ਪਿੰਡ ਪੈਰੋਂ ਵਿੱਚ ਸੂਆ ਟੁੱਟਿਆ, ਨੁਕਸਾਨ ਤੋਂ ਬਚਾਅ
ਜੋਗਿੰਦਰ ਸਿੰਘ ਮਾਨ
ਮਾਨਸਾ, 20 ਅਗਸਤ
ਮਾਨਸਾ ਨੇੜਲੇ ਪਿੰਡ ਪੈਰੋਂ ਵਿੱਚ ਸੂਆ ਟੁੱਟ ਗਿਆ, ਜਿਸ ਨੂੰ ਮੌਕੇ ’ਤੇ ਕਿਸਾਨਾਂ ਵੱਲੋਂ ਤਲਵੰਡੀ ਸਾਬੋ ਪਾਵਰ ਲਿਮ. ਦੇ ਉਪਰਾਲੇ ਨਾਲ ਪੂਰਿਆ ਗਿਆ। ਬੇਸ਼ੱਕ ਇਸ ਪਾੜ ਨਾਲ ਬਹੁਤ ਸਾਰੇ ਰਕਬੇ ਵਿੱਚ ਪਾਣੀ ਭਰ ਗਿਆ, ਪਰ ਸਹੀ ਸਮੇਂ ‘ਤੇ ਕੀਤੇ ਗਏ ਯਤਨਾਂ ਕਾਰਨ ਫ਼ਸਲਾਂ ਦੇ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿੰਡ ਪੈਰੋਂ ਦੇ ਕਿਸਾਨਾਂ ਅਤੇ ਬਹਿਣੀਵਾਲ ਪੁਲੀਸ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਤਾਪ ਘਰ ਵੱਲੋਂ ਕਿਸਾਨਾਂ ਦੀ ਸਹਾਇਤਾ ਲਈ ਜੇਸੀਬੀ ਮਸ਼ੀਨ ਅਤੇ ਹੋਰ ਸਾਜ਼ੋ-ਸਮਾਨ ਪਏ ਪਾੜ ਨੂੰ ਪੂਰਨ ਲਈ ਉਪਲਬੱਧ ਕਰਵਾਇਆ ਗਿਆ, ਜਿਸ ਨਾਲ ਸੂਏ ਦੀ ਪਟੜੀ ਤੋਂ ਤੁਰੰਤ ਮਿੱਟੀ ਚੁੱਕਕੇ ਪਾੜ ਨੂੰ ਪੂਰਿਆ ਗਿਆ। ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਸੂਏ ਦੀ ਮਿੱਟੀ ਨਾਲ ਹੀ ਪਾੜ ਪੂਰਨ ਲਈ ਸਭ ਨੂੰ ਸੁਝਾਅ ਦਿੱਤਾ ਤਾਂ ਜੋ ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਦੀ ਪੱਟ-ਪੁਟਾਈ ਨਾ ਹੋ ਸਕੇ। ਲਗਭਗ ਪੰਜ ਘੰਟਿਆਂ ਵਿੱਚ ਬੰਦ ਕੀਤੇ ਗਏ ਇਸ ਪਾੜ ਨਾਲ ਕਿਸਾਨਾਂ ਦੀਆਂ ਫ਼ਸਲਾਂ ਵਿੱਚ ਬਹੁਤਾ ਪਾਣੀ ਨਾ ਭਰ ਸਕਿਆ ਅਤੇ ਇਸ ਸੂਏ ਦੇ ਪਾਣੀ ਨੂੰ ਪਿੱਛੇ ਤਾਪ ਘਰ ਨੂੰ ਜਾਂਦੀ ਕੱਸੀ ਵਿੱਚ ਛੱਡਿਆ ਗਿਆ, ਜਿਸ ਨਾਲ ਪਾੜ ਅਸਾਨੀ ਨਾਲ ਪੂਰਿਆ ਜਾ ਸਕਿਆ।
ਸਿੰਚਾਈ ਵਿਭਾਗ ਦੇ ਐੱਸਡੀਓ ਅਤਿੰਦਰ ਸਿੰਘ ਦਾ ਕਹਿਣਾ ਹੈ ਕਿ ਸਮੇਂ ਸਿਰ ਮਿਲੀ ਜਾਣਕਾਰੀ ਤੇ ਲੋਕਾਂ ਸਮੇਤ ਤਾਪ ਘਰ ਵੱਲੋਂ ਕੀਤੇ ਗਏ ਉਪਰਾਲਿਆਂ ਨਾਲ ਫ਼ਸਲਾਂ ਦਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।