ਜੰਗਾਂ ਤੋਂ ਸਬਕ ਲੈਣ ਦੀ ਲੋੜ, ਉਹੀ ਗ਼ਲਤੀਆਂ ਨਹੀਂ ਦੁਹਰਾਉਣੀਆਂ ਚਾਹੀਦੀਆਂ: ਸੀਡੀਐੱਸ
ਨਵੀਂ ਦਿੱਲੀ, 18 ਜੁਲਾਈ
ਚੀਫ਼ ਆਫ ਡਿਫੈਂਸ ਸਟਾਫ (ਸੀਡੀਐੱਸ) ਜਨਰਲ ਅਨਿਲ ਚੌਹਾਨ ਨੇ ਅੱਜ ਕਾਰਗਿਲ ਦੀ ਜੰਗ ਵਿੱਚ ਭਾਰਤੀ ਸੈਨਿਕਾਂ ਵੱਲੋਂ ਦਿਖਾਈ ਗਈ ਬਹਾਦਰੀ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਜੰਗ ਦੀਆਂ ਯਾਦਾਂ ਨੂੰ ਚੇਤੇ ਕਰਨ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜੰਗਾਂ ਦੇ ਨਤੀਜਿਆਂ ’ਤੇ ਇਕ ਝਾਤ ਮਾਰੀ ਜਾਵੇ ਅਤੇ ਭਵਿੱਖ ਲਈ ਉਨ੍ਹਾਂ ਤੋਂ ਸਬਕ ਲਿਆ ਜਾਵੇ।
ਉਨ੍ਹਾਂ ਆਖਿਆ ਕਿ 1999 ਦੀ ਜੰਗ ਦੌਰਾਨ ਪਾਕਿਸਤਾਨ ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸਪੱਸ਼ਟ ਤੌਰ ’ਤੇ ‘ਆਪਣਾ ਟੀਚਾ ਹਾਸਲ ਕਰਨ’ ਵਿੱਚ ਸਫਲ ਨਾ ਸਕਿਆ। ਸੀਡੀਐੇੱਸ ਚੌਹਾਨ ਨੇ ਕਿਹਾ, ‘‘ਅੱਜ ਅਸੀਂ ਜਿਹੜੀ ਜੰਗ ਦੇਖ ਰਹੇ ਹਾਂ ਉਹ ਉਸੇ ਵਿਚਾਰਧਾਰਾ ਤੇ ਮਾਨਸਿਕਤਾ ਦੀ ਨਿਰੰਤਰਤਾ ਹੈ, ਜਿਹੜੀ ਬਦਲੀ ਨਹੀਂ ਹੈ।’’ ਇੱਥੇ ਕਾਰਗਿਲ ਦੀ ਜੰਗ ਦੀ 25ਵੀਂ ਵਰ੍ਹੇਗੰਢ ਸਬੰਧੀ ਇਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਸੀਡੀਐੇੱਸ ਨੇ ਇਹ ਵੀ ਆਖਿਆ ਕਿ ਜੰਗਾਂ ਦੀ ਯਾਦਾਂ ਨੂੰ ਚੇਤੇ ਕਰਨ ਤੋਂ ਇਲਾਵਾ ਉਸ ਦੇ ਨਤੀਜਿਆਂ ਨੂੰ ਦੇਖਣਾ ਤੇ ਭਵਿੱਖ ਲਈ ‘ਸਹੀ ਸਬਕ’ ਲੈਣਾ ਵੀ ਅਹਿਮ ਹੈ। ਉਨ੍ਹਾਂ ਕਿਹਾ, ‘‘ਸਾਨੂੰ ਉਹੀ ਗਲਤੀਆਂ ਨਹੀਂ ਦੁਹਰਾਉਣੀਆਂ ਚਾਹੀਦੀਆਂ।’’ ਚੌਹਾਨ ਨੇ ਆਖਿਆ ਕਿ ਜੰਗਾਂ ਬੜੀ ਤੇਜ਼ੀ ਨਾਲ ਵਧ ਰਹੀਆਂ ਹਨ। ਤਕਨਾਲੋਜੀ ਬਦਲਣ ਅਤੇ ਭੂ-ਸਿਆਸੀ ਪ੍ਰਵਾਹ ਦੇ ਨਾਲ ਜੰਗਾਂ ਦਾ ਸਰੂਪ ਵੀ ਤੇਜ਼ੀ ਨਾਲ ਬਦਲ ਰਿਹਾ ਹੈ। ਜਨਰਲ ਚੌਹਾਨ ਮੁਤਾਬਕ, ‘‘ਸਾਡੇ ਜਵਾਨਾਂ ਵੱਲੋਂ ਦਿੱਤੀਆਂ ਗਈਆਂ ਸ਼ਹਾਦਤਾਂ ਸਾਡੀ ਕੌਮੀ ਲੋਕਧਾਰਾ ਦਾ ਹਿੱਸਾ ਬਣਨੀਆਂ ਚਾਹੀਦੀਆਂ ਹਨ।’’
ਉਨ੍ਹਾਂ ਕਿਹਾ, ‘‘ਪਾਕਿਸਤਾਨ 1971 ਦੀ ਜੰਗ ’ਚ ਹਾਰ ਤੋਂ ਬਾਅਦ ਹਮੇਸ਼ਾ ਸਾਡੀ ਬਰਾਬਰੀ ਕਰਨਾ ਚਾਹੁੰਦਾ ਸੀ। ਸਾਲ 1984 ’ਚ ਸਾਡੇ ਵੱਲੋਂ ਸਿਆਚਿਨ ਗਲੇਸ਼ੀਅਰ ’ਤੇ ਕੀਤਾ ਗਿਆ ਕਬਜ਼ਾ ਇੱਕ ਹੋਰ ਅਪਮਾਨ ਸੀ ਜਿਹੜਾ ਪਾਕਿਸਤਾਨ ਨੂੰ ਸਹਿਣਾ ਪਿਆ। ਕਾਰਗਿਲ ’ਚ ਉਸ (ਪਾਕਿਸਤਾਨ) ਦਾ ਅਪਰੇਸ਼ਨ ਆਪਣੇ ਸਨਮਾਨ ਨੂੰ ਬਚਾਉਣ ਲਈ ਸੀ ਪਰ ਇਹ ਟੀਚਾ ਹਾਸਲ ਕਰਨ ਲਈ ਸਪੱਸ਼ਟ ਤੌਰ ’ਤੇ ਉਸ ਦੀਆਂ ਕੋਸ਼ਿਸ਼ਾਂ ਘੱਟ ਪੈ ਗਈਆਂ।’’ -ਪੀਟੀਆਈ