ਲਗਾਤਾਰ ਦੂਜੇ ਸੋਨ ਤਗ਼ਮੇ ਲਈ ਪੂਰੀ ਵਾਹ ਲਾਵੇਗਾ ਨੀਰਜ ਚੋਪੜਾ
ਪੈਰਿਸ, 7 ਅਗਸਤ
ਨੀਰਜ ਚੋਪੜਾ ਨੇ ਕੁਆਲੀਫਿਕੇਸ਼ਨ ਰਾਊਂਡ ਵਿੱਚ 89.34 ਮੀਟਰ ਨੇਜ਼ਾ ਸੁੱਟ ਕੇ ਆਪਣੇ ਵਿਰੋਧੀਆਂ ਨੂੰ ਸਖ਼ਤ ਸੰਦੇਸ਼ ਦਿੱਤਾ ਪਰ ਮੌਜੂਦਾ ਓਲੰਪਿਕ ਚੈਂਪੀਅਨ ਨੂੰ ਭਲਕੇ ਇੱਥੇ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਨਵਾਂ ਅਧਿਆਏ ਜੋੜਨ ਲਈ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਨੀਰਜ ਨੇ ਟੋਕੀਓ ਓਲੰਪਿਕ ਵਾਂਗ ਇੱਥੇ ਵੀ ਕੁੱਝ ਸੈਕਿੰਡ ਵਿੱਚ ਫਾਈਨਲ ਲਈ ਕੁਆਲੀਫਾਈ ਕਰ ਲਿਆ ਸੀ ਪਰ ਐਤਕੀਂ ਪਿਛਲੇ ਓਲੰਪਿਕ ਦੇ ਮੁਕਾਬਲੇ ਵੱਧ ਚੁਣੌਤੀਆਂ ਹਨ।
ਕੁੱਲ ਨੌਂ ਖਿਡਾਰੀਆਂ ਵਿੱਚੋਂ ਪੰਜ ਨੇ ਨੀਰਜ ਵਾਂਗ ਆਪਣੇ ਪਹਿਲੇ ਥਰੋਅ ਵਿੱਚ ਹੀ ਫਾਈਨਲ ’ਚ ਜਗ੍ਹਾ ਬਣਾ ਲਈ ਸੀ। ਭਾਰਤ ਦਾ ਇਹ 26 ਸਾਲਾ ਖਿਡਾਰੀ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਹੈ ਕਿਉਂਕਿ ਉਹ ਕੌਮਾਂਤਰੀ ਪੱਧਰ ’ਤੇ ਪਿਛਲੇ ਅੱਠ ਸਾਲਾਂ ਤੋਂ ਚੁਣੌਤੀ ਪੇਸ਼ ਕਰ ਰਿਹਾ ਹੈ। ਨੀਰਜ ਨੇ ਮੈਦਾਨ ’ਤੇ ਕੁੱਝ ਸਮਾਂ ਬਿਤਾਉਣ ਮਗਰੋਂ ਗੱਲਬਾਤ ਕਰਦਿਆਂ ਕਿਹਾ, ‘‘ਫਾਈਨਲ ਵਿੱਚ ਹਰੇਕ ਖਿਡਾਰੀ ਦੀ ਆਪਣੀ ਵੱਖਰੀ ਮਾਨਸਿਕਤਾ ਅਤੇ ਵੱਖਰੀ ਸਥਿਤੀ ਹੁੰਦੀ ਹੈ। ਜਿਸ ਨੇ ਕੁਆਲੀਫਾਈ ਕੀਤਾ ਹੈ, ਉਸ ਨੇ ਆਪਣੇ ਤਰਫ਼ੋਂ ਸਰਵੋਤਮ ਤਿਆਰੀ ਕੀਤੀ ਹੋਈ ਹੈ।’’ ਉਹ ਇਸ ਮਗਰੋਂ ਤੁਰੰਤ ਹੀ ਖੇਡ ਪਿੰਡ ਪਰਤ ਗਿਆ ਤਾਂ ਕਿ ਫਾਈਨਲ ਤੋਂ ਪਹਿਲਾਂ ਆਰਾਮ ਕਰ ਸਕੇ ਕਿਉਂਕਿ ਕਾਫ਼ੀ ਕੁੱਝ ਦਾਅ ’ਤੇ ਲੱਗਿਆ ਹੈ। ਨੀਰਜ ਫਾਈਨਲ ਵਿੱਚ ਓਲੰਪਿਕ ਦੇ ਇਤਿਹਾਸ ਵਿੱਚ ਖਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਪੁਰਸ਼ ਨੇਜ਼ਾ ਸੁੱਟਣ ਵਾਲਾ ਖਿਡਾਰੀ ਬਣਨ ਦੇ ਇਰਾਦੇ ਨਾਲ ਉੱਤਰੇਗਾ। ਜੇਕਰ ਉਹ ਖਿਤਾਬ ਜਿੱਤਦਾ ਹੈ ਤਾਂ ਓਲੰਪਿਕ ਵਿਅਕਤੀਗਤ ਵਰਗ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਵੀ ਬਣੇਗਾ। ਹਾਲਾਂਕਿ ਜੇਕਰ ਨੀਰਜ ਕੋਈ ਵੀ ਤਗ਼ਮਾ ਆਪਣੇ ਨਾਂ ਕਰਦਾ ਹੈ ਤਾਂ ਵੀ ਉਹ ਦੇਸ਼ ਦੇ ਆਜ਼ਾਦ ਹੋਣ ਮਗਰੋਂ ਦੋ ਵਿਅਕਤੀਗਤ ਓਲੰਪਿਕ ਤਗ਼ਮੇ ਜਿੱਤਣ ਵਾਲਾ ਚੌਥਾ ਭਾਰਤੀ ਖਿਡਾਰੀ ਹੋਵੇਗਾ। -ਪੀਟੀਆਈ