰੜਕ ਰਹੀ ਹੈ, ਉਹ ਹੈ ਇਸ ਕਿਸਮ ਦੇ ਟੈੱਸਟਾਂ ਦੇ ਮੂਲ ਤਰਕ ’ਤੇ ਕਿੰਤੂ ਕਰਨ ਅਤੇ ਇਹ ਸੋਚ ਵਿਚਾਰ ਕਰਨ ਦੀ ਹਿੰਮਤ ਕਿ ਇਸ ਦੇ ਨਾਲੋ-ਨਾਲ ਕੋਚਿੰਗ ਸਨਅਤ ਦੇ ਵਿਕਾਸ ਨੇ ਸਾਡੇ ਯੁਵਾ ਮਨਾਂ ਦੇ ਮਾਨਸਿਕ, ਸੱਭਿਆਚਾਰਕ ਅਤੇ ਸੁਹਜਮਈ ਵਿਕਾਸ ਨੂੰ ਕਿੰਨੀ ਵੱਡੀ ਸੱਟ ਮਾਰੀ ਹੈ। ਮੱਤ ਭੁੱਲੋ ਕਿ ਦੌਲਤ ਬਣਾਉਣ ਦਾ ਇਹ ਮਹਾ ਕਾਰੋਬਾਰ ਬੇਚੈਨੀ ਵਿੱਚ ਗ੍ਰਸੇ ਮਾਪਿਆਂ ਨੂੰ ਇਸ ਵਾਅਦੇ ਨਾਲ ਫੁਸਲਾਉਂਦਾ ਰਹਿੰਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਇੱਕ ਦਿਸ਼ਾਵੀ ‘ਪ੍ਰੀਖਿਆ ਯੋਧਾ’ ਬਣਾ ਕੇ ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਦਾ ‘ਗੁਰਮੰਤਰ’ ਦੇ ਦਿੱਤਾ ਜਾਵੇਗਾ ਤਾਂ ਕਿ ਉਹ ਇੱਕ ਦੂਜੇ ਨਾਲ ਹੋੜ ਵਿੱਚ ਪਏ ਸਮਾਜ ਅੰਦਰ ਡਾਕਟਰ ਜਾਂ ਇੰਜਨੀਅਰ ਬਣ ਕੇ ਲਾਹੇਵੰਦ ਪੈਕੇਜ ਹਾਸਿਲ ਕਰ ਕੇ ‘ਸਫਲ’ ਅਖਵਾ ਸਕੇ।
ਅਜੇ ਵੀ ਸਮਾਂ ਹੈ ਕਿ ਅਸੀਂ ਇਸ ਤੱਥ ਨੂੰ ਸਵੀਕਾਰ ਕਰ ਲਈਏ ਕਿ ਬਹੁ-ਚੋਣੀ ਪ੍ਰਸ਼ਨ (ਐੱਮਸੀਕਿਊ) ਕੇਂਦਰਿਤ ਇਕਸਾਰ ਟੈੱਸਟ ਕਿਸੇ ਵਿਦਿਆਰਥੀ ਦੀ ਅਕਾਦਮਿਕ ਗਹਿਰਾਈ, ਗਹਿਨ ਸੋਚ ਅਤੇ ਰਚਨਾਕਾਰੀ ਕਲਪਨਾ ਦਾ ਮੁਲਾਂਕਣ ਨਹੀਂ ਕਰ ਸਕਦੇ। ਅਧਿਆਪਨ ਅਤੇ ਖੋਜ ਨਾਲ ਵਾਹ ਰੱਖਣ ਵਾਲਾ ਕੋਈ ਵੀ ਸੂਝਵਾਨ ਵਿਦਵਾਨ ਇਸ ਗੱਲ ’ਤੇ ਸਹਿਮਤ ਹੋਵੇਗਾ ਕਿ ਕਿਸੇ ਵਿਅਕਤੀ ਦੀ ਅਕਾਦਮਿਕ ਰੁਚੀ ਅਤੇ ਚਾਰ ਪੰਜ ਆਪਸ਼ਨਾਂ ’ਚੋਂ ਕੋਈ ‘ਸਹੀ ਉੱਤਰ’ ਲੱਭਣ ਅਤੇ ਓਐੱਮਆਰ ਸ਼ੀਟ ਵਿੱਚ ਝਟਪਟ ਸਹੀ ਪਾਉਣ ਦੀ ਯੋਗਤਾ ਵਿਚਕਾਰ ਨਾਤਾ ਹੋਣਾ ਜ਼ਰੂਰੀ ਨਹੀਂ ਹੁੰਦਾ। ਕਿਸੇ ਮੁੱਦੇ ਦੀ ਘੋਖ ਕਰਨ ਜਾਂ ਭੰਬਲਭੂਸਿਆਂ ਨੂੰ ਪ੍ਰਵਾਨ ਕਰਨ ਤੇ ਨਵੇਂ ਸੁਆਲ ਖੜ੍ਹੇ ਕਰਨ ਲਈ ਕਿਸੇ ਅਕਾਦਮਿਕ ਗਿਆਨ ਜਾਂ ਰਚਨਾਤਮਿਕ ਗਹਿਰੀ ਸੋਚ ਨੂੰ ਵਕਤ ਦਰਕਾਰ ਹੁੰਦਾ ਹੈ ਜਦਕਿ ਐੱਮਸੀਕਿਊ ਕੇਂਦਰਿਤ ਇਕਸਾਰ ਟੈੱਸਟ ਰੱਟਾ ਗਿਆਨ ਜਾਂ ਬਿਨਾਂ ਸੋਚ ਵਿਚਾਰ ਤੋਂ ਸਹੀ ਉੱਤਰ ਤਲਾਸ਼ ਕਰਨ ਦੀ ਕਿਸੇ ਤਰਕੀਬ ਨੂੰ ਆਤਮਸਾਤ ਕਰਨ ਦੀ ਮੰਗ ਕਰਦੇ ਹਨ। ਦਰਅਸਲ, ਇਸ ਲਈ ਹਰ ਤਰ੍ਹਾਂ ਦੇ ਮੌਕ ਟੈੱਸਟਾਂ ਰਾਹੀਂ ਐੱਮਸੀਕਿਊਜ਼ ਦੀਆਂ ਅਮੁੱਕ ਲੜੀਆਂ ਨੂੰ ਹੱਲ ਕਰਨ ਲਈ ਬੇਤਹਾਸ਼ਾ ਅਭਿਆਸ ਜਾਂ ਮਕਾਨਕੀ ਰੁਟੀਨ ਦੀ ਲੋੜ ਪੈਂਦੀ ਹੈ। ਅਕਾਦਮਿਕ ਗਿਆਨ ਜਾਂ ਰਚਨਾਤਮਿਕ ਸੋਚ ਲਈ ਮਹਾਨ ਅਧਿਆਪਕਾਂ ਅਤੇ ਮੁਰਸ਼ਦਾਂ ਦੀ ਸੰਗਤ ਮਾਣਨ ਦੀ ਲੋੜ ਹੁੰਦੀ ਹੈ ਜਦੋਂ ਕਿ ਇਕਸਾਰ ਟੈੱਸਟਾਂ ਲਈ ਕੋਚਿੰਗ ਰਣਨੀਤੀਕਾਰਾਂ ਦੀ ਲੋੜ ਪੈਂਦੀ ਹੈ। ਮਿਸਾਲ ਦੇ ਤੌਰ ’ਤੇ ਨੀਟ ਜਿਹੀ ਪ੍ਰੀਖਿਆ ’ਤੇ ਗ਼ੌਰ ਕਰੋ। ਕੀ ਇਹ ਵਾਕਈ ਮੁਲਾਂਕਣ ਕਰਦੀ ਹੈ ਕਿ ਕਿਸੇ ਨੌਜਵਾਨ ਪ੍ਰੀਖਿਆਰਥੀ ਅੰਦਰ ਮੈਡੀਕਲ ਵਿਗਿਆਨ ਵਿੱਚ ਕਰੀਅਰ ਬਣਾਉਣ ਜਾਂ ਡਾਕਟਰ ਬਣਨ ਦੀ ਰੁਚੀ/ਝੁਕਾਅ ਹੈ? ਡਾਕਟਰ ਬਣਨ ਲਈ ਸ਼ਾਇਦ ਦੇਖਣ ਪੜਤਾਲਣ ਦੀ ਗਹਿਰੀ ਸ਼ਕਤੀ, ਮਰੀਜ਼ ਦੇ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਅਤੇ ਹੋਂਦ ਦੀ ਅਵਸਥਾ ਦੇ ਲੱਛਣਾਂ ਤੱਕ ਪਹੁੰਚਣ ਦੇ ਸੂਖਮ ਫ਼ਨ ਅਤੇ ਸਭ ਤੋਂ ਵੱਧ, ਮੈਡੀਕਲ ਸ਼ਾਸਤਰ ਵਿੱਚ ਗਿਆਨ ਦੇ ਨਵੇਂ ਦਿਸਹੱਦਿਆਂ ਨੂੰ ਤਲਾਸ਼ ਕਰਨ ਦੇ ਗੁਣ ਹੋਣੇ ਜ਼ਰੂਰੀ ਹੁੰਦੇ ਹਨ ਪਰ ਨੀਟ ਜਿਹੇ ਕਿਸੇ ਇੱਕ ਟੈੱਸਟ ਵਿੱਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ ਦੇ 180 ਪ੍ਰਸ਼ਨਾਂ ਦੇ ਸੈੱਟ ਨੂੰ ਹੱਲ ਕਰਨ ਲਈ 200 ਮਿੰਟ ਮਿਲਦੇ ਹਨ ਜਿਸ ਦਾ ਕਿਸੇ ਸੰਭਾਵੀ ਡਾਕਟਰ ਦੀਆਂ ਖ਼ੂਬੀਆਂ ਨਾਲ ਕੋਈ ਸਬੰਧ ਨਹੀਂ ਹੁੰਦਾ। ਇਹ ਇੱਕ ਇਸ ਕਿਸਮ ਦੀ ਲਾਟਰੀ ਹੈ ਜੋ ਮੈਡੀਕਲ ਕਿੱਤੇ ਲਈ ਸਹੀ ਕਿਸਮ ਦੇ ਨੌਜਵਾਨਾਂ ਦੀ ਤਲਾਸ਼ ਕਰਨ ਦੀ ਬਜਾਇ ਝਟਪਟ ਹੀ ਲੱਖਾਂ ਯੁਵਾ ਚਾਹਵਾਨਾਂ ਨੂੰ ਨਕਾਰ ਦਿੰਦੀ ਹੈ।
ਇਸੇ ਤਰ੍ਹਾਂ ਨੀਟ ਜਿਹੀ ਕੋਈ ਪ੍ਰੀਖਿਆ ਬਹੁਤ ਹੀ ਥੋਥੀ ਹੁੰਦੀ ਹੈ ਅਤੇ ਇਹ ਕਿਸੇ ਵੀ ਲਿਹਾਜ਼ ਤੋਂ ਕੁਦਰਤੀ ਵਿਗਿਆਨਾਂ ਤੇ ਮਾਨਵ ਵਿਗਿਆਨਾਂ ਜਿਹੀਆਂ ਬੁਨਿਆਦੀ ਗਿਆਨ ਪ੍ਰਣਾਲੀਆਂ ਵਿੱਚ ਕਿਸੇ ਦੀ ਖੋਜ ਪ੍ਰਵਿਰਤੀ ਜਾਂ ਅਧਿਆਪਨ ਯੋਗਤਾਵਾਂ ਜਾਂ ਦ੍ਰਿਸ਼ਟੀਆਂ ਦਾ ਮੁਲਾਂਕਣ ਕਰਨ ਦੇ ਸਮੱਰਥ ਨਹੀਂ ਹੁੰਦੀ। ਮਿਸਾਲ ਦੇ ਤੌਰ ’ਤੇ ਜੇ ਇਸ ਦੀ ਐੱਮਸੀਕਿਊ ਫਿਤਰਤ ਕਰ ਕੇ ਤੁਹਾਨੂੰ ਕੋਈ ਖ਼ਾਸ ਪਰਿਭਾਸ਼ਾ, ਕਿਸੇ ਇਤਿਹਾਸਕ ਘਟਨਾ ਦੀ ਤਰੀਕ ਜਾਂ ਇਵੇਂ ਹੀ ਸਮਾਜ ਸ਼ਾਸਤਰੀ ਮੈਕਸ ਵੈੱਬਰ ਦੀ ਕਿਤਾਬ ‘ਦਿ ਪ੍ਰੋਟੈਸਟੈਂਟ ਐਥਿਕਸ ਐਂਡ ਦਿ ਸਪਿਰਟ ਆਫ ਕੈਪੀਟਲਿਜ਼ਮ’ ਦੇ ਪ੍ਰਕਾਸ਼ਨ ਸਾਲ ਦਾ ਘੋਟਾ ਲਾਉਣਾ ਪੈਂਦਾ ਹੈ ਤਾਂ ਇਸ ਤੋਂ ਇਹ ਹਰਗਿਜ਼ ਪਤਾ ਨਹੀਂ ਲੱਗਦਾ ਕਿ ਤੁਸੀਂ ਸਮਾਜ ਸ਼ਾਸਤਰ ਦੇ ਕਿਸੇ ਗੰਭੀਰ ਖਰੜੇ ਦਾ ਅਧਿਐਨ ਕੀਤਾ ਹੈ, ਗਹਿਰੀਆਂ ਦਾਰਸ਼ਨਿਕ ਬਹਿਸਾਂ ਨੂੰ ਸਮਝਿਆ ਹੈ ਜਾਂ ਤੁਸੀਂ ਆਪਣੀਆਂ ਅਧਿਆਪਨ ਵਿਧੀਆਂ ਵਿੱਚ ਨਵੀਆਂ ਖੋਜ ਲੱਭਤਾਂ ਸਾਹਮਣੇ ਲਿਆਂਦੀਆਂ ਹਨ। ਤਰਾਸਦੀ ਇਹ ਹੈ ਕਿ ਐੱਨਟੀਏ ਜਿਹੀ ਮਸ਼ੀਨ ਕੋਲ ਕੋਈ ਰਚਨਾਤਮਿਕ ਸਰਪਲੱਸ ਹੀ ਨਹੀਂ ਹੈ; ਇਹ ਸਿਰਫ਼ ਸਾਰੇ ਤੱਥਮੂਲਕ/ਵਸਤੂਗਤ ਪ੍ਰਸ਼ਨ ਹੀ ਘੜ ਸਕਦੀ ਹੈ ਜਿਸ ਦਾ ਇੱਕੋ-ਇੱਕ ਸਹੀ ਉੱਤਰ ਹੁੰਦਾ ਹੈ ਤਾਂ ਕਿ ਬਾਕੀਆਂ ਨੂੰ ਝਟਪਟ ਨਕਾਰਨ ਦੇ ਔਜ਼ਾਰ ਦਾ ਇਸਤੇਮਾਲ ਹੋ ਸਕੇ।
ਇਸ ਤਰ੍ਹਾਂ ਦੇ ਇਕਸਾਰ ਟੈੱਸਟਾਂ ਨੂੰ ਪ੍ਰਵਾਨਿਤ ਅਤੇ ਪਾਵਨ ਕਰਾਰ ਦੇਣ ਦੇ ਆਹਰ ਵਿੱਚ ਅਸੀਂ ਪ੍ਰੇਸ਼ਾਨ, ਬੇਚੈਨ ਅਤੇ ਨਾਖੁਸ਼ ਬੱਚਿਆਂ ਦੀ ਪੀੜ੍ਹੀ ਪੈਦਾ ਕਰ ਰਹੇ ਹਾਂ। ਉਨ੍ਹਾਂ ਨੂੰ ਗਿਆਨ ਹਾਸਿਲ ਕਰਨ ਜਾਂ ਰਚਨਾਤਮਿਕ ਪ੍ਰਯੋਗ ਕਰਨ ਵਿੱਚ ਰੱਤੀ ਭਰ ਵੀ ਚਾਅ ਨਹੀਂ ਸਗੋਂ ਉਨ੍ਹਾਂ ਦੀ ਸ਼ਖ਼ਸੀਅਤਸਾਜ਼ੀ ਦੇ ਮੁੱਢਲੇ ਸਾਲਾਂ ਦਾ ਕਾਫ਼ੀ ਹਿੱਸਾ ਕੋਚਿੰਗ ਕੇਂਦਰਾਂ ਦੇ ਚੱਕਰ ਕੱਟਣ ਅਤੇ ਇਹ ਟੈੱਸਟ ਪਾਸ ਕਰਨ ਦੇ ਦਾਅਪੇਚ ਸਿੱਖਣ ਵਿੱਚ ਖਰਚ ਹੋ ਜਾਂਦਾ ਹੈ ਜਦੋਂਕਿ ਅਕਾਦਮਿਕ ਅਤੇ ਦਾਰਸ਼ਨਿਕ ਗਹਿਰਾਈ ਗੁਆ ਬੈਠਦੇ ਹਨ। ਭੌਤਿਕ ਵਿਗਿਆਨ ਉਹੀ ਹੈ ਜੋ ਕੋਟਾ ਫੈਕਟਰੀ ਸਿੱਖਣਯੋਗ ਗਿਣਦੀ ਹੈ; ਜਾਂ ਇਵੇਂ ਹੀ ਇਤਿਹਾਸ ਉਹੀ ਹੈ ਜਿਸ ਨੂੰ ਫੈਂਸੀ ਆਈਏਐੱਸ ਕੋਚਿੰਗ ਕੇਂਦਰ ‘ਬੇਸ਼ਕੀਮਤੀ’ ਤਸਲੀਮ ਕਰਦੇ ਹਨ। ਇਹ ਸੰਦੇਹਪੂਰਨ ਹੈ ਕਿ ਕੀ ਸਿੱਖਿਆ ਪ੍ਰਤੀ ਇਸ ਤਰ੍ਹਾਂ ਦੀ ਪ੍ਰਵਿਰਤੀ ਵਾਕਈ ਚੰਗੇ ਡਾਕਟਰ, ਜ਼ਹੀਨ ਇੰਜਨੀਅਰ ਜਾਂ ਮਹਾਨ ਅਧਿਆਪਕ/ਖੋਜੀ ਪੈਦਾ ਕਰ ਸਕਦੀ ਹੈ। ਇਹ ਟੈੱਸਟ ਨਾਕਾਮੀ ਦੀਆਂ ਕਹਾਣੀਆਂ ਤਾਂ ਘੜਦੇ ਹੀ ਹਨ, ਫਿਰ ਇਨ੍ਹਾਂ ਦੀਆਂ ‘ਸਫਲਤਾ ਦੀਆਂ ਕਹਾਣੀਆਂ’ ਕਿਸੇ ਵੀ ਲਿਹਾਜ਼ ਤੋਂ ਪ੍ਰੇਰਨਾਦਾਇਕ ਨਹੀਂ ਹੁੰਦੀਆਂ। ਇੰਝ, 1 ਲੱਖ ਕਰੋੜ ਰੁਪਏ ਦੇ ਕਾਰੋਬਾਰ ਦੀ ਇਸ ਕੋਚਿੰਗ ਸਨਅਤ ਦੇ ਧੁਰ ਅੰਦਰ ਭ੍ਰਿਸ਼ਟਾਚਾਰ ਅਤੇ ਘਾਲੇ-ਮਾਲੇ ਰਚੇ ਮਿਚੇ ਹੁੰਦੇ ਹਨ।
ਅਮੂਮਨ ਇਹ ਸਵਾਲ ਪੁੱਛਿਆ ਜਾਂਦਾ ਹੈ: ਕੀ ਇਸ ਦਾ ਕੋਈ ਬਦਲ ਹੈ, ਖ਼ਾਸਕਰ ਉਦੋਂ ਜਦੋਂ ਲੱਖਾਂ ਵਿਦਿਆਰਥੀ ਡਾਕਟਰ, ਇੰਜਨੀਅਰ, ਆਈਏਐੱਸ ਅਫਸਰ ਯੂਨੀਵਰਸਿਟੀ ਅਧਿਆਪਕ ਬਣਨਾ ਚਾਹੁੰਦੇ ਹੋਣ? ਜਾਂ ਲੋਕਾਂ ਨੂੰ ਨਕਾਰਨ ਦਾ ਕੋਈ ਹੋਰ ਢੰਗ ਉਪਲਬਧ ਹੈ? ਨੀਟ ਅਤੇ ਨੈੱਟ ਜਿਹੇ ਯੋਗਤਾ ਟੈੱਸਟਾਂ ਦਾ ਬਦਲ ਤਦ ਹੀ ਵਿਕਸਤ ਹੋ ਸਕਦਾ ਹੈ ਜੇ ਅਸੀਂ ਇਮਾਨਦਾਰੀ ਅਤੇ ਦਲੇਰੀ ਨਾਲ ਇਹ ਅਹਿਸਾਸ ਕਰੀਏ ਕਿ ਜੋ ਕੁਝ ਚੱਲ ਰਿਹਾ ਹੈ, ਉਹ ਗ਼ਲਤ ਹੈ। ਤਦ ਹੀ ਅਸੀਂ ਇੱਕ ਦੇਸ਼, ਇੱਕ ਪ੍ਰੀਖਿਆ ਜਿਹੇ ਵਿਚਾਰ ’ਤੇ ਕਿੰਤੂ ਕਰਨ ਅਤੇ ਚੋਣ ਕਰਨ ਦੇ ਵਿਕੇਂਦਰਿਤ ਪ੍ਰਕਿਰਿਆ ਅਪਣਾਉਣ ਜਾਂ ਕਾਲਜਾਂ, ਯੂਨੀਵਰਸਿਟੀਆਂ, ਅਕਾਦਮਿਕ ਸੰਸਥਾਵਾਂ ਨੂੰ ਆਪੋ-ਆਪਣੇ ਵਿਚਾਰਸ਼ੀਲ, ਕਲਪਨਾਸ਼ੀਲ ਖੋਜ ਮੁਖੀ ਪ੍ਰੀਖਿਆ ਜਾਂ ਦਾਖ਼ਲਾ ਟੈੱਸਟ ਲੈਣ ਵਿਉਂਤਣ ਦੇ ਤੌਰ-ਤਰੀਕੇ ਈਜਾਦ ਕਰਨ ਦੀ ਨਿਸਬਤਨ ਖ਼ੁਦਮੁਖ਼ਤਾਰੀ ਦੇਣ ਬਾਰੇ ਸੋਚਣ ਦੀ ਹਿੰਮਤ ਜੁਟਾ ਸਕਦੇ ਹਾਂ। ਇਹੀ ਇਕਮਾਤਰ ਰਾਹ ਹੈ ਜਿਸ ’ਤੇ ਚੱਲ ਕੇ ਅਸੀਂ ਕੋਚਿੰਗ ਕੇਂਦਰਾਂ ਨੂੰ ਗ਼ੈਰ-ਪ੍ਰਸੰਗਕ ਬਣਾ ਸਕਦੇ ਹਾਂ ਅਤੇ ਗਿਆਨ ਦੇ ਸੱਭਿਆਚਾਰ ਵਿੱਚ ਕੁਝ ਹੱਦ ਤੱਕ ਦਿਆਨਤਦਾਰੀ ਪੈਦਾ ਕਰ ਸਕਦੇ ਹਾਂ। ਕੀ ਐੱਨਟੀਏ ਦੇ ਟੈਕਨੋ ਮੈਨੇਜਰ ਇਸ ਮੂਲ ਸੱਚ ਨੂੰ ਸਮਝਣ ਦੇ ਸਮੱਰਥ ਹਨ?
*ਲੇਖਕ ਸਮਾਜ ਸ਼ਾਸਤਰੀ ਹੈ।