ਭੂਚਾਲ ਸਬੰਧੀ ਚਿਤਾਵਨੀ ਪ੍ਰਣਾਲੀਆਂ ਵਿਕਸਿਤ ਕਰਨ ਦੀ ਲੋੜ: ਮੋਦੀ
ਨਵੀਂ ਦਿੱਲੀ, 14 ਜਨਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਦੇ ਵਿਗਿਆਨੀਆਂ ਨੂੰ ਭੂਚਾਲ ਸਬੰਧੀ ਚਿਤਾਵਨੀ ਪ੍ਰਣਾਲੀਆਂ ਵਿਕਸਿਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਮੌਸਮ ਸਬੰਧੀ ਬਿਹਤਰ ਭਵਿੱਖਬਾਣੀ ਮਿਲਣ ਨਾਲ ਚੱਕਰਵਾਤਾਂ ਕਾਰਨ ਹੋਣ ਵਾਲਾ ਆਰਥਿਕ ਨੁਕਸਾਨ ਕਾਫ਼ੀ ਘਟ ਗਿਆ ਹੈ। ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੇ 150 ਵਰ੍ਹੇ ਮੁਕੰਮਲ ਹੋਣ ’ਤੇ ਕਰਵਾਏ ਸਮਾਗਮ ਮੌਕੇ ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਇਸ ਸੰਸਥਾ ਦੀ ਸ਼ਲਾਘਾ ਕਰਦਿਆਂ ਇਸ ਨੂੰ ਭਾਰਤ ਦੇ ਵਿਗਿਆਨਕ ਸਫ਼ਰ ਦਾ ਪ੍ਰਤੀਕ ਆਖਿਆ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਮਿਸ਼ਨ ਮੌਸਮ’ ਵੀ ਲਾਂਚ ਕੀਤਾ ਜਿਸ ਦਾ ਉਦੇਸ਼ ਮੌਸਮ ਸਬੰਧੀ ਜਾਣਕਾਰੀ ਦੇਣ ਲਈ ਤਕਨਾਲੋਜੀਆਂ ਤੇ ਪ੍ਰਣਾਲੀਆਂ ਵਿਕਸਿਤ ਕਰਨਾ, ਵਾਤਾਵਰਨ ਸਬੰਧੀ ਉੱਚ ਪੱਧਰੀ ਜਾਣਕਾਰੀ ਦੀ ਵਰਤੋਂ, ਅਗਲੀ ਪੀੜ੍ਹੀ ਦੇ ਰਾਡਾਰ ਤੇ ਸੈਟੇਲਾਈਟ ਤੇ ਉੱਚ ਗੁਣਵੱਤਾ ਵਾਲੇ ਕੰਪਿਊਟਰਾਂ ਦਾ ਵਿਕਾਸ ਕਰਨਾ ਹੈ। ਉਨ੍ਹਾਂ ਕਿਹਾ,‘ਅਸੀਂ ਭਾਰਤ ਨੂੰ ਮੌਸਮ ਮੁਤਾਬਕ ਤਿਆਰ ਰਹਿਣ ਤੇ ਜਲਵਾਯੂ ਅਨੁਸਾਰ ਚੁਸਤ-ਦਰੁਸਤ ਬਣਾਉਣ ਲਈ ‘ਮਿਸ਼ਨ ਮੌਸਮ’ ਲਾਂਚ ਕੀਤਾ ਹੈ।’ ਇਸ ਸਮਾਗਮ ਵਿੱਚ ਵਿਸ਼ਵ ਮੌਸਮ ਸੰਗਠਨ ਦੇ ਸਕੱਤਰ ਜਨਰਲ ਸੇਲੈਸਟੇ ਸੌਲੋ, ਧਰਤੀ ਵਿਗਿਆਨ ਬਾਰੇ ਮੰਤਰੀ ਜੀਤੇਂਦਰ ਸਿੰਘ, ਧਰਤੀ ਵਿਗਿਆਨ ਬਾਰੇ ਸਕੱਤਰ ਐੱਮ. ਰਵੀਚੰਦਰਨ, ਆਈਐੱਮਡੀ ਦੇ ਨਿਰਦੇਸ਼ਕ ਜਨਰਲ ਮ੍ਰਿਤੂੰਜੈ ਮਹਾਪਾਤਰਾ ਤੇ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਭਾਰਤ ਦੇ ਮੌਸਮ ਵਿਭਾਗ ਦਾ ਵਿਜ਼ਨ- 2047 ਦਸਤਾਵੇਜ਼, ਯਾਦਗਾਰੀ ਡਾਕ ਟਿਕਟ ਤੇ 150 ਰੁਪਏ ਦਾ ਸਿੱਕਾ ਵੀ ਜਾਰੀ ਕੀਤਾ।
ਉਨ੍ਹਾਂ ਯਾਦ ਕੀਤਾ ਕਿ ਸੰਨ 1988 ਵਿੱਚ ਕਾਂਡਲਾ ’ਚ ਚੱਕਰਵਾਤ ਤੇ ਸਾਲ 1999 ਵਿੱਚ ਉੜੀਸਾ ’ਚ ਆਏ ਮਹਾ ਚੱਕਰਵਾਤ ਨੇ ਹਜ਼ਾਰਾਂ ਲੋਕਾਂ ਦੀ ਜਾਨ ਲੈ ਲਈ ਸੀ। ਹੁਣ ਚੰਗੇ ਮੌਸਮ ਅਨੁਮਾਨਾਂ ਕਾਰਨ ਜਾਨੀ ਨੁਕਸਾਨ ਘੱਟੋ-ਘੱਟ ਹੁੰਦਾ ਹੈ।’ ਉਨ੍ਹਾਂ ਸੋਮਵਾਰ ਨੂੰ 6.5 ਕਿਲੋਮੀਟਰ ਲੰਮੀ ਸੁਰੰਗ ਦੇ ਉਦਘਾਟਨ ਲਈ ਕੀਤੇ ਗਏ ਸੋਨਮਰਗ ਦੇ ਦੌਰੇ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਭਾਰਤ ਦੇ ਮੌਸਮ ਵਿਭਾਗ ਨੇ ਹੀ ਸੁਝਾਅ ਦਿੱਤਾ ਸੀ ਕਿ ਇਹ ਉਦਘਾਟਨੀ ਸਮਾਗਮ 13 ਜਨਵਰੀ ਨੂੰ ਰੱਖਿਆ ਜਾਵੇ, ਜਿਸ ਦਿਨ ਇੱਥੇ ਮੌਸਮ ਸਾਫ਼ ਰਹਿਣ ਦੀ ਪੇਸ਼ੀਨਗੋਈ ਸੀ। -ਪੀਟੀਆਈ
ਮੌਸਮ ਵਿਭਾਗ ਦੇ ਸੰਸਥਾਗਤ ਢਾਂਚੇ ’ਚ ਵੱਡੇ ਬਦਲਾਅ ਦੀ ਲੋੜ: ਰਮੇਸ਼
ਨਵੀਂ ਦਿੱਲੀ:
ਸਾਬਕਾ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਨੇ ਕਿਹਾ ਹੈ ਕਿ ਹਾਲ ਦੇ ਦਹਾਕਿਆਂ ’ਚ ਭਾਰਤ ਦੇ ਮੌਸਮ ਵਿਭਾਗ ਦੀਆਂ ਗਿਣਾਤਮਕ ਸਮਰੱਥਾਵਾਂ ’ਚ ਵਾਧਾ ਹੋਇਆ ਹੈ ਤੇ ਇਸ ਦੇ ਸੰਸਥਾਗਤ ਢਾਂਚੇ ’ਚ ਵੱਡੇ ਬਦਲਾਅ ਦੀ ਲੋੜ ਹੈ। ਮੌਸਮ ਵਿਭਾਗ ਵੱਲੋਂ ਅੱਜ ਆਪਣੀ 150ਵੀਂ ਵਰ੍ਹੇਗੰਢ ਮਨਾਈ ਗਈ, ਜਿਸ ਦੌਰਾਨ ਸ੍ਰੀ ਰਮੇਸ਼ ਨੇ ਕਿਹਾ ਕਿ ਵਿਭਾਗ ਦਾ ਮਹਾਨ ਇਤਿਹਾਸ ਰਿਹਾ ਹੈ। ਉਨ੍ਹਾਂ ਐਕਸ ’ਤੇ ਲਿਖਿਆ,‘ਜਲਵਾਯੂ ਤਬਦੀਲੀ ਦਾ ਮੌਨਸੂਨ ’ਤੇ ਕਾਫ਼ੀ ਪ੍ਰਭਾਵ ਪਿਆ ਹੈ ਜੋ ਮੌਜੂਦਾ ਤੇ ਭਵਿੱਖ ’ਚ ਵੀ ਮੁਲਕ ਦੇ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਰਹੇਗਾ।’ -ਪੀਟੀਆਈ
ਫਲੈਸ਼ ਗਾਈਡੈਂਸ ਸਿਸਟਮ ਦੀ ਸ਼ਲਾਘਾ ਕੀਤੀ
ਉਨ੍ਹਾਂ ਕਿਹਾ,‘ਅੱਜ ਸਾਡਾ ਫਲੈਸ਼ ਗਾਈਡੈਂਸ ਸਿਸਟਮ ਨੇਪਾਲ, ਭੂਟਾਨ, ਬੰਗਲਾਦੇਸ਼ ਤੇ ਸ੍ਰੀਲੰਕਾ ਸਮੇਤ ਹੋਰ ਗੁਆਂਢੀ ਮੁਲਕਾਂ ਨੂੰ ਅਹਿਮ ਜਾਣਕਾਰੀ ਮੁਹੱਈਆ ਕਰਦਾ ਹੈ। ਪ੍ਰਧਾਨ ਮੰਤਰੀ ਨੇ ਭਵਿੱਖ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ, ਜਿਸ ਵਿੱਚ ਕੁਦਰਤੀ ਆਫ਼ਤਾਂ ਜਿਵੇਂ ਭੂਚਾਲ ਲਈ ਚਿਤਾਵਨੀ ਪ੍ਰਣਾਲੀ ਤਿਆਰ ਕਰਨਾ ਵੀ ਸ਼ਾਮਲ ਹੈ। -ਪੀਟੀਆਈ