ਪ੍ਰਦੂਸ਼ਣ ਨਾਲ ਨਜਿੱਠਣ ਲਈ ਫੌਰੀ ਕਦਮ ਚੁੱਕਣ ਦੀ ਲੋੜ: ਗੋਪਾਲ ਰਾਏ
ਨਵੀਂ ਦਿੱਲੀ, 26 ਅਕਤੂਬਰ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਉੱਤਰ ਭਾਰਤ ਵਿੱਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਦੀ ਫੌਰੀ ਲੋੜ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਅਗਲੇ 15 ਦਿਨ ਬਹੁਤ ਅਹਿਮ ਹਨ। ਗੋਪਾਲ ਰਾਏ ਅੱਜ ਕੇਂਦਰ ਸਰਕਾਰ ਨਾਲ ਇਕ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਮੀਟਿੰਗ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਤੇ ਭੁਪੇਂਦਰ ਯਾਦਵ ਦੇ ਨਾਲ-ਨਾਲ ਗੁਆਂਢੀ ਸੂਬਿਆਂ ਦੇ ਵਾਤਾਵਰਨ ਮੰਤਰੀ ਵੀ ਸ਼ਾਮਲ ਸਨ। ਇਸ ਮੀਟਿੰਗ ਦਾ ਉਦੇਸ਼ ਖੇਤਰ ਵਿੱਚ ਵਿਗੜ ਰਹੀ ਹਵਾ ਦੀ ਗੁਣਵੱਤਾ ਦਾ ਮੁਲਾਂਕਣ ਕਰਕੇ ਹੱਲ ਕਰਨਾ ਸੀ। ਰਾਏ ਨੇ ਇਸ ਸਾਲ ਦੀ ਬੈਠਕ ’ਚ ਦੇਰੀ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, ‘‘ਪਿਛਲੇ ਸਾਲ ਅਗਸਤ ’ਚ ਅਜਿਹੀ ਹੀ ਬੈਠਕ ਹੋਈ ਸੀ, ਜਿਸ ’ਚ ਸਾਨੂੰ ਰਣਨੀਤੀ ਬਣਾਉਣ ਲਈ ਜ਼ਿਆਦਾ ਸਮਾਂ ਦਿੱਤਾ ਗਿਆ ਸੀ, ਜੋ ਅਕਤੂਬਰ ਦੇ ਆਖਰੀ ਹਫਤੇ ’ਚ ਹੋਈ ਸੀ। ਜੇਕਰ ਅੱਜ ਦੀ ਮੀਟਿੰਗ ਤਿੰਨ ਮਹੀਨੇ ਪਹਿਲਾਂ ਕੀਤੀ ਹੁੰਦੀ ਤਾਂ ਅਸੀਂ ਪ੍ਰਦੂਸ਼ਣ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠ ਸਕਦੇ ਸੀ।’’ ਰਾਏ ਅਨੁਸਾਰ ਪੰਜਾਬ ’ਚ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ ਕਮੀ ਆਈ ਹੈ। ਇਸ ਸਾਲ ਸਿਰਫ 1500 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ 2022 ਵਿੱਚ 5000 ਮਾਮਲੇ ਦਰਜ ਕੀਤੇ ਗਏ ਸਨ। ਇਸ ਦੌਰਾਨ ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕਿਹਾ ਕਿ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਵਾਧਾ ਹੋਇਆ ਹੈ, ਜੋ ਖੇਤਰ ਵਿੱਚ ਹਵਾ ਦੀ ਗੁਣਵੱਤਾ ਲਈ ਇੱਕ ਵੱਡਾ ਖਤਰਾ ਹੈ। ਇਸ ਦੌਰਾਨ ਗੋਪਾਲ ਰਾਏ ਨੇ ਚਿਤਾਵਨੀ ਦਿੱਤੀ, ‘‘ਅਗਲੇ 15 ਦਿਨ ਮਹੱਤਵਪੂਰਨ ਹਨ।’’ ਉਨ੍ਹਾਂ ਕਿਹਾ ਕਿ ਉੱਤਰ-ਪੱਛਮ ਤੋਂ ਆਉਣ ਵਾਲੀਆਂ ਮੌਸਮੀ ਹਵਾਵਾਂ ਪ੍ਰਦੂਸ਼ਣ ਨੂੰ ਦਿੱਲੀ ਅਤੇ ਆਸਪਾਸ ਦੇ ਖੇਤਰਾਂ ਵਿੱਚ ਲਿਜਾ ਸਕਦੀਆਂ ਹਨ ਤੇ ਇਸ ਨਾਲ ਪ੍ਰਦੂਸ਼ਣ ਦੀ ਸਮੱਸਿਆ ਹੋਰ ਵਧ ਸਕਦੀ ਹੈ। ਰਾਏ ਨੇ ਕਿਹਾ, ‘‘ਹਾਲਾਂਕਿ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਪਰ ਦੀਵਾਲੀ ਤੋਂ ਬਾਅਦ ਦਾ ਸਮਾਂ ਬਹੁਤ ਮਹੱਤਵਪੂਰਨ ਹੋਵੇਗਾ’’। ਉਨ੍ਹਾਂ ਨੇ ਕੇਂਦਰ ਅਤੇ ਰਾਜ ਦੇ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੱਧ ਤੋਂ ਵੱਧ ਉਪਰਾਲੇ ਕਰਨ ਦੀ ਅਪੀਲ ਕੀਤੀ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪਰਾਲੀ ਸਾੜਨ ’ਤੇ ਪਾਬੰਦੀ ਲਗਾਈ ਜਾ ਸਕੇ।
ਹਵਾ ਦੀ ਗੁਣਵੱਤਾ ’ਚ ਥੋੜ੍ਹਾ ਸੁਧਾਰ
ਨਵੀਂ ਦਿੱਲੀ: ਕੌਮੀ ਰਾਜਧਾਨੀ ਵਿੱਚ ਅਨੁਕੂਲ ਹਵਾਵਾਂ ਕਾਰਨ ਅੱਜ ਸਵੇਰੇ ਹਵਾ ਦੀ ਗੁਣਵੱਤਾ ਵਿੱਚ ਥੋੜ੍ਹਾ ਸੁਧਾਰ ਹੋਇਆ। ਪ੍ਰਦੂਸ਼ਣ ਕੰਟੋਰਲ ਬੋਰਡ ਅਨੁਸਾਰ ਅੱਜ ਹਵਾ ਦੀ ਗੁਣਵੱਤਾ ਦਾ ਪੱਧਰ (ਏਕਿਊਆਈ) ‘ਖ਼ਰਾਬ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਬੋਰਡ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਵੇਰੇ ਨੌਂ ਵਜੇ ਹਵਾ ਦੀ ਗੁਣਵੱਤਾ ਦਾ ਪੱਧਰ 227 ਦਰਜ ਕੀਤਾ ਗਿਆ, ਜਦੋਂ ਕਿ ਸ਼ੁੱਕਰਵਾਰ ਸਵੇਰੇ ਇਹ 281 ਸੀ। ਕੱਲ੍ਹ ਸ਼ਾਮ ਚਾਰ ਵਜੇ ਤੱਕ 24 ਘੰਟੇ ਦਾ ਔਸਤ ਏਕਿਊਆਈ 270 ਦਰਜ ਕੀਤਾ ਗਿਆ ਸੀ। ਰਾਜਧਾਨੀ ਵਿੱਚ ਲਗਾਤਾਰ ਦੂਜਾ ਦਿਨ ਹੈ ਜਦੋਂ ਏਕਿਊਆਈ ਵਿੱਚ ਸੁਧਾਰ ਹੋਇਆ ਹੈ, ਜਦੋਂਕਿ ਪਿਛਲੇ ਚਾਰ ਦਿਨਾਂ ਤੱਕ ਏਕਿਊਆਈ ‘ਬਹੁਤ ਖ਼ਰਾਬ’ ਦਰਜ ਕੀਤਾ ਗਿਆ ਸੀ। -ਪੀਟੀਆਈ