ਕੁਦਰਤੀ ਜਲ ਸਰੋਤਾਂ ਨੂੰ ਬਚਾਉਣ ਦੀ ਲੋੜ: ਸੰਤ ਸੀਚੇਵਾਲ
ਪੱਤਰ ਪ੍ਰੇਰਕ
ਜਲੰਧਰ, 2 ਫਰਵਰੀ
ਨਿਰਮਲ ਕੁਟੀਆ ਸੀਚੇਵਾਲ ਵਿਖੇ ਅੱਜ ਵਿਸ਼ਵ ਜਲਗਾਹ ਦਿਵਸ ਮਨਾਇਆ ਗਿਆ ਤਾਂ ਜੋ ਪਾਣੀਆਂ ਦੇ ਕੁਦਰਤੀ ਸਰੋਤਾਂ ਦੀ ਸੰਭਾਲ ਹੋ ਸਕੇ। ਇਸ ਸਮਾਗਮ ਦੌਰਾਨ ਹੀ ਇਲਾਕੇ ਭਰ ਦੀਆਂ ਸੰਗਤਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਜਨਮ ਦਿਨ ਮੌਕੇ ਉਨ੍ਹਾਂ ਦੀ ਲੰਮੀ ਉਮਰ ਤੇ ਸਿਹਤਯਾਬੀ ਲਈ ਅਰਦਾਸ ਕੀਤੀ। ਸੰਤ ਸੀਚੇਵਾਲ ਪੰਜਾਬ ਦੀਆਂ ਜਲਗਾਹਾਂ ਦਾ ਜ਼ਿਕਰ ਕਰਦਿਆ ਕਿਹਾ ਕਿ ਹਰੀਕੇ ਪੱਤਣ, ਕਾਂਜਲੀ ਰੋਪੜ ਦੀਆਂ ਝੀਲਾਂ ਕੌਮਾਂਤਰੀ ਪੱਧਰ ਦੀਆਂ ਪਛਾਣ ਰੱਖਦੀਆਂ ਹਨ ਪਰ ਇਨ੍ਹਾਂ ਜਲਗਾਹਾਂ ਦੇ ਵੱਡੇ ਹਿੱਸੇ ’ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ ਜੋ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਕਿਹਾ ਕਿ ਪਾਣੀਆਂ ਦੇ ਪੱਖ ਤੋਂ ਪੰਜਾਬ ਬੜੇ ਗੰਭੀਰ ਸੰਕਟ ਵਿੱਚੋਂ ਲੰਘ ਰਿਹਾ ਹੈ ਤੇ ਅਜਿਹੇ ਸਮੇਂ ਦੌਰਾਨ ਇਨ੍ਹਾਂ ਪਾਣੀਆਂ ਦੇ ਕੁਦਰਤੀ ਜਲਸਰੋਤਾਂ ਨੂੰ ਬਚਾਉਣ ਦੀ ਸਖਤ ਲੋੜ ਹੈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਗਈਆਂ। ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਜਨਮ ਦਿਨ ਮੌਕੇ ਜਿੱਥੇ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਆਗੂਆਂ ਨੇ ਵਧਾਈਆਂ ਦਿੱਤੀਆਂ। ਰਾਸ਼ਟਰਪਤੀ ਦਰੋਪਦੀ ਮੁਰਮੂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਿੱਠੀ ਰਾਹੀਂ ਜਨਮ ਦਿਨ ਦੀਆਂ ਵਧਾਈਆਂ ਭੇਜੀਆਂ।