ਨਸ਼ਾ-ਮੁਕਤ ਸਮਾਜ ਸਿਰਜਣ ਲਈ ਇਕੱਠੇ ਹੰਭਲਾ ਮਾਰਨ ਦੀ ਲੋੜ: ਸ਼ਰਮਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਅਕਤੂਬਰ
ਨਹਿਰੂ ਯੁਵਕ ਕੇਂਦਰ ਸੰਗਰੂਰ ਵੱਲੋਂ ਜ਼ਿਲ੍ਹਾ ਯੁਵਕ ਅਫਸਰ ਰਾਹੁਲ ਸੈਨੀ ਦੀ ਅਗਵਾਈ ਹੇਠ ਨੌਜਵਾਨ ਪੀੜ੍ਹੀ ਨੂੰ ਨਸ਼ਾ ਰਹਿਤ ਜੀਵਨ ਬਤੀਤ ਕਰਨ ਲਈ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਪ੍ਰਸਿੱਧ ਲੇਖਕ, ਸਮਾਜ ਸੇਵਕ ਅਤੇ ਨਸ਼ਾ ਛੁਡਾਊ ਕੇਂਦਰ ਦੇ ਸਾਬਕਾ ਡਾਇਰੈਕਟਰ ਮੋਹਨ ਸ਼ਰਮਾ ਸ਼ਾਮਲ ਹੋਏ। ਉਨ੍ਹਾਂ ਵਾਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇੜੀ ਇੱਕ ਚੰਗਾ ਬਾਪ, ਪੁੱਤ, ਪਤੀ ਅਤੇ ਚੰਗਾ ਨਾਗਰਿਕ ਨਹੀਂ ਹੋ ਸਕਦਾ। ਉਨ੍ਹਾਂ ਨਸ਼ਾ ਮੁਕਤ ਸਮਾਜ ਸਿਰਜਣ ਦਾ ਹੋਕਾ ਦਿੰਦਿਆਂ ਕਿਹਾ ਕਿ ਇਸ ਮੰਤਵ ਲਈ ਬੁੱਧੀਜੀਵੀਆਂ, ਸਮਾਜ ਸੇਵਕਾਂ, ਚਿੰਤਕਾਂ, ਮੈਡੀਕਲ ਖੇਤਰ ਨਾਲ ਜੁੜੇ ਅਧਿਕਾਰੀਆਂ, ਪੰਚਾਇਤਾਂ ਅਤੇ ਪ੍ਰਸ਼ਾਸਨ ਨੂੰ ਮਿਲਕੇ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਤੱਥਾਂ ਸਹਿਤ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਕਰਾਈਮ ਗ੍ਰਾਫ਼ ਵਧਣ ਦਾ ਮੁੱਖ ਕਾਰਨ ਵੀ ਨਸ਼ੇ ਹੀ ਹਨ। ਇਸ ਸਮੇਂ ਉਨ੍ਹਾਂ ਵਾਲੰਟੀਅਰਾਂ ਵੱਲੋਂ ਪੁੱਛੇ ਪ੍ਰਸ਼ਨਾਂ ਦੇ ਜਵਾਬ ਵੀ ਦਿੱਤੇ। ਪ੍ਰਿੰਸੀਪਲ ਡਾ: ਹਰਪਾਲ ਕੌਰ ਅਤੇ ਭਾਨੁਜ ਕਸ਼ਿਅਪ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।