ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਲਮੀ ਨਕਸ਼ੇ ’ਤੇ ਸੁਨਹਿਰੀ ਪੈੜਾਂ ਪਾਉਣ ਵਾਲਾ ਨੀਰਜ ਚੋਪੜਾ

11:03 AM Aug 24, 2024 IST

ਨਵਦੀਪ ਸਿੰਘ ਗਿੱਲ

ਅਥਲੀਟ ਨੀਰਜ ਚੋਪੜਾ ਭਾਰਤੀ ਖੇਡ ਜਗਤ ਦਾ ਧਰੂ ਤਾਰਾ ਹੈ। ਪੈਰਿਸ ਵਿਖੇ ਓਲੰਪਿਕ ਖੇਡਾਂ ਵਿੱਚ ਜੈਵਲਿਨ ਥਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤ ਕੇ ਉਹ ਭਾਰਤ ਦਾ ਇਕਲੌਤਾ ਖਿਡਾਰੀ ਬਣ ਗਿਆ ਜਿਸ ਨੇ ਓਲੰਪਿਕ ਖੇਡਾਂ ਦੇ ਵਿਅਕਤੀਗਤ ਮੁਕਾਬਲਿਆਂ ਵਿੱਚ ਇੱਕ-ਇੱਕ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਿਆ ਹੋਵੇ। ਇਸ ਤੋਂ ਪਹਿਲਾਂ ਸੁਸ਼ੀਲ ਕੁਮਾਰ ਤੇ ਪੀ.ਵੀ.ਸਿੰਧੂ ਤੇ ਸੁਸ਼ੀਲ ਕੁਮਾਰ ਨੇ ਇੱਕ-ਇੱਕ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮਨੂ ਭਾਕਰ ਨੇ ਦੋ ਕਾਂਸੀ ਦੇ ਤਗ਼ਮੇ ਜਿੱਤੇ ਹਨ। ਆਜ਼ਾਦੀ ਤੋਂ ਪਹਿਲਾਂ 1900 ਦੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਨਾਰਮਨ ਪਿਚਰਡ ਨੇ ਦੋ ਚਾਂਦੀ ਦੇ ਤਗ਼ਮੇ ਜਿੱਤੇ ਸਨ। ਸੋਨੇ ਦੇ ਨਾਲ ਇੱਕ ਹੋਰ ਚਾਂਦੀ ਦਾ ਤਗ਼ਮਾ ਜਿੱਤਣ ਵਾਲਾ ਨੀਰਜ ਚੋਪੜਾ ਪਹਿਲਾ ਅਥਲੀਟ ਬਣਿਆ ਹੈ।
ਉਸ ਦੀ ਇਹ ਪ੍ਰਾਪਤੀ ਖੇਡਾਂ ਦੀ ਮਾਂ ਖੇਡ ਆਖੀ ਜਾਂਦੀ ਅਥਲੈਟਿਕਸ ਵਿੱਚ ਆਈ ਹੈ ਜਿਸ ਨੂੰ ਜਾਨ ਹਲੂਣਵੀਂ ਖੇਡ ਵੀ ਆਖਿਆ ਜਾਂਦਾ ਹੈ। ਉਹ ਅਥਲੈਟਿਕਸ ਵਿੱਚ ਓਲੰਪਿਕ ਖੇਡਾਂ ਅਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਇੱਕ-ਇੱਕ ਸੋਨੇ ਤੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਅਭਿਨਵ ਬਿੰਦਰਾ ਓਲੰਪਿਕਸ ਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਇੱਕ-ਇੱਕ ਸੋਨੇ ਦਾ ਤਗ਼ਮਾ ਜਿੱਤਣ ਵਾਲਾ ਖਿਡਾਰੀ ਸੀ। ਨੀਰਜ ਦੀ ਸਭ ਤੋਂ ਵੱਡੀ ਖਾਸੀਅਤ ਉਸ ਦੀ ਖੇਡ ਵਿੱਚ ਇਕਾਗਰਤਾ ਹੈ। ਉਸ ਦਾ ਕਦੇ ਵੀ ਧਿਆਨ ਨਹੀਂ ਭਟਕਦਾ ਅਤੇ ਨਾ ਹੀ ਉਹ ਸੋਸ਼ਲ ਮੀਡੀਆ ਉੱਪਰ ਜ਼ਿਆਦਾ ਸਰਗਰਮ ਰਹਿੰਦਾ ਹੈ।
ਨੀਰਜ ਚੋਪੜਾ ਨੇ ਅਥਲੈਟਿਕਸ ਵਿੱਚ ਇੱਕ ਦਹਾਕਾ ਕਰੀਅਰ ਦੌਰਾਨ ਆਲਮੀ ਨਕਸ਼ੇ ’ਤੇ ਸੁਨਹਿਰੀ ਪੈੜਾਂ ਛੱਡੀਆਂ ਹਨ। ਦੁਨੀਆ ਦੇ ਹਰ ਵੱਡੇ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਉਹ ਇਕਲੌਤਾ ਤੇ ਪਲੇਠਾ ਖਿਡਾਰੀ ਵੀ ਹੈ। ਓਲੰਪਿਕ ਖੇਡਾਂ, ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, ਡਾਇਮੰਡ ਲੀਗ, ਏਸ਼ਿਆਈ ਖੇਡਾਂ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਅਥਲੈਟਿਕਸ ਚੈਂਪੀਅਨਸ਼ਿਪ, ਸੈਫ ਖੇਡਾਂ, ਜੂਨੀਅਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਤੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਸਾਰੇ ਮੁਕਾਬਲਿਆਂ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਗੋਲਡਨ ਬੌਇ ਨੀਰਜ ਚੋਪੜਾ ਇਸ ਵਕਤ ਭਾਰਤੀ ਖੇਡ ਜਗਤ ਦਾ ਧਰੂ ਤਾਰਾ ਹੈ। 2016 ਵਿੱਚ ਉਸ ਨੇ 86.48 ਮੀਟਰ ਦੀ ਥਰੋਅ ਨਾਲ ਜੂਨੀਅਰ ਵਿਸ਼ਵ ਰਿਕਾਰਡ ਵੀ ਬਣਾਇਆ। ਉਹ 89.94 ਥਰੋਅ ਨਾਲ ਇਸ ਵੇਲੇ ਕੌਮੀ ਰਿਕਾਰਡ ਹੋਲਡਰ ਵੀ ਹੈ। ਪੈਰਿਸ ਵਿਖੇ ਉਸ ਨੇ 89.45 ਮੀਟਰ ਥਰੋਅ ਨਾਲ ਆਪਣੇ ਮੌਜੂਦਾ ਸੀਜ਼ਨ ਦੀ ਸਰਵੋਤਮ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 92.97 ਮੀਟਰ ਦੀ ਥਰੋਅ ਨਾਲ ਨਵਾਂ ਓਲੰਪਿਕ ਰਿਕਾਰਡ ਬਣਾਉਂਦਿਆਂ ਸੋਨੇ ਦਾ ਤਗ਼ਮਾ ਜਿੱਤਿਆ ਹੈ। ਗ੍ਰਨੇਡਾ ਦੇ ਐਂਡਰਸਨ ਪੀਟਰਜ਼ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਓਲੰਪਿਕ ਖੇਡਾਂ ਦੇ ਜੈਵਲਿਨ ਥਰੋਅ ਮੁਕਾਬਲਿਆਂ ਦੇ 116 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੋਈ ਯੂਰੋਪੀਅਨ ਅਥਲੀਟ ਨੇ ਕੋਈ ਤਗ਼ਮਾ ਨਹੀਂ ਜਿੱਤਿਆ।
ਨੀਰਜ ਚੋਪੜਾ ਨੇ ਪਿਛਲੇ ਸਾਲ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਬੁੱਢਾਪੇਸਟ ਵਿਖੇ 88.17 ਮੀਟਰ ਥਰੋਅ ਨਾਲ ਸੋਨ ਤਗ਼ਮਾ ਜਿੱਤਿਆ ਸੀ। ਉਦੋਂ ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਥਰੋਅ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚੈੱਕ ਗਣਰਾਜ ਦੇ ਜੈਕਬ ਵੈਡਲੈਚ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ।
ਉਸ ਦਾ ਜਨਮ 24 ਦਸੰਬਰ, 1997 ਨੂੰ ਹਰਿਆਣਾ ਦੇ ਇਤਿਹਾਸਕ ਕਸਬੇ ਪਾਣੀਪਤ ਨੇੜਲੇ ਪਿੰਡ ਖੰਡਰਾ ਵਿਖੇ ਸਾਧਾਰਨ ਕਿਸਾਨ ਪਰਿਵਾਰ ਵਿੱਚ ਹੋਇਆ। ਸਤੀਸ਼ ਕੁਮਾਰ ਤੇ ਸਰੋਜ ਦੇਵੀ ਦੇ ਘਰ ਪੈਦਾ ਹੋਇਆ ਨੀਰਜ ਸਾਂਝੇ ਪਰਿਵਾਰ ਵਿੱਚ ਪਲਿਆ, ਜਿਸ ਦਾ ਖੇਡਾਂ ਨਾਲ ਕੋਈ ਵਾਹ-ਵਾਸਤਾ ਨਹੀਂ ਸੀ। ਨੀਰਜ ਦੇ ਪਿਤਾ ਹੁਰੀਂ ਚਾਰ ਭਰਾ ਤੇ ਇੱਕ ਭੈਣ ਹੈ। ਇਹ ਚਾਰੇ ਭਰਾ ਹੁਣ ਵੀ ਸਾਂਝੇ ਪਰਿਵਾਰ ਵਿੱਚ ਰਹਿੰਦੇ ਹਨ। ਨੀਰਜ ਦੇ ਨੌਂ ਚਚੇਰੇ ਭੈਣ-ਭਰਾ ਹਨ, ਜਿਨ੍ਹਾਂ ਵਿੱਚ ਪੰਜ ਭਰਾ ਤੇ ਚਾਰ ਭੈਣਾਂ ਹਨ। ਨੀਰਜ ਦੀਆਂ ਦੋ ਸਕੀਆਂ ਭੈਣਾਂ ਉਸ ਤੋਂ ਛੋਟੀਆਂ ਹਨ, ਜਿਨ੍ਹਾਂ ਦੇ ਨਾਮ ਸੰਗੀਤਾ ਤੇ ਸਰਿਤਾ ਹੈ। ਘਰ ਵਿੱਚ ਦੁੱਧ-ਘਿਓ ਖੁੱਲ੍ਹਾ ਸੀ। ਨੀਰਜ ਨੂੰ ਵੀ ਮਲਾਈ ਬੂਰਾ ਤੇ ਸ਼ੱਕਰ ਖਾਣੀ ਬਹੁਤ ਪਸੰਦ ਸੀ।
11-12 ਵਰ੍ਹਿਆਂ ਦੀ ਉਮਰੇ ਉਸ ਦਾ ਭਾਰ ਉਮਰ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਸੀ। ਕੁੜਤਾ-ਪਜਾਮਾ ਪਾ ਕੇ ਭਾਰੀ-ਭਰਕਮ ਸਰੀਰ ਨਾਲ ਜਦੋਂ ਉਹ ਪਿੰਡ ਵਿੱਚ ਨਿਕਲਦਾ ਤਾਂ ਸਾਰੇ ਜਣੇ ਉਸ ਨੂੰ ‘ਸਰਪੰਚ’ ਆਖ ਕੇ ਬੁਲਾਉਂਦੇ। ਪਰਿਵਾਰ ਨੂੰ ਨੀਰਜ ਦੇ ਵੱਧ ਭਾਰ ਦਾ ਫ਼ਿਕਰ ਹੋਣ ਲੱਗਾ। ਉਨ੍ਹਾਂ ਆਪਣੇ ਲਾਡਲੇ ਨੂੰ ਕਸਰਤ ਲਈ ਜਿੰਮ ਭੇਜਣ ਦਾ ਫ਼ੈਸਲਾ ਕੀਤਾ। ਉਸ ਵੇਲੇ ਪਰਿਵਾਰ ਨੇ ਸੋਚਿਆ ਨਹੀਂ ਹੋਵੇਗਾ ਕਿ ਭਾਰ ਘਟਾਉਣ ਲਈ ਉਸ ਨੂੰ ਖੇਡ ਮੈਦਾਨ ਭੇਜਣਾ ਇੱਕ ਦਿਨ ਇੰਨਾ ਰਾਸ ਆਵੇਗਾ ਕਿ ਉਹ ਜੱਗ ਜੇਤੂ ਅਥਲੀਟ ਬਣੇਗਾ। ਉਸ ਨੇ ਜੈਵਲਿਨ ਪਹਿਲੀ ਵਾਰ 13 ਵਰ੍ਹਿਆਂ ਦੀ ਉਮਰੇ ਪਾਣੀਪਤ ਦੇ ਸ਼ਿਵਾਜੀ ਸਟੇਡੀਅਮ ਵਿੱਚ ਸੁੱਟੀ ਸੀ। ਉਸ ਦਾ ਮੁੱਢਲਾ ਕੋਚ ਜੈਵੀਰ ਚੌਧਰੀ ਤੇ ਫਿਟਨੈੱਸ ਟਰੇਨਰ ਜਿਤੇਂਦਰ ਜਾਗਲਾਨ ਸੀ। ਨਵੇਂ ਬਾਲਕ ਵੱਲੋਂ 30 ਮੀਟਰ ਦੇ ਕਰੀਬ ਥਰੋਅ ਸੁੱਟੀ ਗਈ, ਜਦੋਂ ਕਿ ਇੱਕ-ਦੋ ਸਾਲ ਪ੍ਰੈਕਟਿਸ ਕਰਨ ਤੋਂ ਬਾਅਦ ਵੀ ਉਸ ਦੀ ਉਮਰ ਦੇ ਖਿਡਾਰੀ 25 ਮੀਟਰ ਥਰੋਅ ਮਸਾਂ ਸੁੱਟਦੇ ਹਨ। ਪਾਣੀਪਤ ਰਹਿੰਦਿਆਂ ਨੀਰਜ ਨੇ ਪਹਿਲੀ ਵਾਰ ਜ਼ਿਲ੍ਹਾ ਚੈਂਪੀਅਨਸ਼ਿਪ ਜਿੱਤੀ ਜੋ ਉਸ ਦੇ ਕਰੀਅਰ ਦੀ ਪਹਿਲੀ ਪ੍ਰਾਪਤੀ ਸੀ।
ਸਾਲ 2010-11 ਵਿੱਚ ਨੀਰਜ ਨੇ ਚੰਡੀਗੜ੍ਹ ਦੇ ਡੀ.ਏ.ਵੀ. ਕਾਲਜ ਵਿਖੇ ਦਾਖਲਾ ਲਿਆ। ਖੇਡਾਂ ਵਾਸਤੇ ਉਹ ਪੰਚਕੂਲਾ ਦੇ ਤਾਓ ਦੇਵੀ ਲਾਲ ਸਟੇਡੀਅਮ ਵਿਖੇ ਰਨਿੰਗ ਕੋਚ ਨਸੀਮ ਅਹਿਮਦ ਦੇ ਲੜ ਲੱਗ ਗਿਆ। ਨੀਰਜ ਵਿੱਚ ਸਿੱਖਣ ਦੀ ਲਗਨ ਇੰਨੀ ਸੀ ਕਿ ਉਹ ਯੂ ਟਿਊਬ ਤੋਂ ਚੈੱਕ ਗਣਰਾਜ ਦੇ ਵਿਸ਼ਵ ਪ੍ਰਸਿੱਧ ਜੈਵਲਿਨ ਥਰੋਅਰ ਜੇਨ ਜੇਲੇਜ਼ਨੀ ਦੀਆਂ ਵੀਡਿਓ ਡਾਊਨਲੋਡ ਕਰਕੇ ਉਸ ਨੂੰ ਵਾਰ-ਵਾਰ ਦੇਖਦਾ ਅਤੇ ਫਿਰ ਉਸ ਵਾਂਗ ਥਰੋਅ ਸੁੱਟਣ ਦੀ ਕੋਸ਼ਿਸ਼ ਕਰਦਾ।
ਸਾਲ 2019 ਵਿੱਚ ਉਹ ਆਪਣੀ ਕੂਹਣੀ ਦੇ ਆਪਰੇਸ਼ਨ ਕਾਰਨ ਅਥਲੈਟਿਕ ਫੀਲਡ ਤੋਂ ਬਾਹਰ ਰਿਹਾ। ਇਹ ਸਮਾਂ ਉਸ ਲਈ ਬੜਾ ਮੁਸ਼ਕਲ ਤੇ ਚੁਣੌਤੀ ਭਰਿਆ ਸੀ। ਉਸ ਸਮੇਂ ਉਹ ਜਰਮਨੀ ਦੇ ਕਲੌਜ਼ ਬਾਰਟੋਨੀਟਜ਼ ਤੋਂ ਕੋਚਿੰਗ ਲੈ ਰਿਹਾ ਸੀ। ਇਸ ਤੋਂ ਪਹਿਲਾਂ ਉਸ ਨੇ ਗੈਰੀ ਕਾਲਵੈਰਟ, ਵਾਰਨਰ ਡੈਨੀਅਲਜ਼ ਤੇ ਯੂਵੀ ਹੌਨ ਤੋਂ ਵੀ ਕੋਚਿੰਗ ਲਈ ਸੀ। ਨੀਰਜ ਨੇ ਓਲੰਪਿਕਸ ਤੋਂ ਪਹਿਲਾਂ ਸਵੀਡਨ ਦੇ ਉਪਸਾਲਾ ਵਿਖੇ ਕਲੌਸ ਦੀ ਨਿਗਰਾਨੀ ਹੇਠ ਟ੍ਰੇਨਿੰਗ ਕੀਤੀ। 2022 ਵਿੱਚ ਵਿਸ਼ਵ ਚੈਂਪੀਅਨਸ਼ਿਪ ਦੀ ਤਿਆਰੀ ਨੂੰ ਦੇਖਦਿਆਂ ਉਸ ਨੇ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਹਿੱਸਾ ਨਹੀਂ ਲਿਆ ਸੀ। ਉਸ ਦਾ ਨਿਸ਼ਾਨਾ ਹਮੇਸ਼ਾ ਵੱਡੇ ਟੂਰਨਾਮੈਂਟ ਵਿੱਚ ਵੱਡੀ ਪ੍ਰਾਪਤੀ ਕਰਨ ਦਾ ਹੁੰਦਾ ਹੈ। ਉਸ ਨੇ ਸਾਲ 2022 ਵਿੱਚ ਅਮਰੀਕਾ ਦੇ ਔਰੇਗਨ ਵਿਖੇ ਹੋਈ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। 2022 ਵਿੱਚ ਹੋਈ ਡਾਇਮੰਡ ਲੀਗ ਵਿੱਚ ਉਸ ਨੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਸਾਲ 2023 ਵਿੱਚ ਡਾਇਮੰਡ ਲੀਗ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਅਤੇ ਹਾਂਗਜ਼ੂ ਵਿਖੇ ਹੋਈਆਂ ਏਸ਼ਿਆਈ ਖੇਡਾਂ ਵਿੱਚ ਸੋਨੇ ਦਾ ਤਗ਼ਮਾ ਜਿੱਤਦਿਆਂ ਲਗਾਤਾਰ ਦੋ ਵਾਰ ਏਸ਼ਿਆਈ ਖੇਡਾਂ ਦਾ ਚੈਂਪੀਅਨ ਬਣਿਆ।
ਨੀਰਜ ਚੋਪੜਾ ਨੂੰ ਭਾਰਤ ਸਰਕਾਰ ਵੱਲੋਂ ‘ਪਦਮ ਸ਼੍ਰੀ’, ‘ਮੇਜਰ ਧਿਆਨ ਚੰਦ ਖੇਡ ਰਤਨ’ ਤੇ ‘ਅਰਜਨ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ ਹੈ। 4 ਰਾਜਪੂਤਾਨਾ ਰਾਈਫਲਜ਼ ਵਿੱਚ ਸੂਬੇਦਾਰ ਮੇਜਰ ਵਜੋਂ ਤਾਇਨਾਤ ਨੀਰਜ ਨੂੰ ਭਾਰਤੀ ਫੌਜ ਵੱਲੋਂ ‘ਪਰਮ ਵਿਸ਼ਿਸ਼ਟ ਸੇਵਾ ਮੈਡਲ’ ਤੇ ‘ਵਿਸ਼ਿਸ਼ਟ ਸੇਵਾ ਮੈਡਲ’ ਨਾਲ ਸਨਮਾਨਿਤ ਕੀਤਾ ਗਿਆ। ਪ੍ਰਸਿੱਧ ਖੇਡ ਰਸਾਲੇ ‘ਸਪੋਰਟਸ ਸਟਾਰ’ ਵੱਲੋਂ ਸਾਲ 2021 ਦੌਰਾਨ ਕਰਵਾਏ ‘ਏਸਜ਼ ਐਵਾਰਡ’ ਦੌਰਾਨ ਨੀਰਜ ਚੋਪੜਾ ਨੂੰ ਦਹਾਕੇ ਦੇ ਸਰਵੋਤਮ ਅਥਲੀਟ (ਟਰੈਕ ਤੇ ਫੀਲਡ) ਪੁਰਸਕਾਰ ਨਾਲ ਸਨਮਾਨਿਆ ਗਿਆ। ਅਥਲੈਟਿਕਸ ਫੈਡਰੇਸ਼ਨ ਆਫ ਇੰਡੀਆ (ਏ.ਐੱਫ਼.ਆਈ.) ਵੱਲੋਂ ਹਰ ਸਾਲ 7 ਅਗਸਤ (ਜਿਸ ਦਿਨ ਨੀਰਜ ਨੇ ਟੋਕੀਓ 2021 ਵਿਖੇ ਸੋਨ ਤਗ਼ਮਾ ਜਿੱਤਿਆ ਸੀ) ਨੂੰ ਕੌਮੀ ਜੈਵਲਿਨ ਥਰੋਅ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਸੰਪਰਕ: 97800-36216

Advertisement

Advertisement