For the best experience, open
https://m.punjabitribuneonline.com
on your mobile browser.
Advertisement

ਹਥਿਆਰਬੰਦ ਬਲਾਂ ਲਈ ‘ਸਾਂਝਾ ਸਭਿਆਚਾਰ’ ਵਿਕਸਤ ਕਰਨ ਦੀ ਲੋੜ: ਜਨਰਲ ਚੌਹਾਨ

06:49 AM Apr 09, 2024 IST
ਹਥਿਆਰਬੰਦ ਬਲਾਂ ਲਈ ‘ਸਾਂਝਾ ਸਭਿਆਚਾਰ’ ਵਿਕਸਤ ਕਰਨ ਦੀ ਲੋੜ  ਜਨਰਲ ਚੌਹਾਨ
ਕਾਨਫ਼ਰੰਸ ਦੌਰਾਨ ਸੀਡੀਐੱਸ ਜਨਰਲ ਅਨਿਲ ਚੌਹਾਨ ਤੇ ਹੋਰ ਫੌਜੀ ਅਧਿਕਾਰੀ ਸਾਂਝੀ ਤਸਵੀਰ ਖਿਚਵਾਉਂਦੇ ਹੋਏ।
Advertisement

ਨਵੀਂ ਦਿੱਲੀ, 8 ਅਪਰੈਲ
ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਅੱਜ ਦੇਸ਼ ਦੀ ਸਮੁੱਚੀ ਜੰਗੀ ਸਮਰੱਥਾ ਵਿੱਚ ਵਾਧਾ ਕਰਨ ਵਾਲਾ ਢਾਂਚਾ ਬਣਾ ਕੇ ਹਰੇਕ ਸੇਵਾ ਦੀਆਂ ਸਮਰੱਥਾਵਾਂ ਨੂੰ ਏਕੀਕ੍ਰਿਤ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਹਥਿਆਰਬੰਦ ਬਲਾਂ ਨੂੰ ਕੰਮ ਲਈ ਇਕ ਸਾਂਝਾ ਸਭਿਆਚਾਰ ਵਿਕਸਤ ਕਰਨ ਦਾ ਹੋਕਾ ਦਿੱਤਾ। ਉਹ ਫ਼ੌਜ ਦੀਆਂ ਤਿੰਨੋਂ ਸੈਨਾਵਾਂ ਦੀ ਕਾਨਫ਼ਰੰਸ ‘ਪਰਿਵਰਤਨ ਚਿੰਤਨ’ ਨੂੰ ਸੰਬੋਧਨ ਕਰ ਰਹੇ ਸਨ। ਇਸ ਕਾਨਫ਼ਰੰਸ ਦੌਰਾਨ ਤਿੰਨੋਂ ਸੈਨਾਵਾਂ ਵਿਚਾਲੇ ‘ਸਾਂਝੀਵਾਲਤਾ ਅਤੇ ਏਕੀਕਰਨ’ ਨੂੰ ਬੜ੍ਹਾਵਾ ਦੇਣ ਲਈ ਨਵੇਂ ਵਿਚਾਰਾਂ, ਪਹਿਲਕਦਮੀਆਂ ਅਤੇ ਸੁਧਾਰਾਂ ਬਾਰੇ ਚਰਚਾ ਕੀਤੀ ਗਈ।
ਆਪਣੀ ਤਰ੍ਹਾਂ ਦੀ ਇਸ ਪਹਿਲੀ ਕਾਨਫ਼ਰੰਸ ਦੌਰਾਨ ਮੁੱਖ ਤੌਰ ’ਤੇ ਥੀਏਟਰ ਕਮਾਂਡ ਸ਼ੁਰੂ ਕਰਨ ਦੀ ਸਰਕਾਰ ਦੀ ਪਹਿਲ ਦੇ ਲਾਗੂ ਕਰਨ ਨਾਲ ਸਬੰਧਤ ਵੱਖ-ਵੱਖ ਪਹਿਲੂਆਂ ’ਤੇ ਚਰਚਾ ਹੋਈ, ਜਿਸ ਦਾ ਉਦੇਸ਼ ਰੱਖਿਆ ਖੇਤਰ ਵਿੱਚ ਵੱਡੀ ਪੱੱਧਰ ’ਤੇ ਬਦਲਾਅ ਕਰਨਾ ਹੈ। ਰੱਖਿਆ ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, ‘‘ਸੀਡੀਐੱਸ ਜਨਰਲ ਅਨਿਲ ਚੌਹਾਨ ਨੇ ਹਰੇਕ ਸੈਨਾ ਦੀ ਵਿਲੱਖਣਤਾ ਦਾ ਸਨਮਾਨ ਕਰਦੇ ਹੋਏ ਹਥਿਆਰਬੰਦ ਬਲਾਂ ਵਾਸਤੇ ਇਕ ਸਾਂਝਾ ਸਭਿਆਚਾਰ ਵਿਕਸਤ ਕਰਨ ਦੀ ਲੋੜ ’ਤੇ ਚਾਨਣਾ ਪਾਇਆ ਅਤੇ ‘ਚਿੰਤਨ’ ਦੀ ਸ਼ੁਰੂਆਤ ਕੀਤੀ।’’
ਮੰਤਰਾਲੇ ਨੇ ਕਿਹਾ ਕਿ ਸਾਂਝੀਵਾਲਤਾ ਤੇ ਏਕੀਕਰਨ ਸਾਂਝੇ ਢਾਂਚੇ ਵੱਲ ਹੋ ਰਹੀ ਤਬਦੀਲੀ ਦੇ ਨੀਂਹ ਪੱਥਰ ਹਨ। ਭਾਰਤੀ ਹਥਿਆਰਬੰਦ ਬਲ ਭਵਿੱਖ ਦੀ ਤਿਆਰੀ ਲਈ ਇਸ ਬਦਲਾਅ ਵੱਲ ਵਧ ਰਹੇ ਹਨ। ਇਸ ਕਾਨਫ਼ਰੰਸ ਵਿੱਚ ਅੰਡੇਮਾਨ ਤੇ ਨਿਕੋਬਾਰ ਕਮਾਂਡ ਅਤੇ ਰਣਨੀਤਕ ਬਲਾਂ ਦੀ ਕਮਾਂਡ ਦੇ ਮੁਖੀਆਂ, ਕੌਮੀ ਡਿਫੈਂਸ ਅਕੈਡਮੀ, ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਕਾਲਜ ਆਫ਼ ਡਿਫੈਂਸ ਮੈਨੇਜਮੈਂਟ ਅਤੇ ਮਿਲਟਰੀ ਇੰਸਟੀਚਿਊਟ ਆਫ਼ ਟੈਕਨੋਲੋਜੀ ਦੇ ਕਮਾਂਡੈਂਟਾਂ ਤੋਂ ਇਲਾਵਾ ਆਰਮਡ ਫੋਰਸਿਜ਼ ਸਪੈਸ਼ਲ ਆਪ੍ਰੇਸ਼ਨਜ਼ ਡਿਵੀਜ਼ਨ, ਰੱਖਿਆ ਪੁਲਾੜ ਏਜੰਸੀ, ਡਿਫੈਂਸ ਸਾਈਬਰ ਏਜੰਸੀ ਅਤੇ ਡਿਫੈਂਸ ਕਮਿਊਨਿਕੇਸ਼ਨ ਏਜੰਸੀ ਦੇ ਮੁਖੀਆਂ ਨੇ ਵੀ ਸ਼ਮੂਲੀਅਤ ਕੀਤੀ। -ਪੀਟੀਆਈ

Advertisement

‘ਬਲੈਕ ਸਵੈਨ’ ਘਟਨਾਵਾਂ ਲਈ ਹਮੇਸ਼ਾ ਤਿਆਰ ਰਹੋ: ਫ਼ੌਜ ਮੁਖੀ

ਨਵੀਂ ਦਿੱਲੀ: ਭਾਰਤੀ ਫ਼ੌਜ (ਥਲ ਸੈਨਾ) ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਹਥਿਆਰਬੰਦ ਬਲਾਂ ਨੂੰ ‘ਬਲੈਕ ਸਵੈਨ’ ਘਟਨਾਵਾਂ ਲਈ ਹਮੇਸ਼ਾ ਤਿਆਰ ਰਹਿਣ ਦੀ ਅਪੀਲ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਤੋਂ ਹੈਰਾਨ ਨਾ ਹੋਣ ਦੀ ਗੱਲ ਆਖੀ। ‘ਬਲੈਕ ਸਵੈਨ’ ਘਟਨਾਵਾਂ ਜ਼ਿਆਦਾ ਪ੍ਰਭਾਵ ਪੈਦਾ ਕਰਨ ਵਾਲੀਆਂ ਅਜਿਹੀਆਂ ਘਟਨਾਵਾਂ ਹਨ ਜਿਨ੍ਹਾਂ ਬਾਰੇ ਆਮ ਹਾਲਾਤ ਵਿੱਚ ਪਹਿਲਾਂ ਤੋਂ ਅੰਦਾਜ਼ਾ ਲਾਉਣਾ ਮੁਸ਼ਕਿਲ ਹੁੰਦਾ ਹੈ। ਜਨਰਲ ਪਾਂਡੇ ਨੇ ਦੇਸ਼ਾਂ ਵਿਚਾਲੇ ਰਣਨੀਤਕ ਮੁਕਾਬਲੇ ਲਈ ਤਕਨਾਲੋਜੀ ਦੀ ਅਹਿਮੀਅਤ ਦਾ ਜ਼ਿਕਰ ਵੀ ਕੀਤਾ। ਵੈਲਿੰਗਟਨ ਸਥਿਤ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵਿੱਚ ਸੰਬੋਧਨ ਕਰਦਿਆਂ ਜਨਰਲ ਪਾਂਡੇ ਨੇ ਤਕਨਾਲੋਜੀ ਦੇ ਹਥਿਆਰੀਕਰਨ, ਖ਼ਾਸ ਤੌਰ ’ਤੇ ਸੂਚਨਾ ਤੋਂ ਲੈ ਕੇ ਸਪਲਾਈ ਚੇਨ ਤੱਕ ਵੱਖ-ਵੱਖ ਖੇਤਰਾਂ ਵਿੱਚ ਇਸ ਦੇ ਵਿਸਥਾਰ ’ਤੇ ਵੀ ਚਾਨਣਾ ਪਾਇਆ। ਜਨਰਲ ਪਾਂਡੇ ਨੇ ਖ਼ਤਰਿਆਂ ਦਾ ਪ੍ਰਭਾਵੀ ਢੰਗ ਨਾਲ ਮੁਲਾਂਕਣ ਕਰਨ, ਰਣਨੀਤੀਆਂ ਸਪੱਸ਼ਟ ਕਰਨ, ਸਮਰੱਥਾਵਾਂ ਦੀ ਪਛਾਣ ਕਰਨ, ਨੀਤੀਆਂ ਬਣਾਉਣ ਅਤੇ ਤਿਆਰੀ ਕਰਨ ਵਾਸਤੇ ਫੌਜ ਦੀਆਂ ਤਿੰਨੋਂ ਸੈਨਾਵਾਂ ਵਿਚਾਲੇ ਆਪਸੀ ਤਾਲਮੇਲ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਇੱਥੇ ਫ਼ੌਜ ਦੇ ਹੈੱਡਕੁਆਰਟਰ ਦੇ ਸੂਤਰਾਂ ਨੇ ਦੱਸਿਆ ਕਿ ਫ਼ੌਜ ਮੁਖੀ ਨੇ ਪੁਲਾੜ, ਸਾਈਬਰ, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਅਤੇ ਸੂਚਨਾ ਤਕਨਾਲੋਜੀ ਸਣੇ ਨਵੇਂ ਖੇਤਰਾਂ ਵਿੱਚ ਜੰਗ ਦੇ ਵਿਸਥਾਰ ’ਤੇ ਵੀ ਚਰਚਾ ਕੀਤੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×