ਨੀਨਾ ਗੁਪਤਾ ਵੱਲੋਂ ਧੀ ਮਸਾਬਾ ਨਾਲ ‘ਨਾਰੀ ਸ਼ਕਤੀ’ ਬਾਰੇ ਚਰਚਾ
ਮੁੰਬਈ:
ਅਦਾਕਾਰਾ ਨੀਨਾ ਗੁਪਤਾ, ਜੋ ਹਾਲ ਹੀ ’ਚ ਨਾਨੀ ਬਣੀ ਹੈ, ਨੇ ਆਪਣੀ ਧੀ ਮਸਾਬਾ ਗੁਪਤਾ ਨੂੰ ਮਾਂ ਬਣਨ ’ਤੇ ਨਾਰੀ ਸ਼ਕਤੀ ਬਾਰੇ ਕੀਮਤੀ ਸਲਾਹ ਦਿੱਤੀ। ਇੰਸਟਾਗ੍ਰਾਮ ’ਤੇ ਮਸਾਬਾ ਨੇ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਸ ਨੂੰ ਖੁਦ ਮਾਂ ਬਣਨ ਦਾ ਤਜਰਬਾ ਸਾਂਝਾ ਕਰਦੇ ਦੇਖਿਆ ਜਾ ਸਕਦਾ ਹੈ। ਕਲਿੱਪ ’ਚ ਮਸਾਬਾ ਪੁੱਛ ਰਹੀ ਹੈ ਕਿ ਉਹ ਕਿਹੜੀ ਗੱਲ ਹੈ ਜੋ ਤੁਸੀਂ ਮੈਨੂੰ ਉਸ ਵੇਲੇ ਸੁਣਾਉਂਦੇ ਹੁੰਦੇ ਸੀ ਜਦੋਂ ਮੈਂ ਬਿਨਾਂ ਕਿਸੇ ਕਾਰਨ ਰੋਂਦੀ ਹੁੰਦੀ ਸੀ।’’ ਇਸ ’ਤੇ ਨੀਨਾ ਗੁਪਤਾ ਆਖਦੀ ਹੈ, ‘‘ਜਦੋਂ ਤੂੰ ਪੈਦਾ ਹੋਈ ਸੀ ਤਾਂ ਮੈਂ ਇਕੱਲੀ ਸੀ। ਮੇਰਾ ਸਿਰ ਫਟਿਆ ਜਾ ਰਿਹਾ ਸੀ। ਮੈਂ ਦੁੱਧ ਪਿਲਾ ਰਹੀ ਸੀ। ਮੇਰੀ ਅੱਖਾਂ ’ਚੋਂ ਹੰਝੂ ਵਗ ਰਹੇ ਸੀ ਤੇ ਬਹੁਤ ਦਰਦ ਹੋ ਰਿਹਾ ਸੀ। ਹਿੰਦੀ ਦਾ ਇਕ ਬਹੁਤ ਮਸ਼ਹੂਰ ਕਵੀ ਹੈ, ਨਾਮ ਨਹੀਂ ਯਾਦ ਆ ਰਿਹਾ। ਉਸ ਦੀ ਇਕ ਸਤਰ ਮੈਨੂੰ ਬਹੁਤ ਯਾਦ ਆਉਂਦੀ ਹੈ। ਜੋ ਮੈਂ ਤੈਨੂੰ ਦੱਸੀ ਹੈ.. ‘ਨਾਰੀ ਤੇਰੀ ਯਹੀ ਕਹਾਨੀ, ਔਰ ਆਂਚਲ ਮੇਂ ਹੈ ਦੂਧ ਆਂਖੋਂ ਮੇਂ ਪਾਨੀ’’। ਇਸ ਦਾ ਤਰਜਮਾ ਕਰਦੇ ਹੋਏ ਉਸ ਨੇ ਕਿਹਾ, ‘‘ਔਰਤ ਭਾਵੇਂ ਕਿਸੇ ਵੀ ਮੁਸ਼ਕਿਲ ’ਚੋਂ ਲੰਘ ਰਹੀ ਹੋਵੇ ਉਹ ਪਾਲਣ ਪੋਸ਼ਣ ਦਾ ਆਪਣਾ ਫਰਜ਼ ਨਿਭਾਉਂਦੀ ਹੈ ਤੇ ਇਸ ਲਈ ਉਹ ਕੁਝ ਵੀ ਕਰ ਸਕਦੀ ਹੈ।’’ ਵੀਡੀਓ ਦੇ ਕੈਪਸ਼ਨ ’ਚ ਲਿਖਿਆ ਹੋਇਆ ਹੈ, ‘‘ਨਾਰੀ ਸ਼ਕਤੀ ’ਤੇ ਨੀਨਾ ਜੀ’’। -ਏਐਨਆਈ