ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੀਟ ਪ੍ਰੀਖਿਆ ਵਿਵਾਦ: ਬਿਹਾਰ ਪੁਲੀਸ ਨੂੰ ਐੱਨਟੀਏ ਤੋਂ ਸੰਦਰਭ ਪ੍ਰਸ਼ਨ ਪੱਤਰ ਮਿਲੇ

07:31 AM Jun 23, 2024 IST

ਪਟਨਾ, 22 ਜੂਨ
ਬਿਹਾਰ ਪੁਲੀਸ ਨੇ ਕਥਿਤ ਨੀਟ-ਯੂਜੀ ਪੇਪਰ ਲੀਕ ਮਾਮਲੇ ’ਚ ਕੌਮੀ ਟੈਸਟਿੰਗ ਏਜੰਸੀ (ਐੱਨਟੀਏ) ਤੋਂ ਸੰਦਰਭ ਪ੍ਰਸ਼ਨ ਪੱਤਰ ਮਿਲਣ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਬਿਹਾਰ ਆਰਥਿਕ ਅਪਰਾਧ ਯੂਨਿਟ (ਈਓਯੂ) ਦੇ ਸੂਤਰਾਂ ਨੇ ਕਿਹਾ ਕਿ ਪਿਛਲੇ ਮਹੀਨੇ ਪਟਨਾ ’ਚ ਤਲਾਸ਼ੀ ਦੌਰਾਨ ਇਕ ਸੁਰੱਖਿਅਤ ਘਰ ਤੋਂ ਕਥਿਤ ਤੌਰ ’ਤੇ ਲੀਕ ਹੋਏ ਪ੍ਰਸ਼ਨ ਪੱਤਰਾਂ ਦੇ ‘ਸੜੇ ਹੋਏ ਟੁਕੜੇ’ ਬਰਾਮਦ ਕੀਤੇ ਗਏ ਸਨ ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜੇ ਜਾਣ ਤੋਂ ਪਹਿਲਾਂ ਸੰਦਰਭ ਪ੍ਰਸ਼ਨ ਪੱਤਰਾਂ ਨਾਲ ਮਿਲਾਣ ਕੀਤਾ ਜਾਵੇਗਾ। ਸੂਤਰਾਂ ਨੇ ਕਿਹਾ ਕਿ ਈਓਯੂ ਕੇਸ ’ਚ ਗ੍ਰਿਫ਼ਤਾਰ ਕੀਤੇ ਗਏ ਕੁਝ ਮੁਲਜ਼ਮਾਂ ਦਾ ਨਾਰਕੋ ਅਤੇ ਬਰੇਨ ਮੈਪਿੰਗ ਟੈਸਟ ਕਰਾਉਣ ਦੀ ਸੰਭਾਵਨਾ ਬਾਰੇ ਵੀ ਵਿਚਾਰ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਈਡੀ ਵੀ ਭ੍ਰਿਸ਼ਟਾਚਾਰ ਵਿਰੋਧੀ ਰੋਕੂ ਐਕਟ ਤਹਿਤ ਜਾਂਚ ਲਈ ਈਓਯੂ ਦੀ ਐੱਫਆਈਆਰ ਦੇ ਆਧਾਰ ’ਤੇ ਇਕ ਵੱਖਰੀ ਸ਼ਿਕਾਇਤ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਨੇ ਕਿਹਾ ਕਿ ਜਾਂਚ ਦੌਰਾਨ ਈਡੀ ਅਪਰਾਧ ਤੋਂ ਹਾਸਲ ਕਮਾਈ ਦੀ ਪਛਾਣ ਕਰੇਗੀ ਅਤੇ ਦੋਸ਼ੀਆਂ ਦੀਆਂ ਸੰਪਤੀਆਂ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਈਓਯੂ ਦੇ ਸਿਖਰਲੇ ਅਧਿਕਾਰੀ ਕੇਂਦਰ ਦੇ ਸਿੱਖਿਆ ਵਿਭਾਗ ਅਤੇ ਹੋਰ ਸਬੰਧਤ ਬਰਾਂਚਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਜਾਂਚ ਸਬੰਧੀ ਚਰਚਾ ਕਰਨ ਲਈ ਅੱਜ ਦਿੱਲੀ ਜਾ ਸਕਦੇ ਹਨ। ਬਿਹਾਰ ਪੁਲੀਸ ਦੇ ਸਾਬਕਾ ਡੀਜੀਪੀ ਅਭਿਆਨੰਦ ਨੇ ਖ਼ਬਰ ਏਜੰਸੀ ਨੂੰ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਨੀਟ-ਯੂਜੀ ਪ੍ਰੀਖਿਆ ’ਚ ਗੰਭੀਰ ਜੁਰਮ ਹੋਏ ਹਨ। ‘ਮੁੱਢਲੇ ਤੌਰ ’ਤੇ ਜਾਪਦਾ ਹੈ ਕਿ ਪੇਪਰ ਲੀਕ ਹੋਇਆ ਹੈ। ਹੁਣ ਤੱਕ ਇਕੱਠੇ ਕੀਤੇ ਗਏ ਸਬੂਤ ਵੀ ਇਸ ਵੱਲ ਇਸ਼ਾਰਾ ਕਰਦੇ ਹਨ। ਕੇਸ ਦੀ ਜਾਂਚ ਪੀਐੱਮਐੱਲਏ ਦੀਆਂ ਧਾਰਾਵਾਂ ਤਹਿਤ ਹੋਣੀ ਚਾਹੀਦੀ ਹੈ ਕਿਉਂਕਿ ਇਸ ’ਚ ਕਾਲਾ ਧਨ ਵੀ ਸ਼ਾਮਲ ਹੈ।’ ਈਓਯੂ ਸੂਤਰਾਂ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਾਂਚ ਦੌਰਾਨ ਆਪਣੇ ਬਿਆਨ ਬਦਲ ਰਹੇ ਹਨ। ਈਓਯੂ ਨੇ ਨੀਟ-ਯੂਜੀ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੇ ਦੋਸ਼ ਹੇਠ ਪਿਛਲੇ ਮਹੀਨੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। -ਪੀਟੀਆਈ

Advertisement

ਬਿਹਾਰ ਪੁਲੀਸ ਨੇ ਝਾਰਖੰਡ ਤੋਂ ਛੇ ਹੋਰ ਮੁਲਜ਼ਮ ਗ੍ਰਿਫ਼ਤਾਰ ਕੀਤੇ

ਦਿਓਘਰ: ਬਿਹਾਰ ਪੁਲੀਸ ਨੇ ਨੀਟ ਪ੍ਰੀਖਿਆ ’ਚ ਕਥਿਤ ਬੇਨਿਯਮੀਆਂ ਦੇ ਸਬੰਧ ’ਚ ਝਾਰਖੰਡ ਦੇ ਦਿਓਘਰ ਜ਼ਿਲ੍ਹੇ ਤੋਂ ਛੇ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ। ਸਾਰੇ ਸ਼ੱਕੀਆਂ ਨੂੰ ਬਿਹਾਰ ਲਿਜਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਰਾਤ ਦੇਵੀਪੁਰ ਪੁਲੀਸ ਸਟੇਸ਼ਨ ਇਲਾਕੇ ਦੇ ਏਮਸ-ਦਿਓਘਰ ਨੇੜਿਉਂ ਇਕ ਘਰ ਤੋਂ ਹਿਰਾਸਤ ’ਚ ਲਿਆ ਗਿਆ। ਐੱਸਡੀਪੀਓ (ਦਿਓਘਰ ਸਦਰ) ਰਿਤਵਿਕ ਸ੍ਰੀਵਾਸਤਵ ਨੇ ਦੱਸਿਆ ਕਿ ਬਿਹਾਰ ਪੁਲੀਸ ਨੇ ਉਨ੍ਹਾਂ ਨੂੰ ਇਕ ਸੂਹ ਦੇ ਆਧਾਰ ’ਤੇ ਜਾਣਕਾਰੀ ਦਿੱਤੀ ਸੀ ਜਿਸ ਮਗਰੋਂ ਮੁਲਜ਼ਮਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਮੁਲਜ਼ਮਾਂ ਦੀ ਪਛਾਣ ਪਰਮਜੀਤ ਸਿੰਘ ਉਰਫ਼ ਬਿੱਟੂ, ਚਿੰਟੂ ਉਰਫ਼ ਬਲਦੇਵ ਕੁਮਾਰ, ਕਾਜੂ ਉਰਫ਼ ਪ੍ਰਸ਼ਾਂਤ ਕੁਮਾਰ, ਅਜੀਤ ਕੁਮਾਰ, ਰਾਜੀਵ ਕੁਮਾਰ ਉਰਫ਼ ਕਾਰੂ ਅਤੇ ਪੰਕੂ ਕੁਮਾਰ (ਸਾਰੇ ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਵਸਨੀਕ) ਵਜੋਂ ਹੋਈ ਹੈ। -ਪੀਟੀਆਈ

Advertisement
Advertisement