ਨੀਨਾ ਗੁਪਤਾ ਨੇ ਆਪਣੇ ਆਉਣ ਵਾਲੇ ਪ੍ਰਾਜੈਕਟਾਂ ਬਾਰੇ ਕੀਤਾ ਖੁਲਾਸਾ
ਮੁੰਬਈ:
ਉੱਘੀ ਅਦਾਕਾਰਾ ਨੀਨਾ ਗੁਪਤਾ ਨੇ ਅੱਜ ਆਪਣੇ ਆਗਾਮੀ ਪ੍ਰਾਜੈਕਟਾਂ ਦਾ ਖੁਲਾਸਾ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਮਲਿਆਲਮ ਵੈੱਬਸੀਰੀਜ਼ ਤੇ ਅਦਾਕਾਰਾ ਰਕੁਲਪ੍ਰੀਤ ਸਿੰਘ ਨਾਲ ਇੱਕ ਫ਼ਿਲਮ ਵੀ ਸ਼ਾਮਲ ਹੈ। ਉਹ ਚਾਰ ਦਹਾਕਿਆਂ ਤੋਂ ਸਕਰੀਨ ’ਤੇ ਨਿਭਾਏ ਵੱਖ-ਵੱਖ ਕਿਰਦਾਰਾਂ ਰਾਹੀਂ ਦਰਸ਼ਕਾਂ ਨਾਲ ਜੁੜੀ ਹੋਈ ਹੈ। ਨੀਨਾ ਗੁਪਤਾ ਨੇ 1982 ਵਿੱਚ ਫ਼ਿਲਮ ‘ਆਧਾਰਸ਼ਿਲਾ’ ਰਾਹੀਂ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਉਹ ਹਾਲ ਹੀ ’ਚ ਵੈੱਬਸੀਰੀਜ਼ ‘ਪੰਚਾਇਤ’ ਸੀਜ਼ਨ-3 ਵਿਚ ਵੀ ਨਜ਼ਰ ਆਈ ਸੀ। ਨੀਨਾ ਗੁਪਤਾ ਨੇ ਕਿਹਾ, ‘‘ਮੈਂ ਇੱਕ ਮਲਿਆਲਮ ਸੀਰੀਜ਼ ’ਚ ਕੰਮ ਕੀਤਾ ਹੈ ਜਿਹੜੀ ਜਲਦੀ ਹੀ ਡਿਜ਼ਨੀ+ਹੌਟਸਟਾਰ ’ਤੇ ਰਿਲੀਜ਼ ਹੋਵੇਗੀ। ਮੈਂ ਰਕੁਲਪ੍ਰੀਤ ਸਿੰਘ ਨਾਲ ਇੱਕ ਫ਼ਿਲਮ ਵੀ ਕੀਤੀ ਹੈ। ਫ਼ਿਲਮ ਦਾ ਨਾਮ ਫ਼ਿਲਹਾਲ ‘ਮੇਡ ਇਨ ਇੰਡੀਆ’ ਹੈ ਪਰ ਇਹ ਬਦਲ ਸਕਦਾ ਹੈ। ਮੈਂ ਫ਼ਿਲਮ ‘ਬਾਅ’ ਵਿੱਚ ਵੀ ਕੰਮ ਕੀਤਾ ਹੈ।’’ ਇਸੇ ਦੌਰਾਨ ਨੀਨਾ ਗੁਪਤਾ ਨੇ ਆਪਣੀ ਫ਼ਿਲਮ ‘ਮਸਤੀ ਮੇਂ ਰਹਨੇ ਕਾ’ ਲਈ ਐਤਵਾਰ ਰਾਤ ਨੂੰ ਨੈਕਸਾ ਸਟਰੀਮਿੰਗ ਅਕੈਡਮੀ ਐਵਾਰਡ ਵੀ ਜਿੱਤਿਆ ਹੈ। ਦੱਸਣਯੋਗ ਹੈ ਕਿ ਨੀਨਾ ਗੁਪਤਾ ਨੇ ‘ਵੋਹ ਛੋਕਰੀ’ ਲਈ 1994 ’ਚ ਕੌਮੀ ਐਵਾਰਡ ਹਾਸਲ ਕੀਤਾ ਸੀ। ਉਸ ਨੇ ਟੀਵੀ ਸੀਰੀਜ਼ ‘ਸਾਂਸ’ ਵਿੱਚ ਕੰਮ ਕਰਨ ਤੋਂ ਇਲਾਵਾ ਫ਼ਿਲਮ ‘ਬਧਾਈ ਹੋ’ ਵਿੱਚ ਗਰਭਵਤੀ ਔਰਤ ਦਾ ਕਿਰਦਾਰ ਨਿਭਾਇਆ ਸੀ ਜਿਸ ਲਈ ਉੁਸ ਨੇ ਸਰਵੋਤਮ ਅਦਾਕਾਰਾ ਵਜੋਂ ਫਿਲਮਫੇਅਰ ਐਵਾਰਡ ਜਿੱਤਿਆ ਸੀ। -ਏਐੱਨਆਈ