ਨੀਰਜ ਚੋਪੜਾ ਵਿਆਹ ਦੇ ਬੰਧਨ ਵਿੱਚ ਬੱਝਿਆ
ਨਵੀਂ ਦਿੱਲੀ, 19 ਜਨਵਰੀ
ਓਲੰਪਿਕ ਖੇਡਾਂ ਵਿੱਚ ਭਾਰਤ ਲਈ ਨੇਜ਼ਾ ਸੁੱਟਣ ’ਚ ਤਗ਼ਮੇ ਜਿੱਤਣ ਵਾਲੇ ਨੀਰਜ ਚੋਪੜਾ (27) ਨੇ ਵਿਆਹ ਕਰਵਾ ਲਿਆ ਹੈ। ਉਸ ਨੇ ਇਸ ਗੱਲ ਦਾ ਖੁਲਾਸਾ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਕੀਤਾ। ਸੋਸ਼ਲ ਮੀਡੀਆ ਉੱਤੇ ਪਾਈ ਇਕ ਪੋਸਟ ਵਿੱਚ ਉਸ ਨੇ ਆਪਣੇ ਵਿਆਹ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਸੋਨੀਪਤ ਦੀ ਹਿਮਾਨੀ ਮੋਰ ਉਸ ਦੀ ਜੀਵਨ ਸਾਥਣ ਬਣ ਗਈ ਹੈ।
ਉਨ੍ਹਾਂ ਇੰਸਟਾਗ੍ਰਾਮ ’ਤੇ ਆਪਣੇ ਵਿਆਹ ਦੀਆ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਜੀਵਨ ਦੇ ਨਵੇਂ ਅਧਿਆਏ ਦੀ ਸ਼ੁਰੂਆਤ ਆਪਣੇ ਪਰਿਵਾਰ ਨਾਲ ਕਰ ਰਿਹਾ ਹਾਂ। ਹਰੇਕ ਉਸ ਆਸ਼ੀਰਵਾਦ ਲਈ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਸਦਕਾ ਅਸੀਂ ਇੱਕ ਹੋ ਸਕੇ ਹਾਂ।’’ ਤਸਵੀਰਾਂ ਵਿੱਚ ਉਹ ਵਿਆਹ ਦੀਆਂ ਰਸਮਾਂ ਨਿਭਾਉਂਦੇ ਹੋਏ ਦਿਖਾਈ ਦੇ ਰਹੇ ਹਨ। ਨੀਰਜ ਚੋਪੜਾ ਦੇ ਰਿਸ਼ਤੇਦਾਰ ਭੀਮ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਵਿਆਹ ਦੋ ਦਿਨ ਪਹਿਲਾਂ ਦੇਸ਼ ਵਿੱਚ ਹੀ ਹੋਇਆ ਹੈ ਅਤੇ ਜੋੜਾ ਹਨੀਮੂਨ ਲਈ ਚਲਾ ਗਿਆ ਹੈ। ਚੋਪੜਾ ਦੀ ਪਤਨੀ ਹਿਮਾਨੀ ਮੋਰ ਅਮਰੀਕਾ ਵਿੱਚ ਪੜ੍ਹ ਰਹੀ ਹੈ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ਵਿੱਚ ਸੋਨੇ ਅਤੇ ਪਿਛਲੇ ਸਾਲ ਹੋਈਆਂ ਪੈਰਿਸ ਓਲੰਪਿਕ ਖੇਡਾਂ ’ਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ