For the best experience, open
https://m.punjabitribuneonline.com
on your mobile browser.
Advertisement

ਮੱਕੀ, ਬਾਜਰਾ, ਦਾਲਾਂ ਅਤੇ ਬਾਸਮਤੀ ਹੇਠ ਰਕਬੇ ’ਚ ਵਾਧੇ ਦੀ ਲੋੜ

08:38 AM Jun 03, 2024 IST
ਮੱਕੀ  ਬਾਜਰਾ  ਦਾਲਾਂ ਅਤੇ ਬਾਸਮਤੀ ਹੇਠ ਰਕਬੇ ’ਚ ਵਾਧੇ ਦੀ ਲੋੜ
Advertisement

ਡਾ. ਰਣਜੀਤ ਸਿੰਘ

ਪਿਛਲੇ ਕਈ ਦਹਾਕਿਆਂ ਤੋਂ ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਇਸ ਹੇਠ ਰਕਬਾ ਘਟਣ ਦੀ ਥਾਂ ਹਰ ਸਾਲ ਵਧ ਰਿਹਾ ਹੈ। ਕਿਸਾਨਾਂ ਨੇ ਰੇਤ ਦੇ ਟਿੱਬੇ ਪੱਧਰੇ ਕਰ ਕੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਝੋਨੇ ਲਈ ਜਿੱਥੇ ਵਧੇਰੇ ਪਾਣੀ ਦੀ ਲੋੜ ਪੈਂਦੀ ਹੈ, ਉੱਥੇ ਲਗਾਤਾਰ ਇੱਕ ਹੀ ਫ਼ਸਲ ਉਗਾਉਣ ਨਾਲ ਬਿਮਾਰੀਆਂ ਤੇ ਨਦੀਨਾਂ ’ਚ ਵਾਧਾ ਹੁੰਦਾ ਹੈ ਅਤੇ ਧਰਤੀ ਦੀ ਸਿਹਤ ਤੇ ਪੌਣ-ਪਾਣੀ ’ਤੇ ਪ੍ਰਭਾਵ ਪੈਂਦਾ ਹੈ। ਰੇਤਲੇ ਇਲਾਕਿਆਂ ਵਿੱਚ ਝੋਨੇ ਦੀ ਥਾਂ ਬਾਜਰਾ ਤੇ ਦਾਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਭਾਰੀਆਂ ਅਤੇ ਉੱਚੀਆਂ ਜ਼ਮੀਨਾਂ ਵਿੱਚ ਮੱਕੀ ਦੀ ਕਾਸ਼ਤ ਨੂੰ ਪਹਿਲ ਦੇਣੀ ਚਾਹੀਦੀ ਹੈ।
ਬਾਸਮਤੀ ਪੰਜਾਬ ਦੀ ਰਵਾਇਤੀ ਫ਼ਸਲ ਹੈ। ਬਾਸਮਤੀ ਦੀ ਕਾਸ਼ਤ ਲਈ ਵਿਸ਼ੇਸ਼ ਪੌਣ-ਪਾਣੀ ਦੀ ਲੋੜ ਹੈ ਅਤੇ ਪੰਜਾਬ ਇਸ ਲਈ ਬਹੁਤ ਢੁੱਕਵਾਂ ਹੈ।

Advertisement

ਬਾਸਮਤੀ ਦੀ ਲੁਆਈ ਜੁਲਾਈ ਵਿੱਚ ਕੀਤੀ ਜਾਂਦੀ ਹੈ ਜਦੋਂ ਬਰਸਾਤ ਸ਼ੁਰੂ ਹੋ ਜਾਂਦੀ ਹੈ। ਇੰਝ ਪਾਣੀ ਦੀ ਵੀ ਬਚਤ ਹੋ ਜਾਂਦੀ ਹੈ। ਪਿਛਲੇ ਸਾਲ ਪੰਜਾਬ ਵਿੱਚ ਬਾਸਮਤੀ ਹੇਠ ਕਰੀਬ ਚਾਰ ਲੱਖ ਹੈਕਟੇਅਰ ਰਕਬਾ ਸੀ। ਇਸ ਵਿੱਚ ਹੋਰ ਵਾਧਾ ਹੋ ਸਕਦਾ ਹੈ। ਹੁਣ ਵੱਧ ਝਾੜ ਦੇਣ ਅਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਆਉਣ ਨਾਲ ਇਸ ਦੀ ਖੇਤੀ ਲਾਹੇਵੰਦ ਹੋ ਸਕਦੀ ਹੈ। ਪੂਸਾ ਬਾਸਮਤੀ 1847 ਅਤੇ ਪੰਜਾਬ ਬਾਸਮਤੀ-7 ਪੱਕਣ ਲਈ 100 ਦਿਨ ਲੈਂਦੀਆਂ ਹਨ ਤੇ 19 ਕੁਇੰਟਲ ਤੋਂ ਵੱਧ ਝਾੜ ਦਿੰਦੀਆਂ ਹਨ। ਪੰਜਾਬ ਬਾਸਮਤੀ 1509 ਪੱਕਣ ਲਈ 95 ਦਿਨ ਲੈਂਦੀ ਹੈ ਅਤੇ 16 ਕੁਇੰਟਲ ਤੱਕ ਝਾੜ ਦਿੰਦੀ ਹੈ। ਜੇ ਹਰੀ ਖਾਦ ਪਾਈ ਹੋਵੇ ਤਾਂ ਕਿਸੇ ਹੋਰ ਖਾਦ ਦੀ ਲੋੜ ਨਹੀਂ। ਬੀਜ ਬੀਜਣ ਤੋਂ ਪਹਿਲਾਂ 15 ਗ੍ਰਾਮ ਟ੍ਰਾਈਕੋਡਰਮਾ ਹਰਜੀ ਐਨਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸੋਧ ਲਵੋ। ਖੇਤ ਵਿੱਚ ਇੱਕ ਥਾਂ ਦੋ ਬੂਟੇ ਲਗਾਵੋ ਅਤੇ ਕਤਾਰਾਂ ਅਤੇ ਬੂਟਿਆਂ ਵਿਚਕਾਰ 20x15 ਸੈਂਟੀਮੀਟਰ ਦਾ ਫ਼ਾਸਲਾ ਰੱਖੋ। ਨਾਈਟ੍ਰੋਜਨ ਵਾਲੀ ਖਾਦ ਦੀ ਵਰਤੋਂ ਘੱਟ ਕਰੋ। ਪੂਸਾ ਬਾਸਮਤੀ 1847 ਅਤੇ ਪੰਜਾਬ ਬਾਸਮਤੀ-7 ਦੀ ਪਨੀਰੀ ਜੂਨ ਦੇ ਪਹਿਲੇ ਪੰਦਰਵਾੜੇ ’ਚ ਬੀਜੋ ਅਤੇ ਜੁਲਾਈ ਦੇ ਪਹਿਲੇ ਪੰਦਰਵਾੜੇ ਖੇਤ ’ਚ ਲਗਾਵੋ; ਪੰਜਾਬ ਬਾਸਮਤੀ 1509 ਦੀ ਪਨੀਰੀ ਜੂਨ ਦੇ ਦੂਜੇ ਪੰਦਰਵਾੜੇ ਬੀਜ ਕੇ ਜੁਲਾਈ ਦੇ ਦੂਜੇ ਪੰਦਰਵਾੜੇ ਲੁਆਈ ਕਰੋ। ਪਨੀਰੀ ਲਗਾਉਣ ਤੋਂ ਦੋ ਹਫ਼ਤੇ ਤਕ ਖੇਤ ’ਚ ਪਾਣੀ ਖੜ੍ਹਾ ਰੱਖੋ, ਮੁੜ ਉਦੋਂ ਪਾਣੀ ਲਗਾਵੋ ਜਦੋਂ ਪਾਣੀ ਜੀਰੇ ਨੂੰ ਦੋ ਦਿਨ ਹੋ ਗਏ ਹੋਣ।
ਹੁਣ ਮੋਟੇ ਅਨਾਜਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਬਾਜਰੇ ਦੀ ਖੇਤੀ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ। ਸਿੰਜਾਈ ਸਹੂਲਤਾਂ ਵਿੱਚ ਵਾਧਾ ਹੋਣ ਤੋਂ ਪਹਿਲਾਂ ਮਾਲਵਾ ਤੇ ਦੁਆਬੇ ਦੇ ਰੇਤਲੇ ਇਲਾਕਿਆਂ ਵਿੱਚ ਬਾਜਰੇ ਦੀ ਦਾਣਿਆਂ ਲਈ ਕਾਸ਼ਤ ਕੀਤੀ ਜਾਂਦੀ ਸੀ। ਮਾਲਵੇ ਵਿੱਚ ਤਾਂ ਕਣਕ ਦੀ ਥਾਂ ਬਾਜਰੇ ਦੀ ਰੋਟੀ ਵੀ ਬਣਦੀ ਸੀ। ਨਵੀਂ ਕਿਸਮ ਪੀਸੀਬੀ 167 ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਹੜੀ ਤਿੰਨ ਮਹੀਨਿਆਂ ਵਿੱਚ ਪੱਕ ਜਾਂਦੀ ਹੈ ਤੇ 16 ਕੁਇੰਟਲ ਤਕ ਝਾੜ ਦਿੰਦੀ ਹੈ। ਇੱਕ ਹੋਰ ਕਿਸਮ ਪੀਸੀਬੀ 164 ਕੇਵਲ 80 ਦਿਨਾਂ ਵਿੱਚ ਪੱਕ ਜਾਂਦੀ ਹੈ; ਇਸ ਦਾ ਝਾੜ 15 ਕੁਇੰਟਲ ਹੈ। ਬਾਜਰੇ ਦੀ ਬਿਜਾਈ ਜੁਲਾਈ ਮਹੀਨੇ ਕੀਤੀ ਜਾਂਦੀ ਹੈ, ਇੱਕ ਏਕੜ ਲਈ ਅੱਧਾ ਕਿੱਲੋ ਬੀਜ ਚਾਹੀਦਾ ਹੈ। ਬਿਜਾਈ ਸਮੇਂ ਕਤਾਰਾਂ ਵਿਚਕਾਰ 50 ਸੈਂਟੀਮੀਟਰ ਵਿੱਥ ਰੱਖਣੀ ਚਾਹੀਦੀ ਹੈ। ਰਸਾਇਣਕ ਖਾਦਾਂ ਦੀ ਵਰਤੋਂ ਮਿੱਟੀ ਪਰਖ ਆਧਾਰਿਤ ਸਿਫ਼ਾਰਸ਼ਾਂ ਅਨੁਸਾਰ ਕਰੋ।
ਮੱਕੀ ਸਾਉਣੀ ਦੀ ਇੱਕ ਹੋਰ ਮੁੱਖ ਫ਼ਸਲ ਹੈ। ਇਸ ਸਮੇਂ ਮੱਕੀ ਹੇਠ ਸਿਰਫ਼ 94 ਹਜ਼ਾਰ ਹੈਕਟੇਅਰ ਰਕਬਾ ਹੈ। ਉੱਚੀਆਂ ਤੇ ਭਾਰੀਆਂ ਜ਼ਮੀਨਾਂ ਵਿੱਚ ਝੋਨੇ ਦੀ ਥਾਂ ਮੱਕੀ ਦੀ ਕਾਸ਼ਤ ਕਰਨੀ ਚਾਹੀਦੀ ਹੈ। ਮੱਕੀ ਦੀ ਕਿਸਮ ਪੀਐਮਐਚ 14 ਪੱਕਣ ਲਈ 98 ਦਿਨ ਲੈਂਦੀ ਹੈ ਤੇ 25 ਕੁਇੰਟਲ ਤੱਕ ਝਾੜ ਦਿੰਦੀ ਹੈ। ਡੀਕੇਸੀ 9144, ਪੀਐਮਐਚ 13, ਏਡੀਵੀ 9293 ਵੀ 24 ਕੁਇੰਟਲ ਤੋਂ ਵੱਧ ਝਾੜ ਦਿੰਦੀਆਂ ਹਨ। ਬਾਇਓਸੀਡ 9788 91 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ 24 ਕੁਇੰਟਲ ਤੋਂ ਵੱਧ ਝਾੜ ਦਿੰਦੀ ਹੈ। ਪੀਐਮਐਚ 2 ਪੱਕਣ ਵਿੱਚ 83 ਦਿਨ ਲੈਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ਹੈ। ਕੁਝ ਵਿਸ਼ੇਸ਼ ਕਿਸਮਾਂ ਜਿਵੇਂ ਪੰਜਾਬ ਬੇਬੀਕੌਰਨ, ਸਵੀਟ ਕੌਰਨ ਅਤੇ ਪੌਪਕੌਰਨ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ। ਮੱਕੀ ਦੀ ਬਿਜਾਈ ਜੂਨ ਮਹੀਨੇ ਪੂਰੀ ਕਰ ਲੈਣੀ ਚਾਹੀਦੀ ਹੈ। ਬਿਜਾਈ ਸਮੇਂ ਕਤਾਰਾਂ ਵਿਚਕਾਰ 60 ਸੈਂਟੀਮੀਟਰ ਅਤੇ ਬੂਟਿਆਂ ਵਿਚਕਾਰ 20 ਸੈਂਟੀਮੀਟਰ ਫ਼ਾਸਲਾ ਰੱਖਿਆ ਜਾਵੇ। ਮੱਕੀ ਦੀ ਬਿਜਾਈ ਵੱਟਾਂ ਉੱਤੇ ਵੀ ਕੀਤੀ ਜਾ ਸਕਦੀ ਹੈ। ਇਸ ਵਿੱਚ ਮਾਂਹ ਵੀ ਬੀਜੇ ਜਾ ਸਕਦੇ ਹਨ। ਮੱਕੀ ਲਈ 10 ਕਿਲੋ ਬੀਜ ਪ੍ਰਤੀ ਏਕੜ ਚਾਹੀਦਾ ਹੈ ਪਰ ਪਰਲ ਪੌਪਕੌਰਨ ਦਾ 7 ਕਿਲੋ ਬੀਜ ਵਰਤਿਆ ਜਾਵੇ। ਮੱਕੀ ਦੇ ਨਿਸਰਨ, ਸੂਤ ਕੱਤਣ ਅਤੇ ਦਾਣੇ ਪੈਣ ਸਮੇਂ ਸਿੰਜਾਈ ਜ਼ਰੂਰ ਕਰਨੀ ਚਾਹੀਦੀ ਹੈ। ਬੀਜਣ ਤੋਂ ਪਹਿਲਾਂ ਬੀਜ ਨੂੰ ਅੱਧਾ ਕਿਲੋ ਕਨਸ਼ੋਰਸ਼ੀਅਮ ਨੂੰ ਇਕ ਲਿਟਰ ਪਾਣੀ ਵਿੱਚ ਘੋਲ ਕੇ ਟੀਕਾ ਲਗਾਉਣਾ ਚਾਹੀਦਾ ਹੈ। ਇਸ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਖਾਦਾਂ ਦੀ ਵਰਤੋਂ ਮਿੱਟੀ ਪਰਖ ਦੀ ਰਿਪੋਰਟ ਅਨੁਸਾਰ ਕਰਨੀ ਚਾਹੀਦੀ ਹੈ।
ਮਾਂਹ ਅਤੇ ਮੂੰਗੀ ਪੰਜਾਬੀਆਂ ਦੀਆਂ ਮਨਪਸੰਦ ਤੇ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਦਾਲਾਂ ਹਨ। ਇਹ ਫ਼ਸਲਾਂ ਧਰਤੀ ਦੀ ਉਪਜਾਊ ਸ਼ਕਤੀ ਬਣਾਈ ਰੱਖਣ ਵਿੱਚ ਸਹਾਇਤਾ ਕਰਦੀਆਂ ਹਨ। ਮਾਂਹ ਵਿੱਚ ਬਹੁਤ ਸਾਰੇ ਖ਼ੁਰਾਕੀ ਤੱਤ ਹੁੰਦੇ ਹਨ।
ਮਾਂਹ ਤੋਂ ਪਿੱਛੋਂ ਮੂੰਗੀ ਦੀ ਪੰਜਾਬੀ ਘਰਾਂ ਵਿੱਚ ਸਭ ਤੋਂ ਵੱਧ ਵਰਤੋਂ ਕੀਤੀ ਜਾਂਦੀ ਹੈ। ਇਹ ਛੇਤੀ ਹਜ਼ਮ ਹੋਣ ਵਾਲੀ ਦਾਲ ਹੈ। ਇਸੇ ਕਰ ਕੇ ਬਿਮਾਰ ਤੇ ਕਮਜ਼ੋਰ ਬੰਦਿਆਂ ਨੂੰ ਮੂੰਗੀ ਦੀ ਦਾਲ ਹੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਾਂਹ ਤੇ ਮੂੰਗੀ ਦੀਆਂ ਤਾਂ ਬੜੀਆਂ ਵੀ ਬਣਾਈਆਂ ਜਾਂਦੀਆਂ ਹਨ ਜਿਨ੍ਹਾਂ ਦੀ ਸੁਆਦੀ ਸਬਜ਼ੀ ਬਣਦੀ ਹੈ। ਮਾਂਹ ਦੇ ਭੱਲੇ ਤਾਂ ਸਾਰੇ ਪੰਜਾਬੀ ਖ਼ੁਸ਼ ਹੋ ਕੇ ਖਾਂਦੇ ਹਨ। ਮੂੰਗੀ ਦੀ ਵਰਤੋਂ ਪਿੰਨੀਆਂ ਬਣਾਉਣ ਲਈ ਵੀ ਕੀਤੀ ਜਾਂਦੀ ਹੈ। ਜਿੱਥੇ ਇਹ ਫ਼ਸਲਾਂ ਧਰਤੀ ਦੀ ਸਿਹਤ ਨੂੰ ਠੀਕ ਰੱਖਦੀਆਂ ਹਨ, ਉੱਥੇ ਨਦੀਨਾਂ ’ਤੇ ਵੀ ਕਾਬੂ ਪਾਉਣ ’ਚ ਸਹਾਇਤਾ ਕਰਦੀਆਂ ਹਨ। ਕਿਸਾਨਾਂ ਨੂੰ ਕੁਝ ਰਕਬੇ ਵਿੱਚ ਹਰ ਵਰ੍ਹੇ ਬਦਲ-ਬਦਲ ਕੇ ਇਨ੍ਹਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਇੰਝ ਅਸੀਂ ਖੇਤੀ ਵਿੱਚ ਰਸਾਇਣਾਂ ਦੀ ਵਰਤੋਂ ਵੀ ਘੱਟ ਕਰ ਸਕਦੇ ਹਾਂ। ਮਾਂਹ ਤਾਂ ਘਾਹ ਵਰਗੇ ਨਦੀਨ ਉੱਤੇ ਵੀ ਕਾਬੂ ਪਾ ਲੈਂਦੇ ਹਨ।
ਕੁਝ ਸਾਲ ਪਹਿਲਾਂ ਤਕ ਸਾਰੇ ਪੰਜਾਬੀ ਕਿਸਾਨ ਮਾਂਹ ਤੇ ਮੂੰਗੀ ਦੀ ਕਾਸ਼ਤ ਘਰ ਦੀ ਲੋੜ ਪੂਰੀ ਕਰਨ ਲਈ ਕਰਦੇ ਸਨ। ਸਿੰਜਾਈ ਸਹੂਲਤਾਂ ਨਾਲ ਝੋਨੇ ਹੇਠ ਰਕਬੇ ਵਿੱਚ ਵਾਧੇ ਕਾਰਨ ਕਿਸਾਨਾਂ ਨੇ ਇਨ੍ਹਾਂ ਦਾਲਾਂ ਦੀ ਕਾਸ਼ਤ ਕਰਨੀ ਲਗਪਗ ਬੰਦ ਹੀ ਕਰ ਦਿੱਤੀ ਹੈ। ਮੰਨਿਆ ਜਾਂਦਾ ਹੈ ਕਿ ਵੱਧ ਮੀਂਹ ਪੈਣ ਨਾਲ ਫ਼ਸਲ ਖ਼ਰਾਬ ਹੋ ਜਾਂਦੀ ਹੈ। ਜੇ ਫ਼ਸਲ ਖ਼ਰਾਬ ਹੋ ਵੀ ਜਾਵੇ ਤਾਂ ਇਸ ਨੂੰ ਸਬਜ਼ ਖਾਦ ਦੇ ਰੂਪ ਵਿੱਚ ਵਾਹ ਦੇਣਾ ਚਾਹੀਦਾ ਹੈ। ਇਨ੍ਹਾਂ ਦੀ ਕੀਮਤ ਅਸਮਾਨ ਨੂੰ ਛੂਹ ਰਹੀ ਹੈ। ਇਸ ਕਰ ਕੇ ਘਰ ਦੀ ਲੋੜ ਪੂਰੀ ਕਰਨ ਲਈ ਇਨ੍ਹਾਂ ਦੀ ਬਿਜਾਈ ਜ਼ਰੂਰ ਕਰੋ। ਮਾਂਹ ਅਤੇ ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿੱਚ ਕੀਤੀ ਜਾ ਸਕਦੀ ਹੈ। ਇਸ ਮੌਸਮ ਵਿੱਚ ਕਾਸ਼ਤ ਲਈ ਐਮਐਲ 1808, ਐਮਐਲ 2056 ਮੂੰਗੀ ਦੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮਾਂ 70 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ। ਜੇ ਚੰਗੀ ਫ਼ਸਲ ਹੋਵੇ ਤਾਂ ਪੰਜ ਕੁਇੰਟਲ ਤਕ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ। ਇਨ੍ਹਾਂ ਦਾ 8 ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਸਮੇਂ ਕਤਾਰਾਂ ਵਿਚਕਾਰ 30 ਅਤੇ ਬੂਟਿਆਂ ਵਿਚਕਾਰ 10 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾਇਆ ਜਾ ਸਕਦਾ ਹੈ। ਬਿਜਾਈ ਤੋਂ ਕਰੀਬ ਚਾਰ ਹਫ਼ਤਿਆਂ ਪਿੱਛੋਂ ਪਹਿਲੀ ਗੋਡੀ ਕਰ ਦੇਣੀ ਚਾਹੀਦੀ ਹੈ। ਮੂੰਗੀ ਦੇ ਬੀਜ ਨੂੰ ਰਾਈਜ਼ੋਬੀਅਮ ਦਾ ਟੀਕਾ ਵੀ ਲਗਾਉਣਾ ਚਾਹੀਦਾ ਹੈ।
ਇਸ ਮੌਸਮ ਵਿੱਚ ਕਾਸ਼ਤ ਲਈ ਮਾਂਹ 883 ਅਤੇ ਮਾਂਹ 114 ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਕਿਸਮਾਂ ਤਿਆਰ ਹੋਣ ’ਚ ਕੋਈ 80 ਦਿਨ ਲੈਂਦੀਆਂ ਹਨ। ਮਾਂਹ ’ਚ 24 ਫ਼ੀਸਦੀ ਪ੍ਰੋਟੀਨ ਹੁੰਦੀ ਹੈ। ਇੱਕ ਏਕੜ ਲਈ 8 ਕਿਲੋ ਬੀਜ ਦੀ ਸਿਫ਼ਾਰਸ਼ ਕੀਤੀ ਗਈ ਹੈ। ਬਿਜਾਈ ਸਮੇਂ ਕਤਾਰਾਂ ਵਿੱਚ ਵਿਚਕਾਰ 30 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ। ਬੀਜ ਸਿਹਤਮੰਦ ਤੇ ਮੋਟਾ ਹੋਣਾ ਚਾਹੀਦਾ ਹੈ। ਮਾਂਹ ਮੱਕੀ ਵਿੱਚ ਵੀ ਬੀਜੇ ਜਾ ਸਕਦੇ ਹਨ। ਮਾਂਹ ਦੀ ਚੰਗੀ ਫ਼ਸਲ ਲਈ ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 60 ਕਿਲੋ ਸੁਪਰਫਾਸਫੇਟ ਪ੍ਰਤੀ ਏਕੜ ਪਾ ਦੇਣੀ ਚਾਹੀਦੀ ਹੈ। ਫ਼ਸਲਾਂ ਦੀ ਕਟਾਈ ਉਦੋਂ ਕਰੋ ਜਦੋਂ ਬਹੁਤ ਸਾਰੀਆਂ ਫ਼ਲੀਆਂ ਪੱਕ ਜਾਣ।

Advertisement

Advertisement
Author Image

sukhwinder singh

View all posts

Advertisement