NEET-PG exam: ਨੀਟ-ਪੀਜੀ: ਸੁਪਰੀਮ ਕੋਰਟ ਵਿੱਚ ਸੁਣਵਾਈ ਟਲੀ
ਨਵੀਂ ਦਿੱਲੀ, 3 ਦਸੰਬਰ
NEET-PG exam: Hearing adjourned in SC till December 10: ਸੁਪਰੀਮ ਕੋਰਟ ਨੇ ਕੌਮੀ ਯੋਗਤਾ-ਕਮ-ਪ੍ਰਵੇਸ਼ ਪ੍ਰੀਖਿਆ (ਨੀਟ) ਪ੍ਰੀਖਿਆ ਵਿਚ ਪਾਰਦਰਸ਼ਤਾ ਦੀ ਕਮੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਅੱਜ ਸੁਣਵਾਈ ਟਾਲ ਦਿੱਤੀ ਹੈ। ਹੁਣ ਇਹ ਸੁਣਵਾਈ 10 ਦਸੰਬਰ ਨੂੰ ਹੋਵੇਗੀ। ਜਸਟਿਸ ਬੀ ਆਰ ਗਵੱਈ ਅਤੇ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਕਿਹਾ ਕਿ ਸਮੇਂ ਦੀ ਘਾਟ ਕਾਰਨ ਇਸ ਮਾਮਲੇ ਦੀ ਸੁਣਵਾਈ ਨਹੀਂ ਕਰ ਸਕੇ। ਸਰਵਉੱਚ ਅਦਾਲਤ ਦੀ ਵੈੱਬਸਾਈਟ ਅਨੁਸਾਰ ਹੁਣ ਇਸ ਮਾਮਲੇ ’ਤੇ 10 ਦਸੰਬਰ ਨੂੰ ਸੁਣਵਾਈ ਹੋਵੇਗੀ।
ਸੁਪਰੀਮ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਨੀਟ ਪੀਜੀ ਉਮੀਦਵਾਰਾਂ ਨੇ ਦਾਅਵਾ ਕੀਤਾ ਸੀ ਕਿ ਪ੍ਰੀਖਿਆ ਤੋਂ ਸਿਰਫ਼ ਤਿੰਨ ਦਿਨ ਪ੍ਰੀਖਿਆ ਦੇ ਢੰਗ ਵਿਚ ਬਦਲਾਅ ਕੀਤਾ ਗਿਆ ਜਿਸ ਦਾ ਵਿਦਿਆਰਥੀਆਂ ਦੀ ਕਾਰਗੁਜ਼ਾਰੀ ’ਤੇ ਅਸਰ ਪਿਆ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਪ੍ਰੀਖਿਆ ਦੇ ਸੰਚਾਲਨ ਵਿਚ ਪਾਰਦਰਸ਼ਤਾ ਦੀ ਘਾਟ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਇਸ ਪ੍ਰੀਖਿਆ ਵਿੱਚ ਪਾਰਦਰਸ਼ਤਾ ਯਕੀਨੀ ਬਣਾਉਣ ਲਈ 11 ਅਗਸਤ ਨੂੰ ਕਰਵਾਈ ਗਈ ਨੀਟ-ਪੀਜੀ 2024 ਦੀਆਂ ਉੱਤਰ ਕੁੰਜੀਆਂ, ਪ੍ਰਸ਼ਨ ਪੱਤਰਾਂ ਦਾ ਖੁਲਾਸਾ ਕਰਨ ਦੀ ਮੰਗ ਵਾਲੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗੀ। ਵਕੀਲ ਤਨਵੀ ਦੂਬੇ ਨੇ ਕਿਹਾ ਸੀ ਕਿ ਇਸ ਸਬੰਧੀ ਸੂਚਨਾ ਮੈਮੋਰੰਡਮ ਪ੍ਰਕਾਸ਼ਿਤ ਨਹੀਂ ਕੀਤਾ ਗਿਆ ਸੀ ਤੇ ਨਾ ਹੀ ਇਮਤਿਹਾਨਾਂ ਨੂੰ ਕਿਵੇਂ ਕਰਵਾਉਣ ਬਾਰੇ ਦੱਸਿਆ ਗਿਆ ਸੀ, ਇਸ ਬਾਰੇ ਕੋਈ ਮਿਆਰੀ ਅਪਰੇਟਿੰਗ ਪ੍ਰਕਿਰਿਆ ਵੀ ਨਹੀਂ ਸੀ। ਉਨ੍ਹਾਂ ਕਿਹਾ ਸੀ ਕਿ ਵਿਦਿਆਰਥੀ ਕੌਂਸਲਿੰਗ ਪ੍ਰਕਿਰਿਆ ਨੂੰ ਲੈ ਕੇ ਉਲਝਣ ਵਿੱਚ ਸਨ।