ਡੂੰਘੀ ਜਾਂਚ ਦੀ ਲੋੜ
ਸਕੂਲੀ ਵਿਦਿਆਰਥਣਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ ਹੇਠ 4 ਨਵੰਬਰ ਨੂੰ ਸਖ਼ਤ ਪੋਕਸੋ ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਹਰਿਆਣਾ ਦੇ ਜੀਂਦ ਦੇ ਇਕ ਸਕੂਲ ਪ੍ਰਿੰਸੀਪਲ ਦੇ ਮਾਮਲੇ ਵਿਚ ਬੜੇ ਪ੍ਰੇਸ਼ਾਨ ਕਰਨ ਵਾਲੇ ਖ਼ੁਲਾਸੇ ਹੋ ਰਹੇ ਹਨ। ਇਹ ਸਾਰਾ ਕੁਝ ਉਦੋਂ ਸਾਹਮਣੇ ਆਇਆ ਜਦੋਂ ਜੀਂਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪ੍ਰਿੰਸੀਪਲ ਖਿਲਾਫ਼ ਦੋਸ਼ਾਂ ਦੀ ਜਾਂਚ ਲਈ ਬਣਾਈ ਗਈ ਜਿਨਸੀ ਛੇੜਖ਼ਾਨੀ ਰੋਕਣ ਵਾਲੀ ਕਮੇਟੀ (Prevention of Sexual Harassment Committee) ਦੀ ਜਾਂਚ ਵਿਚ ਉਹ ਕਈ ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ 27 ਅਕਤੂਬਰ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਭਾਵੇਂ ਕਾਨੂੰਨੀ ਕਾਰਵਾਈ ਜਾਰੀ ਹੈ ਪਰ ਉੱਭਰ ਰਹੇ ਵੇਰਵੇ ਕੁਝ ਉਦਾਸ ਕਰਨ ਵਾਲੇ ਅਤੇ ਦਿਲ-ਕੰਬਾਊ ਹਨ। ਪੀੜਤ ਕੁੜੀਆਂ ਨੇ ਪਹਿਲਾਂ 31 ਅਗਸਤ ਨੂੰ ਕੌਮੀ ਮਹਿਲਾ ਕਮਿਸ਼ਨ, ਦਿੱਲੀ ਨੂੰ ਇਕ ਚਿੱਠੀ ਭੇਜ ਕੇ ਸ਼ਿਕਾਇਤ ਕੀਤੀ, ਜਿਸ ਉੱਤੇ ਕਾਰਵਾਈ ਅਗਾਂਹ ਤੁਰੀ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਕੀ ਸਥਾਨਕ ਪੱਧਰਾਂ ਉੱਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਅਣਸੁਣਿਆ ਕਰ ਦਿੱਤਾ ਗਿਆ। ਇਹ ਸੰਕੇਤ ਵੀ ਮਿਲ ਰਹੇ ਹਨ ਕਿ ਸਕੂਲੀ ਅਮਲੇ ਦੇ ਕੁਝ ਮੈਂਬਰਾਂ ਦੀ ਵੀ ਮਾਮਲੇ ਵਿਚ ਮਿਲੀਭੁਗਤ ਸੀ ਅਤੇ ਉਹ ਅਪਰਾਧ ਵਿਚ ਸਹਾਈ ਹੋ ਰਹੇ ਸਨ। ਇਹ ਵੱਖਰੀ ਗੱਲ ਹੈ ਕਿ ਹਾਲੇ ਹੋਰ ਕੋਈ ਵਿਅਕਤੀ ਇਸ ਮਾਮਲੇ ਵਿਚ ਜਾਂਚ ਦੇ ਘੇਰੇ ’ਚ ਨਹੀਂ ਹੈ। ਪਤਾ ਲੱਗਾ ਹੈ ਕਿ ਪ੍ਰਿੰਸੀਪਲ ਦੇ ਕਮਰੇ ਦੀਆਂ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਕਾਲੀ ਫਿਲਮ ਲਾਈ ਗਈ ਸੀ ਅਤੇ ਸੀਸੀਟੀਵੀ ਕੈਮਰੇ ਵਿਚ ਉਸ ਦੀ ਕੁਰਸੀ ਵਾਲੀ ਥਾਂ ਨਹੀਂ ਦਿਖਾਈ ਦਿੰਦੀ ਸੀ। ਇੰਨਾ ਹੀ ਨਹੀਂ, ਸੀਸੀਟੀਵੀ ਕੰਟਰੋਲ ਸਿਸਟਮ ਵੀ ਉਸ ਦੇ ਕਮਰੇ ਵਿਚ ਹੀ ਲਾਇਆ ਹੋਇਆ ਸੀ।
ਲੋਕਾਂ ਵਿਚ ਇਹ ਪ੍ਰਭਾਵ ਜਾ ਰਿਹਾ ਹੈ ਕਿ ਸਿੱਖਿਆ ਵਿਭਾਗ ਨੇ ਦੋਸ਼ੀ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਸੀ ਅਤੇ ਅੱਲੜ੍ਹ ਕੁੜੀਆਂ ਉਸ ਦਾ ਸ਼ਿਕਾਰ ਬਣ ਰਹੀਆਂ ਸਨ। ਪਿਛਲੀਆਂ ਤਾਇਨਾਤੀਆਂ ਦੌਰਾਨ ਵੀ ਉਸ ਉੱਤੇ ਕਥਿਤ ਦੁਰਾਚਾਰ ਅਤੇ ਚਰਿੱਤਰਹੀਣਤਾ ਦੇ ਦੋਸ਼ ਲੱਗਦੇ ਰਹੇ ਹਨ। ਇਸ ਦੇ ਬਾਵਜੂਦ ਉਸ ਉੱਤੇ ਕੋਈ ਨਜ਼ਰ ਨਹੀਂ ਰੱਖੀ ਗਈ। ਵਿਭਾਗ ਉਦੋਂ ਵੀ ਸੁੱਤਾ ਫੜਿਆ ਗਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਪ੍ਰਿੰਸੀਪਲ ਇਕ ਮਰਦ ਅਤੇ ਕੁਝ ਮਹਿਲਾ ਅਧਿਆਪਕਾਂ ਸਣੇ 50 ਵਿਦਿਆਰਥਣਾਂ ਨੂੰ 25 ਅਕਤੂਬਰ ਨੂੰ ਅੰਮ੍ਰਿਤਸਰ ਦੀ ਤਿੰਨ-ਰੋਜ਼ਾ ਫੇਰੀ ਉੱਤੇ ਲੈ ਗਿਆ ਅਤੇ ਇਸ ਦੌਰਾਨ ਉਨ੍ਹਾਂ ’ਤੇ ਇਸ ਮਾਮਲੇ ਬਾਰੇ ਮੂੰਹ ਨਾ ਖੋਲ੍ਹਣ ਲਈ ਦਬਾਅ ਪਾਇਆ। ਇਸ ਸਭ ਕਾਸੇ ਦੇ ਮੱਦੇਨਜ਼ਰ ਪੂਰੇ ਮਾਮਲੇ ਦੀ ਡੂੰਘਾਈ ਨਾਲ ਤਫ਼ਤੀਸ਼ ਕੀਤੇ ਜਾਣ ਦੀ ਲੋੜ ਹੈ।