For the best experience, open
https://m.punjabitribuneonline.com
on your mobile browser.
Advertisement

ਆਫ਼ਤ ਦੀ ਘੜੀ ਵਿੱਚ ਇਕਜੁੱਟ ਹੋਣ ਦੀ ਲੋੜ: ਕੇਜਰੀਵਾਲ

09:05 AM Jul 17, 2023 IST
ਆਫ਼ਤ ਦੀ ਘੜੀ ਵਿੱਚ ਇਕਜੁੱਟ ਹੋਣ ਦੀ ਲੋੜ  ਕੇਜਰੀਵਾਲ
ਨਵੀਂ ਦਿੱਲੀ ਦੇ ਮੋਰੀ ਗੇਟ ਖੇਤਰ ਵਿੱਚ ਲਾਏ ਰਾਹਤ ਕੈਂਪ ’ਚ ਹਡ਼੍ਹ ਪੀਡ਼ਤਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਕੇਜਰੀਵਾਲ। -ਫੋਟੋ: ਪੀਟੀਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਜੁਲਾਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹੜ੍ਹ ਪੀੜਤਾਂ ਲਈ ਲਈ ਲਾਏ ਰਾਹਤ ਕੈਂਪ ਦਾ ਦੌਰਾ ਕੀਤਾ। ਇਸ ਦੌਰਾਨ ਕੇਜਰੀਵਾਲ ਨੇ ਹੜ੍ਹ ਪੀੜਤਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉੱਤਰੀ ਦਿੱਲੀ ਦੇ ਮੋਰੀ ਗੇਟ ਖੇਤਰ ਸਥਿਤ ਇਕ ਸਕੂਲ ਵਿੱਚ ਲਗਾਏ ਰਾਹਤ ਕੈਂਪ ਵਿੱਚ ਕੇਜਰੀਵਾਲ ਨੇ ਐਲਾਨ ਕੀਤਾ ਕਿ ਦਿੱਲੀ ਸਰਕਾਰ ਉਨ੍ਹਾਂ ਲੋਕਾਂ ਲਈ ਵਿਸ਼ੇਸ਼ ਕੈਂਪ ਲਾਏਗੀ, ਜਨਿ੍ਹਾਂ ਦੇ ਆਧਾਰ ਕਾਰਡ ਸਮੇਤ ਹੋਰ ਜ਼ਰੂਰੀ ਦਸਤਾਵੇਜ਼ ਪਾਣੀ ਵਿੱਚ ਰੁੜ੍ਹ ਗਏ ਹਨ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਲਈ ਰਿਹਾਇਸ਼ ਦੇ ਨਾਲ-ਨਾਲ ਭੋਜਨ, ਪਾਣੀ ਅਤੇ ਪਖਾਨੇ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਲਈ ਕਿਤਾਬਾਂ ਅਤੇ ਕੱਪੜਿਆਂ ਦਾ ਦੁਬਾਰਾ ਪ੍ਰਬੰਧ ਕੀਤਾ ਜਾਵੇਗਾ। ਸਰਕਾਰ ਵੱਲੋਂ ਵੀ ਜਲਦੀ ਹੀ ਉਨ੍ਹਾਂ ਲੋਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਜਾਵੇਗਾ, ਜਨਿ੍ਹਾਂ ਦਾ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਮੌਕੇ ਕੇਜਰੀਵਾਲ ਨਾਲ ਕੈਬਨਿਟ ਮੰਤਰੀ ਆਤਿਸ਼ੀ ਵੀ ਹਾਜ਼ਰ ਸਨ। ਕੈਂਪ ਦੇ ਦੌਰੇ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਕੁਦਰਤੀ ਆਫ਼ਤ ਮੌਕੇ ਰਾਜਨੀਤੀ ਨਾ ਕਰਨ ਦੀ ਨਸੀਹਤ ਦਿੱਤੀ। ਦਿੱਲੀ ਸਰਕਾਰ ਦੇ ਮੰਤਰੀਆਂ ਦਾ ਵਿਰੋਧ ਕੀਤੇ ਜਾਣ ਸਬੰਧੀ ਕੇਜਰੀਵਾਲ ਨੇ ਕਿਹਾ ਕਿ ਜਦੋਂ ਇਕਜੁੱਟ ਹੋ ਕੇ ਕੰਮ ਕਰਨ ਦਾ ਸਮਾਂ ਹੈ ਅਜਿਹੇ ਵਿਚ ਭਾਜਪਾ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ।
ਜਾਣਕਾਰੀ ਅਨੁਸਾਰ ਕੇਜਰੀਵਾਲ ਵੱਲੋਂ 6 ਮੰਤਰੀਆਂ ਨੂੰ ਹੜ੍ਹ ਪ੍ਰਭਾਵਿਤ 6 ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਯੁਮਨਾ ਬਾਜ਼ਾਰ, ਤਿੱਵਤੀ ਬਾਜ਼ਾਰ, ਕਸ਼ਮੀਰੀ ਗੇਟ, ਰਾਜਘਾਟ, ਆਈਟੀਓ, ਅਕਸ਼ਰਧਾਮ, ਮਯੂਰ ਵਿਹਾਰ, ਕਾਲਿੰਦੀ ਤੇ ਓਖਲਾ ਦਾ ਯਮੁਨਾ ਖਾਦਰ ਦੇ ਇਲਾਕੇ ਅਜੇ ਵੀ ਨਦੀ ਦੇ ਪਾਣੀ ਦੀ ਮਾਰ ਹੇਠ ਹਨ। ਜਦੋਂ ਕਿ ਯਮੁਨਾ ਨਦੀ ਉੱਤਰੀ ਦਿੱਲੀ ਦੇ ਲੋਕ ਆਪਣੀ ਦੁਕਾਨਾਂ ਤੇ ਘਰਾਂ ਵੱਲ ਵਾਪਸ ਜਾਣ ਲੱਗੇ ਹਨ। ਇਹ ਹੜ੍ਹ ਮਗਰੋਂ ਦੁਕਾਨਾਂ ਤੇ ਘਰ ਛੱਡ ਕੇ ਰਾਹਤ ਕੈਂਪਾਂ ਵਿੱਚ ਚੱਲੇ ਗਏ ਸਨ। ਕੁਝ ਲੋਕ ਕਸ਼ਮੀਰੀ ਗੇਟ ਨੇੜੇ ਸਥਿਤ ਬਾਜ਼ਾਰ ਵਿੱਚ ਆਪਣੀਆਂ ਦੁਕਾਨਾਂ ਦੀ ਹਾਲਤ ਦੇਖਣ ਪੁੱਜੇ, ਜਿੱਥੇ ਮੀਂਹ ਮਗਰੋਂ ਹੜ੍ਹ ਆ ਗਿਆ ਸੀ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਪਾਣੀ ਦੀ ਮਾਰ ਹੇਠ ਆਏ ਖੇਤਰਾਂ ਵਿੱਚ ਚੱਲਦੇ-ਫਿਰਦੇ ਪੰਪਾਂ ਨਾਲ ਪਾਣੀ ਕੱਢਣ ਦੀਆਂ ਕੋਸ਼ਿਸ਼ਾਂ ਜਾਰੀ ਸਨ। ਯਮੁਨਾ ਦੇ ਆਈਟੀਓ ਬੈਰਾਜ ਦੇ ਜਾਮ ਹੋਏ 5 ਵਿੱਚੋਂ ਚਾਰ ਗੇਟਾਂ ਨੂੰ ਖੋਲ੍ਹਣ ਲਈ ਜਲ ਸੈਨਾ ਤੇ ਫ਼ੌਜ ਦੇ ਇੰਜੀਨੀਆਰਾਂ ਦੀਆਂ ਟੀਮਾਂ ਜਦੋ-ਜਹਿਦ ਕਰ ਰਹੀਆਂ ਹਨ।
ਇਸ ਦੌਰਾਨ ਉੱਤਰੀ ਦਿੱਲੀ ਦੇ ਹਕੀਕਤ ਨਗਰ ਵਿੱਚ ਲੋਕਾਂ ਨੇ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਇਲਾਕੇ ਦੇ ਨਾਲਿਆਂ ਦਾ ਪਾਣੀ ਵਾਪਸ ਆਉਣ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਭਰ ਗਿਆ ਹੈ। ਸਥਾਨਕ ਲੋਕਾਂ ਨੇ ਦਿੱਲੀ ਨਗਰ ਨਿਗਮ ਨੂੰ ਨਿਸ਼ਾਨਾ ਬਣਾਇਆ ਕਿ ਪਾਣੀ ਭਰਨ ਦੀ ਨੌਬਤ ਆਉਣ ਮਗਰੋਂ ਵੀ ਅਧਿਕਾਰੀ ਨਹੀਂ ਜਾਗੇ। ਉਨ੍ਹਾਂ ਦੱਸਿਆ ਕਿ ਪਾਣੀ ਦਾ ਪੱਧਰ 3 ਫੁੱਟ ਤੱਕ ਪਹੁੰਚ ਗਿਆ ਕਿਉਂਕਿ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਚੱਲ ਰਿਹਾ ਹੈ ਤੇ ਨਾਲਿਆਂ ਦਾ ਪਾਣੀ ਯਮੁਨਾ ਵਿੱਚ ਨਹੀਂ ਜਾ ਰਿਹਾ, ਇਸੇ ਕਰਕੇ ਪਾਣੀ ਦਾ ਨਿਕਾਸ ਰੁਕ ਗਿਆ ਹੈ।
ਉਧਰ ਦਿੱਲੀ ਵਿੱਚ ਹੜ੍ਹ ਕਾਰਨ ਵਪਾਰ ਉਪਰ ਬਹੁਤ ਬੁਰਾ ਅਸਰ ਪਿਆ ਹੈ। ਵਪਾਰੀਆਂ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 6 ਹਜ਼ਾਰ ਕਰੋੜ ਦਾ ਨੁਕਸਾਨ ਹੁਣ ਤੱਕ ਹੋ ਚੁੱਕਾ ਹੈ। ਸਦਰ ਬਾਜ਼ਾਰ, ਕਸ਼ਮੀਰੀ ਗੇਟ, ਤਬਿੱਤੀ ਬਾਜ਼ਾਰ, ਯਮੁਨਾ ਬਾਜ਼ਾਰ, ਸਿਵਲ ਲਾਈਨਜ਼ ਦੇ ਇਲਾਕਿਆਂ ਵਿੱਚ ਪਾਣੀ ਭਰਨ ਕਾਰਨ ਜਿੱਥੇ ਦੁਕਾਨਾਂ ਵਿੱਚ ਰੱਖੇ ਸਾਮਾਨ ਦਾ ਨੁਕਸਾਨ ਹੋਇਆ ਹੈ ਉੱਥੇ ਹੀ ਮਕਾਨਾਂ ਵਿੱਚ ਦਾਖ਼ਲ ਹੋਏ ਪਾਣੀ ਨਾਲ ਘਰੇਲੂ ਸਾਮਾਨ ਵੀ ਬਰਬਾਦ ਹੋਇਆ ਹੈ। ਪਾਣੀ ਵਿੱਚ ਡੁੱਬੀਆਂ ਕਾਰਾਂ ਤੇ ਹੋਰ ਵਾਹਨਾਂ ਵਿੱਚ ਪਾਣੀ ਪੈਣ ਕਾਰਨ ਵੀ ਲੱਖਾਂ ਦਾ ਨੁਕਸਾਨ ਹੋਇਆ ਹੈ।

Advertisement

ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਘਟਿਆ
ਅੱਜ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ 205.85 ਮੀਟਰ ’ਤੇ ਸੀ ਪਰ ਅਧਿਕਾਰੀਆਂ ਦਾ ਅਨੁਮਾਨ ਹੈ ਕਿ ਕੁਝ ਕੁ ਸਮੇਂ ਵਿੱਚ ਇਹ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਆ ਜਾਵੇਗਾ। ਜਾਣਕਾਰੀ ਅਨੁਸਾਰ ਹਰਿਆਣਾ ਦੇ ਹਥਨੀਕੁੰਡ ਬੈਰਾਜ ਤੋਂ ਅੱਜ ਫਿਰ 84 ਹਜ਼ਾਰ ਕਿਊਸਿਕ ਹੋਰ ਪਾਣੀ ਛੱਡਿਆ ਗਿਆ ਕਿਉਂਕਿ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਿੱਚ ਤੇਜ਼ ਮੀਂਹ ਪੈ ਰਿਹਾ ਹੈ। ਹਥਨੀਕੁੰਡ ਤੋਂ ਦਿੱਲੀ ਤੱਕ ਪਾਣੀ ਪਹੁੰਚਣ ਲਈ 48 ਘੰਟੇ ਲੱਗਦੇ ਹਨ। ਕਈ ਇਲਾਕਿਆਂ ਨੂੰ ਯਮੁਨਾ ਦੇ ਪਾਣੀ ਦਾ ਪੱਧਰ ਹੇਠਾਂ ਆਉਣ ਨਾਲ ਰਾਹਤ ਮਿਲੀ ਹੈ।

Advertisement

ਮੇਅਰ ਵੱਲੋਂ ਕਸ਼ਮੀਰੀ ਗੇਟ ਖੇਤਰ ਦਾ ਜਾਇਜ਼ਾ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੀ ਮੇਅਰ ਸ਼ੈਲੀ ਓਬਰਾਏ ਨੇ ਕਸ਼ਮੀਰੀ ਗੇਟ ਸਥਿਤ ਪ੍ਰਿਯਦਰਸ਼ਨੀ ਕਲੋਨੀ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ। ਮੇਅਰ ਨੇ ਕਿਹਾ, ‘ਇੱਥੇ, ਲੋਕਾਂ ਨੇ ਸਾਨੂੰ ਦੱਸਿਆ ਹੈ ਕਿ ਹੜ੍ਹ ਦੌਰਾਨ ਉਨ੍ਹਾਂ ਦੇ ਆਧਾਰ ਅਤੇ ਵੋਟਰ ਆਈਡੀ ਕਾਰਡ ਵਰਗੇ ਬਹੁਤ ਸਾਰੇ ਮਹੱਤਵਪੂਰਨ ਦਸਤਾਵੇਜ਼ ਗੁਆਚ ਗਏ ਹਨ। ਅਸੀਂ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਇੱਕ ਕੈਂਪ ਲਗਾਵਾਂਗੇ ਤਾਂ ਜੋ ਉਹ ਜਲਦੀ ਹੀ ਇਹ ਸਰਕਾਰੀ ਦਸਤਾਵੇਜ਼ ਬਣਾ ਸਕਣ’। ਉਨ੍ਹਾਂ ਹੜ੍ਹ ਪੀੜਤਾਂ ਨੂੰ ਭਰੋਸਾ ਦਿੱਤਾ ਕਿ ਦਿੱਲੀ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਕੈਂਪਾਂ ਵਿੱਚ ਪ੍ਰੇਸ਼ਾਨੀ ਨਾ ਹੋਵੇ। ਇਸੇ ਦੌਰਾਨ ਦਿੱਲੀ ਦੇ ਜਲ ਮੰਤਰੀ ਸੌਰਭ ਭਾਰਦਵਾਜ ਨੇ ਆਈਟੀਓ ਦਾ ਦੌਰਾ ਕੀਤਾ ਤੇ ਹਾਲਤਾਂ ਦਾ ਜਾਇਜ਼ਾ ਲਿਆ। ਇਸ ਇਲਾਕੇ ਵਿੱਚ ਕਈ ਇਮਾਰਤਾਂ ਵਿੱਚ ਪਾਣੀ ਦਾਖ਼ਲ ਹੋਏ ਨੂੰ 4 ਦਨਿ ਹੋ ਗਏ ਹਨ। ਕਈ ਦੁਕਾਨਾਂ ਵਿੱਚ ਪਾਣੀ ਭਰ ਚੁੱਕਾ ਹੈ। ਇੰਦਰਪ੍ਰਸਤ ਥਾਣੇ ਵਿੱਚ ਵੀ ਪਾਣੀ ਭਰ ਗਿਆ ਹੈ। ਸ਼ਾਹਦਰਾ ਇਲਾਕੇ ਵਿੱਚ ਵਿਕਾਸ ਮੰਤਰੀ ਗੋਪਾਲ ਰਾਏ ਵੱਲੋਂ ਰਾਹਤ ਵਿੱਚ ਰੁਕੇ ਲੋਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਿੱਥੇ ਪਾਣੀ ਉੱਤਰ ਗਿਆ ਹੈ ਉੱਥੇ ਸਫ਼ਾਈ ਤੇ ਡਾਕਟਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਚੰਦਰਵਾਲ ਵਾਟਰ ਟ੍ਰੀਟਮੈਂਟ ਪਲਾਂਟ ਮੁੜ ਚਾਲੂ
ਨਵੀਂ ਦਿੱਲੀ: ਇੱਥੇ ਚੰਦਰਵਾਲ ਵਾਟਰ ਟ੍ਰੀਟਮੈਂਟ ਪਲਾਂਟ ਨੇ ਮੁੜ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਹੜ੍ਹ ਆਉਣ ਮਗਰੋਂ ਬੰਦ ਹੋ ਗਿਆ ਸੀ। ਜਾਣਕਾਰੀ ਅਨੁਸਾਰ ਯਮੁਨਾ ਨਦੀ ਵਿੱਚ ਪਾਣੀ ਦਾ ਪੱਧਰ ਘਟਣ ਮਗਰੋਂ ਓਖਲਾ ਵਾਟਰ ਟ੍ਰੀਟਮੈਂਟ ਪਲਾਂਟ ਪਹਿਲਾਂ ਹੀ ਚਾਲੂ ਹੈ। ਚੰਦਰਵਾਲ ਵਾਟਰ ਟ੍ਰੀਟਮੈਂਟ ਪਲਾਂਟ ਦੇ ਮੁੜ ਸ਼ੁਰੂ ਹੋਣ ਬਾਰੇ ਜਾਣਕਾਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਤੀ। ਅਧਿਕਾਰੀਆਂ ਮੁਤਾਬਕ ਐਤਵਾਰ ਸਵੇਰੇ 9 ਵਜੇ ਯਮੁਨਾ ਦੇ ਪਾਣੀ ਦਾ ਪੱਧਰ 205.98 ਮੀਟਰ ਹੇਠਾਂ ਆ ਗਿਆ ਹੈ ਜੋ ਵੀਰਵਾਰ ਨੂੰ 208.66 ਮੀਟਰ ਤੱਕ ਪਹੁੰਚ ਗਿਆ ਸੀ। ਉਨ੍ਹਾਂ ਦੱਸਿਆ ਕਿ ਪਿਛਲੇ ਦੋ ਦਨਿਾਂ ਤੋਂ ਹਰਿਆਣਾ ਦੇ ਯਮੁਨਾਨਗਰ ਵਿੱਚ ਹਥਨੀਕੁੰਡ ਬੈਰਾਜ ਤੋਂ ਪਾਣੀ ਦੇ ਘੱਟ ਵਹਾਅ ਕਾਰਨ ਯਮੁਨਾ ਵਿੱਚ ਪਾਣੀ ਦਾ ਪੱਧਰ ਹੇਠਾਂ ਆ ਗਿਆ ਹੈ। ਵਾਟਰ ਟਰੀਟਮੈਂਟ ਪਲਾਂਟਾਂ ਵਿੱਚ ਪਾਣੀ ਭਰ ਜਾਣ ਕਾਰਨ ਸ਼ਹਿਰ ਦੀ ਆਮ ਪਾਣੀ ਦੀ ਸਪਲਾਈ ਵਿੱਚ ਵਿਘਨ ਪਿਆ ਹੈ। -ਪੀਟੀਆਈ

Advertisement
Tags :
Author Image

sukhwinder singh

View all posts

Advertisement