ਪੰਜਾਬੀ ਸੰਗੀਤ ਦੀਆਂ ਜੜ੍ਹਾਂ ਪਛਾਨਣ ਦੀ ਲੋੜ: ਰੋਹਿਤ ਜੁਗਰਾਜ
ਮੁੰਬਈ: ਓਟੀਟੀ ’ਤੇ ਆਪਣੀ ਪਹਿਲੀ ਸੀਰੀਜ਼ ‘ਚਮਕ’ ਲੈ ਕੇ ਹਾਜ਼ਰ ਲੇਖਕ ਤੇ ਨਿਰਦੇਸ਼ਕ ਰੋਹਿਤ ਜੁਗਰਾਜ ਦਾ ਕਹਿਣਾ ਹੈ ਕਿ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਸ਼ੋਹਰਤ ਅਤੇ ਜੁਰਮ ਦਾ ਆਪਸ ਵਿੱਚ ਡੂੰਘਾ ਸਬੰਧ ਹੁੰਦਾ ਹੈ। ਇਹ ਸੀਰੀਜ਼ ਇੱਕ ਨੌਜਵਾਨ ਰੈਪਰ ਕਾਲਾ (ਪਰਮਵੀਰ ਸਿੰਘ ਚੀਮਾ) ਦੀ ਕਹਾਣੀ ਹੈ, ਜੋ ਮਰਹੂਮ ਪੰਜਾਬੀ ਗਾਇਕ ਤਾਰਾ ਸਿੰਘ ਦੀ ਇੱਕ ਪ੍ਰੋਗਰਾਮ ਦੌਰਾਨ ਹੋਈ ਮੌਤ ਸਬੰਧੀ ਤਹਿਕੀਕਾਤ ਕਰਨ ਲਈ ਕੈਨੇਡਾ ਤੋਂ ਪੰਜਾਬ ਆਉਂਦਾ ਹੈ। ਜੁਗਰਾਜ ਦਾ ਕਹਿਣਾ ਹੈ, ‘ਅਸੀਂ ਵਿਆਹ-ਸ਼ਾਦੀ, ਕ੍ਰਿਕਟ ਮੈਚ ਜਾਂ ਕਿਸੇ ਵੀ ਹੋਰ ਪ੍ਰੋਗਰਾਮ ਵਿੱਚ ਪੰਜਾਬੀ ਗੀਤਾਂ ਦਾ ਆਨੰਦ ਮਾਣਦੇ ਹਾਂ। ਹੁਣ ਸਮਾਂ ਹੈ ਜਦੋਂ ਅਸੀਂ ਆਪਣੇ ਇਸ ਪੰਜਾਬੀ ਸੰਗੀਤ ਜਗਤ ਦੀਆਂ ਜੜ੍ਹਾਂ, ਸਿਆਸਤ ਅਤੇ ਇਨ੍ਹਾਂ ਪਿੱਛੇ ਕੰਮ ਕਰਦੀਆਂ ਮਨੁੱਖੀ ਭਾਵਨਾਵਾਂ ਦੀ ਪਛਾਣ ਕਰੀਏ। ਸਾਨੂੰ ਨੇੜੇ ਹੋ ਕੇ ਪੰਜਾਬੀ ਸੰਗੀਤ ਜਗਤ ਨੂੰ ਘੋਖਣਾ ਚਾਹੀਦਾ ਹੈ।’ ਜ਼ਿਕਰਯੋਗ ਹੈ ਕਿ ਜੁਗਰਾਜ ਇਸ ਤੋਂ ਪਹਿਲਾਂ ‘ਜੱਟ ਜੇਮਜ਼ ਬੌਂਡ’ ਤੇ ‘ਸਰਦਾਰ ਜੀ’ ਵਰਗੀਆਂ ਫਿਲਮਾਂ ਦੇ ਚੁੱਕਿਆ ਹੈ। ਉਸ ਨੇ ਕਿਹਾ, ‘ਪੰਜਾਬੀ ਸੰਗੀਤ ਦੀ ਪਹੁੰਚ ਬਹੁਤ ਦੂਰ ਤੱਕ ਹੈ ਅਤੇ ਇਸ ਨਾਲ ਪੈਸਾ ਤੇ ਜੁਰਮ ਦੋਵੇਂ ਜੁੜੇ ਹੋਏ ਹਨ ਜਿਸ ਬਾਰੇ ਪਤਾ ਲਗਾਉਣਾ ਬਹੁਤ ਹੀ ਦਿਲਚਸਪ ਕੰਮ ਹੈ। ਕਾਬਿਲੇਗੌਰ ਹੈ ਕਿ ਦੋ ਪੰਜਾਬੀ ਕਲਾਕਾਰਾਂ ਦੀ ਪੰਜਾਬ ਵਿੱਚ ਹੱਤਿਆ ਹੋਈ ਹੈ ਜਿਨ੍ਹਾਂ ਵਿੱਚ ਅਮਰ ਸਿੰਘ ਚਮਕੀਲਾ ਤੇ ਸਿੱਧੂ ਮੂਸੇਵਾਲਾ ਸ਼ਾਮਲ ਹਨ। ਚਮਕੀਲਾ ਨੂੰ ਸਾਲ 1988 ਵਿੱਚ ਗੋਲੀ ਮਾਰੀ ਗਈ ਸੀ ਜਦੋਂਕਿ ਮੂਸੇਵਾਲਾ ਦੀ ਹੱਤਿਆ 2022 ਵਿੱਚ ਕੀਤੀ ਗਈ ਸੀ ।’ -ਪੀਟੀਆਈ