ਨੀਰਜ ਚੋਪੜਾ ਨੇ ਮੁੜ ਇਤਿਹਾਸ ਰਚਿਆ, ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ’ਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ
ਬੁਡਾਪੈਸਟ, 28 ਅਗਸਤ
ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅੱਜ ਮੁੜ ਇਤਿਹਾਸ ਰਚ ਦਿੱਤਾ ਤੇ ਵਿਸ਼ਵ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ। ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿੱਚ ਉਸ ਨੇ 88.17 ਮੀਟਰ ਥਰੋਅ ਨਾਲ ਇਹ ਪ੍ਰਾਪਤੀ ਕੀਤੀ। ਜੈਵਲਿਨ ਥਰੋਅ ਦੇ ਫਾਈਨਲ ਵਿੱਚ ਭਾਰਤ ਦਾ ਅਜਿਹਾ ਦਬਦਬਾ ਸੀ ਕਿ ਸਿਖ਼ਰਲੇ ਛੇ ਖ਼ਿਡਾਰੀਆਂ ਵਿੱਚੋਂ ਤਿੰਨ ਭਾਰਤ ਦੇ ਸਨ ਅਤੇ ਪਹਿਲੀ ਵਾਰ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਸਿਖਰਲੇ ਅੱਠ ਵਿੱਚ ਤਿੰਨ ਭਾਰਤੀ ਹੋਣ। ਕਿਸ਼ੋਰ ਜੇਨਾ ਐਤਵਾਰ ਦੇਰ ਫਾਈਨਲ ਵਿੱਚ 84. 77 ਮੀਟਰ ਦੀ ਸਰਵੋਤਮ ਥਰੋਅ ਨਾਲ ਪੰਜਵੇਂ ਸਥਾਨ ’ਤੇ ਰਿਹਾ,। ਜਦਕਿ ਡੀਪੀ ਮਨੂ 84.14 ਮੀਟਰ ਥਰੋਅ ਨਾਲ ਛੇਵੇਂ ਸਥਾਨ 'ਤੇ ਰਿਹਾ। 25 ਸਾਲਾ ਚੋਪੜਾ ਨੇ ਪਹਿਲੀ ਕੋਸ਼ਿਸ਼ 'ਚ ਫਾਊਲ ਹੋਣ ਤੋਂ ਬਾਅਦ ਦੂਜੇ 'ਚ ਸਭ ਤੋਂ ਵਧੀਆ ਥਰੋਅ ਕੀਤਾ। ਇਸ ਤੋਂ ਬਾਅਦ ਉਸ ਨੇ 86.32, 84. 64, 87. 73 ਅਤੇ 83. 98 ਮੀਟਰ ਥਰੋਅ ਕੀਤਾ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ 87.82 ਮੀਟਰ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ, ਕਾਂਸੀ ਦਾ ਤਗ਼ਮਾ ਚੈੱਕ ਗਣਰਾਜ ਦੇ ਜੈਕਬ ਵੈਲੇਸ਼ ਨੇ 86.67 ਮੀਟਰ ਥਰੋਅ ਨਾਲ ਜਿੱਤਿਆ।