ਨਿਆਂ ਪਾਲਿਕਾ ਵਿੱਚ ਵੀ ਸਾਹਿਤਕ ਸੋਚ ਵਿਕਸਤ ਕਰਨ ਦੀ ਲੋੜ: ਐਸ.ਕੇ. ਅਗਰਵਾਲ
ਹਰਦੇਵ ਚੌਹਾਨ
ਚੰਡੀਗੜ੍ਹ, 11 ਜੂਨ
ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪਰਿਸ਼ਦ ਵਿੱਚ ਜੰਗ ਬਹਾਦਰ ਗੋਇਲ ਦੀ ਕਿਤਾਬ ‘ਸਾਹਿਤ ਸੰਜੀਵਨੀ’ ਦੇ ਹਵਾਲੇ ਨਾਲ ‘ਇਲਾਜ ਪੱਖੋਂ ਸਾਹਿਤ ਦਾ ਯੋਗਦਾਨ’ ਵਿਸ਼ੇ ‘ਤੇ ਵਿਚਾਰ ਚਰਚਾ ਹੋਈ।
ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ, ”ਚੰਗਾ ਸਾਹਿਤ ਸਾਨੂੰ ਊਰਜਾਵਾਨ ਬਣਾਉਂਦਾ ਹੈ ਅਤੇ ਕਿਤਾਬਾਂ ਪੜ੍ਹਨ ਵਾਲਾ ਸ਼ਖ਼ਸ ਇੱਕ ਜਨਮ ਵਿੱਚ ਕਈ ਜਨਮ ਜਿਊਂ ਲੈਂਦਾ ਹੈ।” ਬਲਕਾਰ ਸਿੱਧੂ ਨੇ ਕਿਹਾ ਕਿ ਕਿਸੇ ਕਿਤਾਬ ਵਿੱਚ ਗੁੰਮ ਹੋ ਕੇ ਤੁਸੀਂ ਆਪਣੇ ਆਪ ਨੂੰ ਲੱਭਦੇ ਹੋ। ਸੇਵਾਮੁਕਤ ਸੈਸ਼ਨ ਜੱਜ ਐਸ.ਕੇ. ਅਗਰਵਾਲ ਨੇ ਕਿਹਾ ਕਿ ਨਿਆਂਪਾਲਿਕਾ ਵਿੱਚ ਵੀ ਸਾਹਿਤਕ ਸੋਚ ਵਿਕਸਤ ਕਰਨ ਦੀ ਲੋੜ ਹੈ। ਡਾ. ਤੇਜਿੰਦਰ ਸਿੰਘ ਨੇ ਕਿਹਾ ਕਿ ਕਿਤਾਬ ਦੋਸਤ ਵੀ ਹੁੰਦੀ ਹੈ ਤੇ ਦੋਸਤੀ ਦਾ ਸੰਸਾਰ ਰਚਦੀ ਹੈ। ਡਾ. ਸੁਰਜੀਤ ਨੇ ਸਾਹਿਤ ਸੰਜੀਵਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਚਾਰਾਂ ਦੇ ਪਰਿਵਰਤਨ ਕਿਤਾਬਾਂ ਰਾਹੀਂ ਹੀ ਆਉਂਦੇ ਹਨ। ਕਿਤਾਬਾਂ ਹੀ ਪਰਮ ਆਨੰਦ ਦੀ ਸਹੀ ਅਵਸਥਾ ਬਣ ਕੇ ਦਵਾਖਾਨੇ ਦਾ ਰੂਪ ਧਾਰਨ ਕਰਦੀਆਂ ਹਨ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਇਹ ਕਿਤਾਬ ਸਮੁੱਚੀ ਮਾਨਵਤਾ ਨੂੰ ਨਿਰਾਸ਼ਾ ਤੋਂ ਆਸ਼ਾ ਤੱਕ ਸੇਧ ਦੇਣ ਵਾਲੀ ਕਿਤਾਬ ਹੈ।
ਲੇਖਿਕਾ ਪਰਮਜੀਤ ਪਰਮ ਨੇ ਕਿਹਾ, ”ਚੰਗੀ ਕਿਤਾਬ ਤੁਹਾਨੂੰ ਕਿਸੇ ਵੀ ਦੁੱਖ ‘ਚੋਂ ਕੱਢ ਲਿਆਉਣ ਦੇ ਸਮਰੱਥ ਹੁੰਦੀ ਹੈ।” ਡਾ. ਅਵਤਾਰ ਸਿੰਘ ਪਤੰਗ ਨੇ ਕਿਹਾ ਕਿ ਕਿਤਾਬਾਂ ਸੰਗ ਕੋਈ ਵੀ ਬੰਦਾ ਇਕੱਲਾ ਜਾਂ ਬੇਸਹਾਰਾ ਨਹੀਂ ਹੁੰਦਾ। ਲੇਖਕ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਜੇਕਰ ਪੁਸਤਕਾਂ ਨਾਲ ਸਾਡਾ ਆਤਮਿਕ ਸਬੰਧ ਜੁੜ ਜਾਂਦਾ ਹੈ ਤਾਂ ਜਿਊਣ ਦਾ ਮਕਸਦ ਲੱਭ ਜਾਂਦਾ ਹੈ। ਵਿਸ਼ੇਸ਼ ਮਹਿਮਾਨ ਪੋਸਟ ਮਾਸਟਰ ਜਨਰਲ ਮਨੀਸ਼ਾ ਬਾਂਸਲ ਨੇ ਕਿਹਾ ਕਿ ਸਾਹਿਤ ਪੜ੍ਹਨ ਲਈ ਨਹੀਂ, ਜਿਊਣ ਲਈ ਹੁੰਦਾ ਹੈ। ਸਮਾਗਮ ਵਿੱਚ ਸੁਰਜੀਤ ਸੁਮਨ, ਸੈਵੀ ਰਾਇਤ ਤੇ ਹੋਰ ਲੇਖਕਾਂ ਅਤੇ ਸਰੋਤਿਆਂ ਨੇ ਵੀ ਭਰਵੀਂ ਹਾਜ਼ਰੀ ਲਗਵਾਈ।