ਨੀਰਜ ਚੋਪੜਾ ਜੈਵਲਿਨ ਥਰੋਅ ਦੇ ਫਾਈਨਲ ਵਿੱਚ
ਪੈਰਿਸ, 6 ਅਗਸਤ
ਮੌਜੂਦਾ ਚੈਂਪੀਅਨ ਭਾਰਤ ਦਾ ਨੀਰਜ ਚੋਪੜਾ ਅੱਜ ਇੱਥੇ ਗਰੁੱਪ-ਬੀ ਕੁਆਲੀਫਾਇਰ ’ਚ ਆਪਣੀ ਪਹਿਲੀ ਕੋਸ਼ਿਸ਼ ’ਚ 89.34 ਮੀਟਰ ਦੇ ਥਰੋਅ ਨਾਲ ਪੈਰਿਸ ਓਲੰਪਿਕ ਖੇਡਾਂ ਦੇ ਪੁਰਸ਼ ਜੈਵਲਿਨ ਥਰੋਅ (ਨੇਜ਼ਾ ਸੁੱਟਣ) ਦੇ ਮੁਕਾਬਲੇ ਦੇ ਫਾਈਨਲ ’ਚ ਪਹੁੰਚ ਗਿਆ ਪਰ ਕਿਸ਼ੋਰ ਜੇਨਾ ਅੱਗੇ ਜਾਣ ’ਚ ਅਸਫਲ ਰਿਹਾ। ਗਰੁੱਪ-ਬੀ ਕੁਆਲੀਫਾਇਰ ਗੇੜ ’ਚ ਸਭ ਤੋਂ ਪਹਿਲਾਂ ਥਰੋਅ ਕਰਨ ਵਾਲੇ ਨੀਰਜ ਨੇ 89.34 ਮੀਟਰ ਨਾਲ ਸੀਜ਼ਨ ਦਾ ਆਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ 8 ਅਗਸਤ ਨੂੰ ਹੋਣ ਵਾਲੇ ਫਾਈਨਲ ਲਈ ਕੁਆਲੀਫਾਈ ਕੀਤਾ। ਨੀਰਜ ਨੇ ਗਰੁੱਪ-ਏ ਅਤੇ ਬੀ ਦੋਵਾਂ ’ਚ ਸਿਖਰ ’ਤੇ ਰਹਿ ਕੇ ਫਾਈਨਲ ’ਚ ਜਗ੍ਹਾ ਬਣਾਈ ਹੈ। ਨੀਰਜ ਤੋਂ ਇਲਾਵਾ ਗਰੁੱਪ-ਬੀ ਵਿੱਚ ਸਾਬਕਾ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਐਂਡਰਸਨ ਪੀਟਰਜ਼ (88.63 ਮੀਟਰ), ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਪਾਕਿਸਤਾਨ ਦੇ ਅਰਸ਼ਦ ਨਦੀਮ (86.59 ਮੀਟਰ), ਬ੍ਰਾਜ਼ੀਲ ਦੇ ਲੁਈਸ ਮੌਰੀਸੀਓ ਸਿਲਵਾ (85.91 ਮੀਟਰ) ਅਤੇ ਐਂਡਰੀਅਨ ਮੈਰਾਡੀਅਰ (84.13 ਮੀਟਰ) ਨੇ 84 ਮੀਟਰ ਤੋਂ ਵੱਧ ਥਰੋਅ ਨਾਲ ਫਾਈਨਲ ਵਿੱਚ ਜਗ੍ਹਾ ਬਣਾਈ। ਹਾਲਾਂਕਿ ਭਾਰਤ ਦਾ ਕਿਸ਼ੋਰ ਜੇਨਾ 80.73 ਮੀਟਰ ਦੀ ਕੋਸ਼ਿਸ਼ ਨਾਲ ਗਰੁੱਪ-ਏ ਦੇ ਕੁਆਲੀਫਾਇਰ ’ਚ ਨੌਵੇਂ ਸਥਾਨ ਅਤੇ ਕੁੱਲ ਮਿਲਾ ਕੇ 18ਵੇਂ ਸਥਾਨ ’ਤੇ ਰਿਹਾ।
ਗਰੁੱਪ ਏ ਅਤੇ ਬੀ ਕੁਆਲੀਫਾਇਰ ਤੋਂ ਬਾਅਦ 84 ਮੀਟਰ ਜਾਂ ਇਸ ਤੋਂ ਵੱਧ ਦੀ ਥਰੋਅ ਕਰਨ ਵਾਲੇ ਸਾਰੇ ਅਥਲੀਟ ਜਾਂ ਦੋਵਾਂ ਗਰੁੱਪਾਂ ਦੇ ਸਿਖਰਲੇ 12 ਅਥਲੀਟ ਫਾਈਨਲ ਲਈ ਕੁਆਲੀਫਾਈ ਕਰਦੇ ਹਨ। ਜੇਨਾ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 80.73 ਮੀਟਰ ਦੂਰ ਨੇਜ਼ਾ ਸੁੱਟਿਆ ਪਰ ਦੂਜੀ ਕੋਸ਼ਿਸ਼ ਵਿੱਚ ਫਾਊਲ ਹੋ ਗਿਆ। ਉਸ ਨੇ ਆਪਣੀ ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ 80.21 ਮੀਟਰ ਦੂਰ ਨੇਜ਼ਾ ਸੁੱਟਿਆ। ਜਰਮਨੀ ਦਾ ਜੂਲੀਅਨ ਵੈਬਰ 87.76 ਮੀਟਰ ਦੀ ਆਪਣੀ ਪਹਿਲੀ ਹੀ ਕੋਸ਼ਿਸ਼ ਨਾਲ ਗਰੁੱਪ-ਏ ਵਿੱਚ ਪਹਿਲੇ ਅਤੇ ਸਮੁੱਚੇ ਤੌਰ ’ਤੇ ਤੀਜੇ ਸਥਾਨ ’ਤੇ ਰਿਹਾ। ਗਰੁੱਪ-ਏ ’ਚੋਂ ਸਾਬਕਾ ਵਿਸ਼ਵ ਚੈਂਪੀਅਨ ਕੀਨੀਆ ਦੇ ਜੂਲੀਅਸ ਯੇਗੋ (85.97 ਮੀਟਰ), ਟੋਕੀਓ ਓਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਚੈੱਕ ਗਣਰਾਜ ਦੇ ਜਾਕੂਬ ਵਾਲਡੇਚ (85.63 ਮੀਟਰ) ਅਤੇ ਫਿਨਲੈਂਡ ਦੇ ਟੋਨੀ ਕੇਰਾਨੇਨ (85.27 ਮੀਟਰ) ਨੇ ਵੀ ਸਿੱਧੇ ਫਾਈਨਲ ਵਿੱਚ ਥਾਂ ਬਣਾਈ।
ਮੌਜੂਦਾ ਓਲੰਪਿਕ ਅਤੇ ਵਿਸ਼ਵ ਚੈਂਪੀਅਨ ਨੀਰਜ ਨੇ 87.58 ਮੀਟਰ ਦੀ ਕੋਸ਼ਿਸ਼ ਨਾਲ ਟੋਕੀਓ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨੀਰਜ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 89.94 ਮੀਟਰ ਹੈ ਜੋ ਉਸ ਨੇ 2022 ਵਿੱਚ ਸਟਾਕਹੋਮ ਡਾਇਮੰਡ ਲੀਗ ਵਿੱਚ ਚਾਂਦੀ ਦਾ ਤਗ਼ਮਾ ਜਿੱਤਣ ਵੇਲੇ ਆਪਣੇ ਨਾਮ ਕੀਤਾ ਸੀ। ਇਹ ਕੌਮੀ ਰਿਕਾਰਡ ਵੀ ਹੈ। ਨੀਰਜ ਹੁਣ ਓਲੰਪਿਕ ਇਤਿਹਾਸ ’ਚ ਖਿਤਾਬ ਬਰਕਰਾਰ ਰੱਖਣ ਵਾਲਾ ਪੰਜਵਾਂ ਪੁਰਸ਼ ਨੇਜ਼ਾ ਸੁਟਾਵਾ ਬਣਨ ਦੇ ਇਰਾਦੇ ਨਾਲ ਫਾਈਨਲ ’ਚ ਉਤਰੇਗਾ। ਜੇ ਉਹ ਖਿਤਾਬ ਜਿੱਤਦਾ ਹੈ ਤਾਂ ਉਹ ਓਲੰਪਿਕ ਵਿਅਕਤੀਗਤ ਵਰਗ ਵਿੱਚ ਦੋ ਸੋਨ ਤਗ਼ਮੇ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਜਾਵੇਗਾ। -ਪੀਟੀਆਈ
ਸਰਬੋਤਮ ਪ੍ਰਦਰਸ਼ਨ ਫਾਈਨਲ ਲਈ ਬਚਾਅ ਕੇ ਰੱਖਿਆ: ਨੀਰਜ
ਪੈਰਿਸ:
ਫਾਈਨਲ ਵਿੱਚ ਜਗ੍ਹਾ ਬਣਾਉਣ ਤੋਂ ਬਾਅਦ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਫਾਈਨਲ ਲਈ ਬਚਾਅ ਕੇ ਰੱਖਿਆ ਹੈ। ਉਸ ਨੇ ਕਿਹਾ, ‘‘ਇਹ ਸਿਰਫ ਕੁਆਲੀਫਿਕੇਸ਼ਨ ਗੇੜ ਸੀ। ਫਾਈਨਲ ’ਚ ਮਾਨਸਿਕਤਾ ਅਤੇ ਹਾਲਾਤ ਵੱਖਰੇ ਹੁੰਦੇ ਹਨ। ਮੈਨੂੰ ਚੰਗੀ ਸ਼ੁਰੂਆਤ ਮਿਲ ਗਈ ਹੈ ਅਤੇ ਹੁਣ ਫਾਈਨਲ ਦੀਆਂ ਤਿਆਰੀਆਂ ’ਤੇ ਧਿਆਨ ਦੇਵਾਂਗਾ।’’ ਉਸ ਨੇ ਕਿਹਾ, ‘‘ਮੈਂ ਆਪਣਾ ਸਰਬੋਤਮ ਪ੍ਰਦਰਸ਼ਨ ਫਾਈਨਲ ਲਈ ਬਚਾਅ ਕੇ ਰੱਖ ਰਿਹਾ ਹਾਂ। ਮੈਂ ਇੱਥੇ ਅਭਿਆਸ ਵਿੱਚ ਚੰਗਾ ਨਹੀਂ ਕਰ ਰਿਹਾ ਸੀ ਪਰ ਜਦੋਂ ਕੁਆਲੀਫਿਕੇਸ਼ਨ ਗੇੜ ਸ਼ੁਰੂ ਹੋਇਆ ਤਾਂ ਮੈਂ ਪਹਿਲੇ ਥਰੋਅ ਵਿੱਚ ਹੀ ਕੁਆਲੀਫਾਈ ਕਰਨ ਦਾ ਟੀਚਾ ਰੱਖਿਆ ਸੀ। ਮੇਰੀ ਫਿਟਨੈਸ ਹੁਣ ਬਿਹਤਰ ਹੈ।’’ ਉਸ ਨੇ ਕਿਹਾ, ‘‘ਮੈਂ ਪਹਿਲੇ ਥਰੋਅ ਤੋਂ ਹੀ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਦਾ ਹਾਂ ਪਰ ਅਜਿਹਾ ਹਰ ਵਾਰ ਨਹੀਂ ਹੁੰਦਾ। ਜੇ ਮੈਂ ਪਹਿਲੀ ਥਰੋਅ ਵਿੱਚ ਸਰਬੋਤਮ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹਿੰਦਾ ਹਾਂ ਤਾਂ ਮੈਂ ਹਰ ਥਰੋਅ ਵਿੱਚ ਆਪਣਾ ਸਰਬੋਤਮ ਦੇਣ ਦੀ ਕੋਸ਼ਿਸ਼ ਕਰਦਾ ਹਾਂ।’’ ਜਦੋਂ ਉਸ ਨੂੰ ਸਾਲ ਦੇ ਸ਼ੁਰੂ ਵਿੱਚ ਲੱਗੀ ਸੱਟ ਬਾਰੇ ਪੁੱਛਿਆ ਗਿਆ ਤਾਂ ਨੀਰਜ ਨੇ ਕਿਹਾ, “ਮੈਂ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ ਅਤੇ ਥਰੋਅ ਤੋਂ ਪਹਿਲਾਂ ਅਭਿਆਸ ਵੇਲੇ ਸਾਰੀਆਂ ਸਾਵਧਾਨੀਆਂ ਵਰਤ ਰਿਹਾ ਹਾਂ।’’ -ਆਈਏਐੱਨਐੱਸ
ਨੀਰਜ ਦੇ ਪਿੰਡ ’ਚ ਦੀਵਾਲੀ ਵਰਗਾ ਮਾਹੌਲ
ਪਾਣੀਪਤ:
ਨੀਰਜ ਚੋਪੜਾ ਵੱਲੋਂ ਨੇਜ਼ਾ ਸੁੱਟਣ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਮਗਰੋਂ ਉਸ ਦੇ ਪਿਤਾ ਸਤੀਸ਼ ਕੁਮਾਰ ਨੇ ਕਿਹਾ, ‘‘ਅਸੀਂ ਖ਼ੁਸ਼ ਹਾਂ। ਦੇਸ਼ ਨੂੰ ਨੀਰਜ ਤੋਂ ਸੋਨੇ ਦੇ ਤਗ਼ਮੇ ਦੀਆਂ ਉਮੀਦਾਂ ਹਨ। ਹਰ ਕੋਈ ਉਸ ਲਈ ਪ੍ਰਾਰਥਨਾ ਕਰ ਰਿਹਾ ਹੈ। ਸਾਰਿਆਂ ਦੀਆਂ ਦੁਆਵਾਂ ਅਤੇ ਆਸ਼ੀਰਵਾਦ ਉਸ ਦੇ ਨਾਲ ਹੈ। ਉਸ ਨੇ ਲੋਕਾਂ ਦੀ ਉਮੀਦ ਮੁਤਾਬਕ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਪਿੰਡ ਵਿੱਚ ਅੱਜ ਦੀਵਾਲੀ ਵਰਗਾ ਮਾਹੌਲ ਹੈ। ਲੋਕ ਜਸ਼ਨ ਮਨਾ ਰਹੇ ਹਨ। ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।’’ ਨੀਰਜ ਦੀ ਮਾਤਾ ਸਰੋਜ ਦੇਵੀ ਵੀ ਆਪਣੇ ਪੁੱਤ ਨੂੰ ਸੋਨ ਤਗ਼ਮਾ ਜਿੱਤਦਾ ਦੇਖਣ ਲਈ ਉਤਸ਼ਾਹਿਤ ਹੈ। ਸਰੋਜ ਦੇਵੀ ਨੇ ਕਿਹਾ, ‘‘ਇਹ ਸਭ ਰੱਬ ਦੀ ਕਿਰਪਾ ਨਾਲ ਹੋ ਰਿਹਾ ਹੈ। ਇਹ ਬਹੁਤ ਖ਼ੁਸ਼ੀ ਵਾਲੀ ਗੱਲ ਹੈ। ਅਸੀਂ ਸਾਰੇ (ਫਾਈਨਲ ਮੁਕਾਬਲੇ ਲਈ) ਤਿਆਰ ਹਾਂ। ਅਸੀਂ ਮੁਕਾਬਲਾ ਦੇਖਣ ਲਈ ਇੱਕ ਵੱਡੀ ਸਕਰੀਨ ਲਾਈ ਹੈ। ਸਾਰੇ ਅਥਲੀਟ ਸਖ਼ਤ ਮਿਹਨਤ ਕਰ ਰਹੇ ਹਨ।’’ -ਏਐੱਨਆਈ