ਬਠਿੰਡਾ ਦਾ ਬੱਸ ਅੱਡਾ ਸ਼ਹਿਰ ਤੋਂ ਬਾਹਰ ਲਿਜਾਣ ਦੀ ਲੋੜ: ਮਲੂਕਾ
ਪੱਤਰ ਪ੍ਰੇਰਕ
ਬਠਿੰਡਾ, 11 ਦਸੰਬਰ
ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ ਦੇ ਮੁੱਖ ਬੱਸ ਅੱਡੇ ਨੂੰ ਮਲੋਟ ਰੋਡ ’ਤੇ ਤਬਦੀਲ ਕਰਨ ਬਾਰੇ ਚੱਲ ਰਹੀਆਂ ਚਰਚਾਵਾਂ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਖੁਸ਼ੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲ ਦਾ ਉਹ ਸਵਾਗਤ ਕਰਦੇ ਹਨ। ਮਲੂਕਾ ਨੇ ਕਿਹਾ ਕਿ ਬਠਿੰਡਾ ਦਾ ਮੁੱਖ ਬੱਸ ਅੱਡਾ ਛੇ ਦਹਾਕੇ ਪਹਿਲਾਂ ਬਣਾਇਆ ਗਿਆ ਸੀ ਅਤੇ ਇਸ ਦੌਰਾਨ ਸ਼ਹਿਰ ਦੀ ਆਬਾਦੀ ਕਈ ਗੁਣਾ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਬੱਸ ਅੱਡਾ ਸ਼ਹਿਰ ਦੇ ਬਿਲਕੁੱਲ ਵਿਚਾਲੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਹੈ, ਜਿੱਥੇ ਹਰ ਰੋਜ਼ ਸੈਂਕੜੇ ਬੱਸਾਂ ਦਾ ਆਉਣਾ-ਜਾਣਾ ਹੁੰਦਾ ਹੈ, ਜਿਸ ਕਰਕੇ ਟ੍ਰੈਫਿਕ ਦੀ ਸਮੱਸਿਆ ਹਰ ਦਿਨ ਵਧਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਤਿੰਨ ਪਾਸੇ ਤੋਂ ਆਈਟੀਆਈ ਚੌਕ ਅਤੇ ਏਆਈਐੱਮਜ਼ ਤੱਕ ਹਮੇਸ਼ਾ ਟ੍ਰੈਫਿਕ ਜਾਮ ਲੱਗੇ ਰਹਿੰਦੇ ਹਨ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਸ ਅੱਡੇ ਨੂੰ ਸ਼ਹਿਰ ਤੋਂ ਬਾਹਰ ਤਬਦੀਲ ਕਰਨਾ ਸਮੇਂ ਦੀ ਲੋੜ ਹੈ। ਮਲੂਕਾ ਨੇ ਕਿਹਾ ਕਿ ਮਲੋਟ ਰੋਡ ਹੀ ਇਸ ਕੰਮ ਲਈ ਸਭ ਤੋਂ ਚੰਗਾ ਵਿਕਲਪ ਹੈ ਜਦਕਿ ਕੁਝ ਸੰਸਥਾਵਾਂ ਅਤੇ ਕੁਝ ਆਗੂ ਨਿੱਜੀ ਕਾਰਨਾਂ ਕਰਕੇ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਜੋੜ ਦੇ ਨਾਲ ਕਿਹਾ ਕਿ ਸਾਨੂੰ ਸਰਕਾਰ ਦੇ ਫੈਸਲੇ ਦਾ ਸਿਰਫ ਵਿਰੋਧ ਲਈ ਵਿਰੋਧ ਨਹੀਂ ਕਰਨਾ ਚਾਹੀਦਾ। ਸ਼ਹਿਰ ਦੀ ਤਰੱਕੀ ਅਤੇ ਟ੍ਰੈਫਿਕ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੂੰ ਜਲਦੀ ਹੀ ਇਸ ’ਤੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ।