ਨੀਰੂ ਬਾਜਵਾ ਨੇ ਨੀਲੇ ਰੰਗ ਦੇ ਕੱਪੜਿਆਂ ’ਚ ਤਸਵੀਰ ਕੀਤੀ ਸਾਂਝੀ
ਮੁੰਬਈ: ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਅੱਜ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। ਤਸਵੀਰ ਵਿੱਚ ਉਹ ਸ਼ੀਸ਼ੇ ਸਾਹਮਣੇ ਖੜ੍ਹੀ ਨਜ਼ਰ ਆ ਰਹੀ ਹੈ। ਉਸ ਨੇ ਨੀਲੇ ਰੰਗ ਦੇ ਕੱਪੜੇ ਪਾਏ ਹਨ ਅਤੇ ਆਪਣੀ ਦਿੱਖ ਹੋਰ ਨਿਖਾਰਨ ਲਈ ‘ਝੁਮਕੇ,’ ‘ਕੋਕਾ’ ਅਤੇ ‘ਮਾਂਗ ਟਿੱਕਾ’ ਲਾਇਆ ਹੋਇਆ ਹੈ। ਉਸ ਨੇ ਬਹੁਤ ਘੱਟ ਮੇਕਅਪ ਕੀਤਾ ਹੋਇਆ ਹੈ। ਤਸਵੀਰ ਦੀ ਕੈਪਸ਼ਨ ਵਿੱਚ ਉਸ ਨੇ ਸਿਰਫ ‘ਨੀਲੇ ਦਿਲ’ ਵਾਲਾ ਈਮੋਜੀ ਸਾਂਝਾ ਕੀਤਾ ਅਤੇ ਪਿੱਛੇ ਫਿਲਮ ‘ਜੱਟ ਐਂਡ ਜੂਲੀਅਟ 3’ ਦਾ ਗੀਤ ਲਾਇਆ ਹੋਇਆ ਹੈ। ਨੀਰੂ ਇਸ ਫਿਲਮ ਵਿੱਚ ਦਿਲਜੀਤ ਦੋਸਾਂਝ ਨਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਫਿਲਮ ਦਾ ਨਿਰਦੇਸ਼ਨ ਜਗਦੀਪ ਸਿੱਧੂ ਨੇ ਕੀਤਾ ਹੈ ਅਤੇ ਇਹ 2012 ਵਿੱਚ ਰਿਲੀਜ਼ ਹੋਈ ਫਿਲਮ ‘ਜੱਟ ਐਂਡ ਜੂਲੀਅਟ’ ਦਾ ਤੀਜਾ ਹਿੱਸਾ ਹੈ। ਫਿਲਮ ਦਾ ਦੂਜਾ ਭਾਗ 2013 ਵਿੱਚ ਰਿਲੀਜ਼ ਹੋਇਆ ਸੀ। ਨੀਰੂ ਨੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ 2005 ਵਿੱਚ ਹਿੰਦੀ ਟੀਵੀ ਸ਼ੋਅ ‘ਹਰੀ ਮਿਰਚੀ ਲਾਲ ਮਿਰਚੀ ’ ਨਾਲ ਕੀਤੀ ਸੀ। ਇਸ ਮਗਰੋਂ 2013 ਵਿੱਚ ਉਸ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਉਸ ਨੇ ਪਹਿਲੀ ਪੰਜਾਬੀ ਫਿਲਮ ‘ਸਾਡੀ ਲਵ ਸਟੋਰੀ’ ਕੀਤੀ ਸੀ ਜਿਸ ਵਿੱਚ ਦਿਲਜੀਤ ਦੋਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਵੀ ਨਜ਼ਰ ਆਏ ਸਨ। ਇਸ ਤੋਂ ਬਾਅਦ ਉਸ ਨੇ ਇੱਕ ਤੋਂ ਬਾਅਦ ਇੱਕ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਕੇ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ। ਉਹ ਹੁਣ ਤੱਕ ‘ਜੱਟ ਐਂਡ ਜੂਲੀਅਟ’, ‘ਸਰਗੀ’. ‘ਆ ਗਏ ਮੁੰਡੇ ਯੂਕੇ ਦੇ’, ‘ਪਰੋਪਰ ਪਟੋਲਾ’, ‘ਲੌਂਗ ਲਾਚੀ’ ਅਤੇ ‘ਮਾਂ ਦਾ ਲਾਡਲਾ’ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। -ਆਈਏਐੱਨਐੱਸ